Breaking News
Home / ਪੰਜਾਬ / ਸਿੰਘੂ ਬਾਰਡਰ ਤੋਂ ਸ਼ਿਮਲਾ ਪਹੁੰਚੇ ਪੰਜਾਬ ਦੇ ਤਿੰਨ ਕਿਸਾਨਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਸਿੰਘੂ ਬਾਰਡਰ ਤੋਂ ਸ਼ਿਮਲਾ ਪਹੁੰਚੇ ਪੰਜਾਬ ਦੇ ਤਿੰਨ ਕਿਸਾਨਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਕਿਸਾਨ ਬੋਲੇ, ਸਾਡੇ ਨਾਲ ਹੋਇਆ ਮਾੜਾ ਸਲੂਕ
ਸ਼ਿਮਲਾ : ਸਿੰਘੂ ਬਾਰਡਰ ਤੋਂ ਸ਼ਿਮਲਾ ਪਹੁੰਚੇ ਪੰਜਾਬ ਦੇ ਤਿੰਨ ਕਿਸਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਇਨ੍ਹਾਂ ਤਿੰਨ ਕਿਸਾਨਾਂ ਨੂੰ ਸ਼ਿਮਲਾ ਦੇ ਇਤਿਹਾਸਕ ਰਿੱਜ ਤੋਂ ਹਿਰਾਸਤ ਵਿੱਚ ਲਿਆ ਗਿਆ। ਮੁਹਾਲੀ ਵਾਸੀ ਇਨ੍ਹਾਂ ਕਿਸਾਨਾਂ ਨੂੰ ਜਦੋਂ ਪੁਲਿਸ ਨੇ ਗ੍ਰਿਫਤਾਰ ਕੀਤਾ ਤਾਂ ਉਨ੍ਹਾਂ ਇਸਦਾ ਵਿਰੋਧ ਕੀਤਾ, ਜਿਸ ਕਾਰਨ ਮਾਹੌਲ ਤਲਖ਼ੀ ਭਰਿਆ ਹੋ ਗਿਆ। ਕਿਸਾਨਾਂ ਨੇ ਕਿਹਾ ਕਿ ਅਸੀਂ ਸਿਰਫ ਤਿੰਨ ਵਿਅਕਤੀ ਹਾਂ ਅਤੇ ਖੇਤੀ ਕਾਨੂੰਨਾਂ ਬਾਰੇ ਗੱਲ ਕਰ ਰਹੇ ਹਾਂ। ਅਸੀਂ ਕੋਈ ਨਾਅਰੇਬਾਜ਼ੀ ਵੀ ਨਹੀਂ ਕੀਤੀ। ਇਹ ਸਾਡੇ ਵਿਚਾਰਾਂ ਦੀ ਆਜ਼ਾਦੀ ਦੇ ਅਧਿਕਾਰ ਦੀ ਉਲੰਘਣਾ ਹੈ। ਸ਼ਿਮਲਾ ਦੇ ਐਸਪੀ ਮੋਹਿਤ ਚਾਵਲਾ ਨੇ ਕਿਹਾ ਕਿ ਰਿੱਜ ਅਤੇ ਮਾਲ ਰੋਡ ਮੁੱਖ ਖੇਤਰ ਹਨ, ਜਿਥੇ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਕਿਸੇ ਵੀ ਤਰ੍ਹਾਂ ਦੇ ਜਲੂਸ ਜਾਂ ਮੀਟਿੰਗ ਦੀ ਮਨਾਹੀ ਹੈ। ਇਸੇ ਦੌਰਾਨ ਕਿਸਾਨ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਸਾਰੇ ਰਾਜਾਂ ਦੀਆਂ ਰਾਜਧਾਨੀਆਂ ਵਿਚ ਜਾ ਰਹੇ ਹਾਂ ਤਾਂ ਜੋ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਬਾਰੇ ਜਾਗਰੂਕ ਕੀਤਾ ਜਾ ਸਕੇ ਪਰ ਇਥੇ ਪਹਿਲੀ ਵਾਰ ਸਾਡੇ ਨਾਲ ਮਾੜਾ ਸਲੂਕ ਹੋਇਆ ਹੈ।
ਜ਼ਿਕਰਯੋਗ ਹੈ ਕਿ ਸ਼ਿਮਲਾ ਪੁਲਿਸ ਨੇ ਇਨ੍ਹਾਂ ਕਿਸਾਨਾਂ ਦੀ ਖਿੱਚ-ਧੂਹ ਵੀ ਕੀਤੀ ਅਤੇ ਮਗਰੋਂ ਥਾਣਾ ਸਦਰ ਸ਼ਿਮਲਾ ਵਿਚ ਧਾਰਾ 107, 150 ਤਹਿਤ ਕਾਰਵਾਈ ਕਰ ਦਿੱਤੀ। ਇਨ੍ਹਾਂ ਕਿਸਾਨਾਂ ਨੇ ਪੁਲਿਸ ਨੂੰ ਸੁਆਲ ਵੀ ਕੀਤੇ ਕਿ ਇਹ ਸਿੱਧਾ ਬੋਲਣ ਦੀ ਆਜ਼ਾਦੀ ‘ਤੇ ਹਮਲਾ ਹੈ ਅਤੇ ਇਹ ਕਿਥੋਂ ਦਾ ਲੋਕ ਰਾਜ ਹੈ ਜਿੱਥੇ ਕਿਸਾਨਾਂ ਨੂੰ ਆਪਣੀ ਗੱਲ ਰੱਖਣ ‘ਤੇ ਹੀ ਹਿਰਾਸਤ ‘ਚ ਲਿਆ ਜਾ ਰਿਹਾ ਹੈ। ਪੁਲਿਸ ਨੇ ਇਨ੍ਹਾਂ ਕਿਸਾਨਾਂ ਨਾਲ ਬਹੁਤੀ ਗੱਲ ਨਹੀਂ ਕੀਤੀ ਅਤੇ ਇਨ੍ਹਾਂ ਨੂੰ ਖਿੱਚ-ਧੂਹ ਕੇ ਥਾਣੇ ਲੈ ਗਈ। ਇਨ੍ਹਾਂ ਕਿਸਾਨਾਂ ਨੇ ਰਸਤੇ ਵਿਚ ਹਾਲ ਦੁਹਾਈ ਵੀ ਪਾਈ ਅਤੇ ਪੁਲਿਸ ਤੋਂ ਆਪਣਾ ਕਸੂਰ ਵੀ ਪੁੱਛਿਆ। ਕਿਸਾਨ ਹਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਉਹ ਖੇਤੀ ਕਾਨੂੰਨਾਂ ਬਾਰੇ ਦੱਸਣ ਲਈ ਆਏ ਸਨ ਅਤੇ ਉਨ੍ਹਾਂ ਵੱਲੋਂ ਨਾ ਤਾਂ ਕੋਈ ਨਾਅਰਾ ਲਾਇਆ ਗਿਆ ਅਤੇ ਨਾ ਹੀ ਕੋਈ ਨਿਯਮ ਤੋੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸ਼ਿਮਲਾ ਪੁਲਿਸ ਦੀ ਧੱਕੇਸ਼ਾਹੀ ਹੈ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਦਾ ਕਹਿਣਾ ਸੀ ਕਿ ਇਹ ਬੋਲਣ ਦੀ ਆਜ਼ਾਦੀ ‘ਤੇ ਸਿੱਧਾ ਹੱਲਾ ਹੈ ਅਤੇ ਕੇਂਦਰ ਸਰਕਾਰ ਦੇ ਹਰ ਹੱਲੇ ਦਾ ਮੂੰਹ ਤੋੜਵਾਂ ਜੁਆਬ ਦਿੱਤਾ ਜਾਵੇਗਾ।
ਰਿੱਜ ਤੇ ਮਾਲ ਰੋਡ ਉਤੇ ਪ੍ਰਦਰਸ਼ਨ ਕਰਨ ਦੀ ਮਨਾਹੀ : ਪੁਲਿਸ
ਸ਼ਿਮਲਾ ਦੇ ਐੱਸਪੀ ਮੋਹਿਤ ਚਾਵਲਾ ਦਾ ਕਹਿਣਾ ਸੀ ਕਿ ਹਾਈਕੋਰਟ ਦੇ ਹੁਕਮਾਂ ਅਨੁਸਾਰ ਰਿੱਜ ਮੈਦਾਨ ਅਤੇ ਮਾਲ ਰੋਡ ‘ਤੇ ਪ੍ਰਦਰਸ਼ਨ ਅਤੇ ਮੀਟਿੰਗ ਕਰਨ ਦੀ ਮਨਾਹੀ ਹੈ ਅਤੇ ਇਨ੍ਹਾਂ ਤਿੰਨ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਕੋਈ ਪ੍ਰਵਾਨਗੀ ਨਹੀਂ ਲਈ ਹੋਈ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਿਸਾਨਾਂ ਖ਼ਿਲਾਫ਼ ਧਾਰਾ 107,150 ਤਹਿਤ ਕਾਰਵਾਈ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਗੁਪਤ ਸੂਚਨਾ ਮਿਲਣ ਮਗਰੋਂ ਇਹ ਕਾਰਵਾਈ ਕੀਤੀ ਗਈ ਹੈ ਅਤੇ ਇੱਕ ਹੋਰ ਗੁਪਤ ਰਿਪੋਰਟ ਦੇ ਮੱਦੇਨਜ਼ਰ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾਵੇਗੀ।
ਕਿਸਾਨ ‘ਮਈ 2024’ ਤੱਕ ਸੰਘਰਸ਼ ਲਈ ਤਿਆਰ : ਟਿਕੈਤ
ਨਾਗਪੁਰ : ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਬਰੂਹਾਂ ‘ਤੇ ਡੇਰੇ ਲਾਈ ਬੈਠੇ ਕਿਸਾਨ ਆਪਣੇ ਇਸ ਅੰਦੋਲਨ ਨੂੰ ‘ਮਈ 2024 ਤੱਕ’ ਮਘਾਈ ਰੱਖਣ ਲਈ ਤਿਆਰ ਬਰ ਤਿਆਰ ਹਨ। ਟਿਕੈਤ ਨੇ ਕਿਸਾਨਾਂ ਦੇ ਇਸ ਅੰਦੋਲਨ ਨੂੰ ‘ਵਿਚਾਰਧਾਰਕ ਇਨਕਲਾਬ’ ਕਰਾਰ ਦਿੱਤਾ ਹੈ। ਐੱਨਆਈਏ ਦੇ ਨੋਟਿਸਾਂ ਦੇ ਹਵਾਲੇ ਨਾਲ ਟਿਕੈਤ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨ ਦੇ ਚਾਹਵਾਨਾਂ ਨੂੰ ਜੇਲ੍ਹ, ਜਾਇਦਾਦ ਜ਼ਬਤ ਕਰਨ ਤੇ ਕੋਰਟ ਕੇਸਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇਸ ਲਈ ਤਿਆਰ ਰਹਿਣ। ਜ਼ਿਕਰਯੋਗ ਹੈ ਕਿ ਦੇਸ਼ ‘ਚ ਅਗਲੀਆਂ ਆਮ ਚੋਣਾਂ ਅਪਰੈਲ-ਮਈ 2024 ‘ਚ ਹੋਣੀਆਂ ਹਨ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਆਖਿਆ ਕਿ ਕਿਸਾਨ ਵੱਲੋਂ 26 ਜਨਵਰੀ ਨੂੰ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਲਈ ਦ੍ਰਿੜ੍ਹ ਹਨ ਅਤੇ ਇਹ ਹਰ ਹਾਲਤ ਵਿਚ ਕੀਤੀ ਜਾਵੇਗੀ ਜੋ ਕਿ ਪੂਰਨ ਤੌਰ ‘ਤੇ ਸ਼ਾਂਤ ਮਈ ਹੋਵੇਗੀ।

Check Also

ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ

ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …