ਕਿਹਾ, ਬਿਜਲੀ ਦਰਾਂ ’ਚ 3 ਰੁਪਏ ਪ੍ਰਤੀ ਯੂਨਿਟ ਕਟੌਤੀ ਦਾ ਐਲਾਨ ਸਿਰਫ ਇਕ ਲੌਲੀਪੌਪ
ਲੁਧਿਆਣਾ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਲੁਧਿਆਣਾ ਵਿਚ ਪ੍ਰੈੱਸ ਕਾਨਫਰੰਸ ਕੀਤੀ ਹੈ। ਇਸ ਮੌਕੇ ਉਨ੍ਹਾਂ ਪੰਜਾਬ ਦੀ ਚਰਨਜੀਤ ਸਿੰਘ ਚੰਨੀ ਸਰਕਾਰ ’ਤੇ ਸਵਾਲ ਚੁੱਕੇ। ਸੁਖਬੀਰ ਨੇ ਮੁੱਖ ਮੰਤਰੀ ਚੰਨੀ ਵਲੋਂ ਬਿਜਲੀ ਦਰਾਂ ’ਚ 3 ਰੁਪਏ ਪ੍ਰਤੀ ਯੂਨਿਟ ਕਟੌਤੀ ਦੇ ਐਲਾਨ ਨੂੰ ਇਕ ਲੌਲੀਪੌਪ ਕਰਾਰ ਦਿੱਤਾ ਹੈ। ਸੁਖਬੀਰ ਨੇ ਚੰਨੀ ਅਤੇ ਸਿੱਧੂ ਦੀ ਕੇਦਾਰ ਨਾਥ ਯਾਤਰਾ ’ਤੇ ਵੀ ਤਨਜ਼ ਕਸੇ। ਸੁਖਬੀਰ ਨੇ ਕਿਹਾ ਕਿ ਚੰਨੀ ਅਤੇ ਸਿੱਧੂ ਨੂੰ ਕੇਦਾਰ ਨਾਥ ਇਸ ਲਈ ਲਿਜਾਇਆ ਗਿਆ ਕਿ ਉਨ੍ਹਾਂ ਨੂੰ ਉਥੇ ਸਹੁ ਖਿਲਾਈ ਜਾਵੇ ਕਿ ਉਹ ਹੁਣ ਨਹੀਂ ਲੜਨਗੇ। ਸੁਖਬੀਰ ਨੇ ਕਿਹਾ ਕਿ ਨਵਜੋਤ ਸਿੱਧੂ ਆਪਣੀ ਹੀ ਕਾਂਗਰਸ ਪਾਰਟੀ ਵਲੋਂ ਕੀਤੇ ਗਏ ਵਾਅਦਿਆਂ ਅਤੇ ਐਲਾਨਾਂ ਨੂੰ ਚੁਣਾਵੀ ਜੁਮਲੇ ਦੱਸ ਰਹੇ ਹਨ। ਪੰਜਾਬ ਸਰਕਾਰ ਵਲੋਂ ਬੁਲਾਏ ਗਏ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸਦੀ ਕੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਬੀਐਸਐਫ ਦੇ ਮੁੱਦੇ ’ਤੇ ਕੈਬਨਿਟ ਨੂੰ ਫੈਸਲਾ ਲੈਣਾ ਚਾਹੀਦਾ ਹੈ ਕਿ ਪੰਜਾਬ ਪੁਲਿਸ ਬੀਐਸਐਫ ਨੂੰ 50 ਕਿਲੋਮੀਟਰ ਦੇ ਘੇਰੇ ਵਿਚ ਕੋਈ ਕਾਰਵਾਈ ਨਹੀਂ ਕਰਨ ਦੇਵੇਗੀ।