Breaking News
Home / ਪੰਜਾਬ / ਪੰਜਾਬ ‘ਚ ਭਾਜਪਾ ਆਗੂ ਵੀ ਕਰਨ ਲੱਗੇ ਕਿਸਾਨ ਅੰਦੋਲਨ ਦੀ ਹਮਾਇਤ

ਪੰਜਾਬ ‘ਚ ਭਾਜਪਾ ਆਗੂ ਵੀ ਕਰਨ ਲੱਗੇ ਕਿਸਾਨ ਅੰਦੋਲਨ ਦੀ ਹਮਾਇਤ

ਨਗਰ ਨਿਗਮ ਚੋਣਾਂ ਤੋਂ ਪਹਿਲਾਂ ਭਾਜਪਾ ਲਈ ਨਮੋਸ਼ੀ
ਕੋਟਕਪੂਰਾ/ਬਿਊਰੋ ਨਿਊਜ਼ : ਪੰਜਾਬ ‘ਚ ਹੋਣ ਜਾ ਰਹੀਆਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕੇਂਦਰੀ ਸੱਤਾ ‘ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਨੂੰ ਜ਼ਿਲ੍ਹਾ ਫ਼ਰੀਦਕੋਟ ‘ਚ ਉਸ ਸਮੇਂ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ ਪਾਰਟੀ ਦੇ ਕਈ ਅਹੁਦੇਦਾਰਾਂ ਨੇ ਬਗ਼ਾਵਤ ਕਰਦਿਆਂ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਹਮਾਇਤ ਦਿੱਤੀ। ਉਨ੍ਹਾਂ ਆਖਿਆ ਕਿ ਉਹ ਤਨ, ਮਨ ਤੇ ਧਨ ਨਾਲ ਕਿਸਾਨਾਂ ਨੂੰ ਸਮਰਪਿਤ ਹਨ। ਬਗ਼ਾਵਤ ਕਰਨ ਵਾਲਿਆਂ ਵਿੱਚ ਭਾਜਪਾ ਦਾ ਉਹ ਆਗੂ ਵੀ ਸ਼ਾਮਲ ਹੈ, ਜਿਸ ਨੂੰ ਭਾਜਪਾ ਨੇ ਕੇਂਦਰੀ ਫਿਲਮ ਸੈਂਸਰ ਬੋਰਡ ਦਾ ਮੈਂਬਰ ਬਣਾਇਆ ਹੈ। ਭਾਜਪਾ ਓਬੀਸੀ ਵਿੰਗ ਦੇ ਸੂਬਾਈ ਪ੍ਰੈੱਸ ਸਕੱਤਰ ਜਸਵਿੰਦਰ ਭਲੂਰੀਆ, ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ, ਪੰਜਗਰਾਈਂ ਮੰਡਲ ਦੇ ਪ੍ਰਧਾਨ ਬਲਦੇਵ ਸਿੰਘ, ਐੱਸਸੀ ਮੋਰਚਾ ਪੰਜਗਰਾਈਂ ਦੇ ਮੰਡਲ ਐੱਸਸੀ ਮੋਰਚਾ ਦੇ ਪ੍ਰਧਾਨ ਕੇਵਲ ਸਿੰਘ, ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਗਿੱਲ, ਅੰਗਰੇਜ ਕੌਰ ਔਲਖ, ਛਿੰਦਰ ਸਿੰਘ ਔਲਖ, ਛਿੰਦਰਪਾਲ ਕੌਰ ਸਾਬਕਾ ਜ਼ਿਲ੍ਹਾ ਪ੍ਰਧਾਨ ਮਹਿਲਾ ਮੋਰਚਾ, ਜਸਪਾਲ ਸਿੰਘ ਪੰਜਗਰਾਈਂ (ਮੈਂਬਰ ਫਿਲਮ ਸੈਂਸਰ ਬੋਰਡ ਨਵੀਂ ਦਿੱਲੀ) ਤੇ ਜ਼ਿਲ੍ਹਾ ਮੀਤ ਪ੍ਰਧਾਨ ਐੱਸਸੀ ਫ਼ਰੀਦਕੋਟ ਹਾਕਮ ਸਿੰਘ ਮੌੜ ਨੇ ਸਾਂਝੇ ਤੌਰ ‘ਤੇ ਜਾਰੀ ਕੀਤੇ ਪੱਤਰ ਵਿੱਚ ਆਪਣੇ ਹਸਤਾਖ਼ਰ ਕੀਤੇ ਤੇ ਅੰਗੂਠੇ ਲਾਏ ਹਨ। ਪੱਤਰ ਵਿੱਚ ਇਨ੍ਹਾਂ ਆਗੂਆਂ ਨੇ ਕਿਹਾ ਹੈ ਕਿ ਪਿਛਲੇ ਦਿਨੀਂ ਹੋਈ ਪਾਰਟੀ ਦੀ ਮੀਟਿੰਗ ਵਿੱਚ ਉਹ ਸ਼ਾਮਲ ਨਹੀਂ ਹੋਏ, ਫਿਰ ਵੀ ਖ਼ਬਰਾਂ ‘ਚ ਉਨ੍ਹਾਂ ਦੇ ਨਾਂ ਸ਼ਾਮਲ ਕੀਤੇ ਗਏ। ਉਧਰ, ਭਾਜਪਾ ਦੀ ਸੂਬਾਈ ਸਕੱਤਰ ਸੁਨੀਤਾ ਰਾਣੀ ਗਰਗ ਨੇ ਮਾਮਲੇ ‘ਤੇ ਅਣਜਾਣਤਾ ਪ੍ਰਗਟਾਉਂਦਿਆਂ ਆਖਿਆ ਕਿ ਉਹ ਮਾਮਲੇ ਬਾਰੇ ਪੂਰੀ ਜਾਣਕਾਰੀ ਜੁਟਾਉਣ ਮਗਰੋਂ ਹੀ ਕੁਝ ਕਹਿਣਗੇ। ਦੱਸਣਯੋਗ ਹੈ ਕਿ ਪੰਜਾਬ ‘ਚ ਕਿਸਾਨੀ ਅੰਦਲੋਨ ਕਾਰਨ ਭਾਜਪਾ ਆਗੂਆਂ ਨੂੰ ਕਿਸਾਨਾਂ ਦੇ ਰੋਹ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਜਿਸ ਕਰਕੇ ਹੁਣ ਭਾਜਪਾ ਵਿੱਚ ਬਗ਼ਾਵਤੀ ਸੁਰ ਉੱਠਣੇ ਸ਼ੁਰੂ ਹੋ ਗਏ ਹਨ।

Check Also

ਪੰਜਾਬ ਦੇ ਬਜਟ ਇਜਲਾਸ ਦਾ ਅੱਜ ਦਾ ਦਿਨ ਹੰਗਾਮਿਆਂ ਭਰਪੂਰ ਰਿਹਾ

ਮੀਡੀਆ ਨਾਲ ਗੱਲਬਾਤ ਕਰਦਿਆਂ ਰੋ ਪਏ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ …