Breaking News
Home / ਪੰਜਾਬ / ਡੇਰਾ ਬਿਆਸ ਵਿਖੇ ਬਾਦਲ ਵੱਲੋਂ ਦੇਸ਼ ਦੇ ਸਭ ਤੋਂ ਵੱਡੇ ਸੂਰਜੀ ਊਰਜਾ ਪਲਾਂਟ ਦਾ ਉਦਘਾਟਨ

ਡੇਰਾ ਬਿਆਸ ਵਿਖੇ ਬਾਦਲ ਵੱਲੋਂ ਦੇਸ਼ ਦੇ ਸਭ ਤੋਂ ਵੱਡੇ ਸੂਰਜੀ ਊਰਜਾ ਪਲਾਂਟ ਦਾ ਉਦਘਾਟਨ

Radha-Swami-17516amritsar-vishal4 copy copy19.5 ਮੈਗਾਵਾਟ ਸਮਰੱਥਾ ਵਾਲੇ ਸੌਰ ਊਰਜਾ ਪਲਾਂਟ ਉੱਤੇ ਆਈ ਹੈ 139 ਕਰੋੜ ਰੁਪਏ ਦੀ ਲਾਗਤ
ਅੰਮ੍ਰਿਤਸਰ/ਬਿਊਰੋ ਨਿਊਜ਼
ਪੰਜਾਬ ਸਰਕਾਰ ਵੱਲੋਂ ਗ਼ੈਰ ਰਵਾਇਤੀ ਸਾਧਨਾਂ ਤੋਂ ਊਰਜਾ ਪੈਦਾ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਇੱਥੇ ਡੇਰਾ ਬਾਬਾ ਜੈਮੱਲ ਸਿੰਘ ਬਿਆਸ ਵਿੱਚ 82 ਏਕੜ ਰਕਬੇ ਵਿੱਚ ਕਰੀਬ 139 ਕਰੋੜ ਰੁਪਏ ਦੀ ਲਾਗਤ ਵਾਲੇ 19.5 ਮੈਗਾਵਾਟ ਸੂਰਜੀ ਊਰਜਾ ਪਲਾਂਟ ਦਾ ਉਦਘਾਟਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ। ਇਸ ਦੌਰਾਨ ਦਾਅਵਾ ਕੀਤਾ ਗਿਆ ਹੈ ਕਿ ਇਹ ਦੇਸ਼ ਦਾ ਸਭ ਤੋਂ ਵੱਡਾ ਸੂਰਜੀ ਊਰਜਾ ਪਲਾਂਟ ਹੈ, ਜਿਸ ਤਹਿਤ ਇੱਕ ਛੱਤ ‘ਤੇ 11.5 ਮੈਗਾਵਾਟ ਦੀ ਸਮਰੱਥਾ ਵਾਲਾ ਸੂਰਜੀ ਊਰਜਾ ਪਲਾਂਟ ਲਾਇਆ ਗਿਆ ਹੈ। ਇਹ ਛੱਤ ਲਗਪਗ 40 ਏਕੜ ਰਕਬੇ ਵਿੱਚ ਤਿਆਰ ਕੀਤੀ ਹੋਈ ਹੈ, ਜਦੋਂਕਿ ਇਹ ਸਮੁੱਚਾ ਪਲਾਂਟ 82 ਏਕੜ ਰਕਬੇ ਵਿੱਚ ਹੈ। ਇਹ ਪਲਾਂਟ ਪੰਜਾਬ ਊਰਜਾ ਵਿਕਾਸ ਏਜੰਸੀ ਅਤੇ ਰਾਧਾ ਸਵਾਮੀ ਸਤਿਸੰਗ ਬਿਆਸ ਐਜੂਕੇਸ਼ਨਲ ਅਤੇ ਐਨਵਾਇਰਮੈਂਟਲ ਸੁਸਾਇਟੀ ਵੱਲੋਂ ਬਣਾਇਆ ਗਿਆ ਹੈ।
ਸਮਾਗਮ ਦੌਰਾਨ ਮੁੱਖ ਮੰਤਰੀ ਨੇ ਨਾ ਤਾਂ ਸੰਬੋਧਨ ਕੀਤਾ ਅਤੇ ਨਾ ਹੀ ਪੱਤਰਕਾਰਾਂ ਨਾਲ ਕੋਈ ਗੱਲਬਾਤ ਕੀਤੀ। ਇਸ ਤੋਂ ਪਹਿਲਾਂ ਬਾਦਲ ਅਤੇ ਗ਼ੈਰ ਰਵਾਇਤੀ ਊਰਜਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਮੀਦ ਪ੍ਰਗਟਾਈ ਹੈ ਕਿ ਇਹ ਪ੍ਰਾਜੈਕਟ ਦੇਸ਼ ਵਿੱਚ ਹੋਰ ਵੱਡੀਆਂ ਇਮਾਰਤਾਂ ਦੀਆਂ ਛੱਤਾਂ ‘ਤੇ ਸੂਰਜੀ ਊਰਜਾ ਪਲਾਂਟ ਲਾਉਣ ਲਈ ਮਾਰਗ ਦਰਸ਼ਕ ਸਾਬਿਤ ਹੋਵੇਗਾ। ਉਨ੍ਹਾਂ ਆਖਿਆ ਕਿ ਸਰਕਾਰ ਸੂਬੇ ਨੂੰ ਸੂਰਜੀ ਊਰਜਾ ਉਤਪਾਦਕ ਦੇ ਖੇਤਰ ਵਿੱਚ ਮੋਹਰੀ ਬਣਾਉਣ ਲਈ ਯਤਨਸ਼ੀਲ ਹੈ। ਇਸ ਮੌਕੇ ਗ਼ੈਰ ਰਵਾਇਤੀ ਊਰਜਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਖਿਆ ਕਿ ਇਸ ਨਵੇਂ ਸੂਰਜੀ ਊਰਜਾ ਪਲਾਂਟ ਨਾਲ ਲਗਪਗ 8 ਹਜ਼ਾਰ ਘਰਾਂ ਨੂੰ ਬਿਜਲੀ ਮਿਲੇਗੀ। ਉਨ੍ਹਾਂ ਦਾਅਵਾ ਕੀਤਾ ਕਿ ਅਗਲੇ 25 ਸਾਲਾਂ ਦੌਰਾਨ ਇਸ ਖੇਤਰ ਵਿੱਚ 4 ਲੱਖ ਟਨ ਕਾਰਬਨ ਡਾਇਆਕਸਾਈਡ ਗੈਸ ਘਟੇਗੀ ਅਤੇ ਇਹ ਵਾਤਾਵਰਣ ਪੱਖੀ ਸਾਬਿਤ ਹੋਵੇਗਾ। ਇਸ ਪਲਾਂਟ ਨੂੰ ਡੇਰਾ ਬਿਆਸ ਵਿੱਚ ਬਣਾਉਣ ਦੇ ਉਦੇਸ਼ ਬਾਰੇ ਉਨ੍ਹਾਂ ਆਖਿਆ ਕਿ ਇੱਥੇ ਹਰ ਸਾਲ 50 ਲੱਖ ਤੋਂ ਵੱਧ ਲੋਕ ਆਉਂਦੇ ਹਨ, ਜੋ ਇਸ ਨਾਲ ਜਾਗਰੂਕ ਹੋਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਗ਼ੈਰ ਰਵਾਇਤੀ ਊਰਜਾ ਸਾਧਨਾਂ ਤੋਂ ਊਰਜਾ ਪੈਦਾ ਕਰਨ ਵੱਲ ਲਗਾਤਾਰ ਅੱਗੇ ਵੱਧ ਰਿਹਾ ਹੈ। 2012 ਵਿੱਚ ਪੰਜਾਬ ਵਿਚ ਗ਼ੈਰ ਰਵਾਇਤੀ ਊਰਜਾ ਸਾਧਨਾਂ ਤੋਂ ਸਿਰਫ਼ 9 ਮੈਗਾਵਾਟ ਊਰਜਾ ਉਤਪਾਦਨ ਹੁੰਦਾ ਸੀ, ਜੋ ਵਧ ਕੇ 470 ਮੈਗਾਵਾਟ ਹੋ ਗਿਆ ਹੈ ਅਤੇ ਇਸ ਸਾਲ ਦੇ ਅੰਤ ਤੱਕ ਇਹ 1080 ਮੈਗਾਵਾਟ ਹੋਣ ਦੀ ਉਮੀਦ ਹੈ। 2012 ਵਿੱਚ ਇਸ ਖੇਤਰ ਵਿਚ 82 ਕਰੋੜ ਰੁਪਏ ਦਾ ਨਿਵੇਸ਼ ਸੀ, ਜੋ ਹੁਣ ਵਧ ਕੇ ਅੱਠ ਹਜ਼ਾਰ ਕਰੋੜ ਰੁਪਏ ਹੋ ਗਿਆ ਹੈ। ਉਨ੍ਹਾਂ ਕਿਹਾ ਕਿ 2022 ਤੱਕ ਪੰਜਾਬ ਵਿਚ 2552 ਮੈਗਾਵਾਟ ਬਿਜਲੀ ਗ਼ੈਰ ਰਵਾਇਤੀ ਊਰਜਾ ਸਾਧਨਾਂ ਤੋਂ ਪੈਦਾ ਕੀਤੀ ਜਾਵੇਗੀ। ਇਸ ਮੌਕੇ ਮੁੱਖ ਸੰਸਦੀ ਸਕੱਤਰ ਮਨਜੀਤ ਸਿੰਘ ਮੀਆਂਵਿੰਡ, ਵਿਧਾਇਕ ਬਲਜੀਤ ਸਿੰਘ ਜਲਾਲਉਸਮਾਂ ਤੋਂ ਇਲਾਵਾ ਪੇਡਾ ਦੇ ਅਧਿਕਾਰੀ ਹਾਜ਼ਰ ਸਨ।

Check Also

ਪੰਜਾਬ ’ਚ ਜ਼ਿਮਨੀ ਚੋਣ ਜਿੱਤਣ ਵਾਲੇ ‘ਆਪ’ ਦੇ 3 ਵਿਧਾਇਕਾਂ ਨੇ ਸਹੁੰ ਚੁੱਕੀ

ਬਰਨਾਲਾ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਢਿੱਲੋਂ ਹਲਫ ਲੈਣ ਨਹੀਂ ਪਹੁੰਚੇ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੀਆਂ …