ਅੰਜਲੀ ਨੇ ਚਾਰਜ ਸੰਭਾਲਿਆ, ਘਰ ’ਚ ਜਸ਼ਨ ਦਾ ਮਾਹੌਲ
ਹੁਸ਼ਿਆਰਪੁਰ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਧੀ ਨੇ ਇਟਲੀ ’ਚ ਪੰਜਾਬ ਅਤੇ ਪਰਿਵਾਰ ਸਿਰ ਮਾਣ ਨਾਲ ਉਚਾ ਕਰ ਦਿੱਤਾ ਹੈ। ਹੁਸ਼ਿਆਰਪੁਰ ਦੇ ਨਿਊ ਸ਼ਾਸਤਰੀ ਨਗਰ ਇਲਾਕੇ ’ਚ ਰਹਿਣ ਵਾਲੀ ਅੰਜਲੀ ਇਟਲੀ ’ਚ ਏਅਰਪੋਰਟ ਚੈਕਿਗ ਅਫ਼ਸਰ ਬਣ ਗਈ ਹੈ ਅਤੇ ਉਸ ਨੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਅੰਜਲੀ ਦੀ ਇਸ ਪ੍ਰਾਪਤੀ ਤੋਂ ਬਾਅਦ ਉਸ ਦੇ ਘਰ ਅਤੇ ਪਿੰਡ ਵਿਚ ਜਸ਼ਨ ਦਾ ਮਾਹੌਲ ਹੈ ਅਤੇ ਇਟਲੀ ਤੋਂ ਪਰਤੀ ਅੰਜਲੀ ਦੀ ਮਾਂ ਵੱਲੋਂ ਪੂਰੇ ਪਿੰਡ ’ਚ ਮਠਿਆਈ ਵੰਡੀ ਗਈ। ਇਟਲੀ ਤੋਂ ਹੁਸ਼ਿਆਰਪੁਰ ਆਈ ਅੰਜਲੀ ਦੀ ਮਾਂ ਸੁਨੀਤਾ ਰਾਣੀ ਨੇ ਮੀਡੀਆ ਨਾਲ ਅੰਜਲੀ ਦੀ ਗੱਲਬਾਤ ਵੀ ਕਰਵਾਈ। ਇਸ ਦੌਰਾਨ ਅੰਜਲੀ ਨੇ ਦੱਸਿਆ ਕਿ ਜ਼ਿੰਦਗੀ ਦੀ ਅਸਲ ਉਡਾਣ ਫਿਲਹਾਲ ਬਾਕੀ ਹੈ ਅਤੇ ਜ਼ਿੰਦਗੀ ਦੇ ਕਈ ਇਮਤਿਹਾਨ ਵੀ ਬਾਕੀ ਹਨ। ਅੰਜਲੀ ਸ਼ਾਇਰਾਨਾ ਅੰਦਾਜ਼ ’ਚ ਅੱਗੇ ਕਿਹਾ ਕਿ ‘ਅਭੀ ਤੋ ਨਾਪੀ ਹੈ ਮੁੱਠੀ ਭਰ ਜ਼ਮੀਂ, ਅਭੀ ਤੋ ਸਾਰਾ ਆਸਾਮਾਨ ਬਾਕੀ ਹੈ’ ਯਾਨੀ ਇਸ ਤੋਂ ਵੀ ਵੱਡੇ ਅਹੁਦੇ ’ਤੇ ਪਹੁੰਚਣ ਦੀ ਇੱਛਾ ਅੰਜਲੀ ਦੇ ਦਿਲ ਵਿਚ ਹੈ। ਹੁਸ਼ਿਆਰਪੁਰ ਦੇ ਨਿਊ ਸ਼ਾਸਤਰੀ ਨਗਰ ਇਲਾਕੇ ’ਚ ਅੰਜਲੀ ਦੇ ਘਰ ਬੇਟੀ ਦੀ ਕਾਮਯਾਬੀ ਤੋਂ ਬਾਅਦ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ।