ਕਿਹਾ : ਕਿਸਾਨਾਂ ਦੀਆਂ ਮੰਗਾਂ ਛੇਤੀ ਮੰਨੇ ਕੇਂਦਰ ਸਰਕਾਰ
ਪਟਿਆਲਾ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਤਵਾਰ ਨੂੰ 76ਵੇਂ ਗਣਤੰਤਰ ਦਿਵਸ ਮੌਕੇ ਪਟਿਆਲਾ ’ਚ ਤਿਰੰਗਾ ਲਹਿਰਾਇਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਦੇਸ਼ ਦਾ ਅੰਨਦਾਤਾ ਹੈ ਪਰ ਅਫ਼ਸੋਸ ਉਸ ਨੂੰ ਆਪਣੇ ਮਸਲੇ ਹੱਲ ਕਰਵਾਉਣ ਲਈ ਭੁੱਖ ਹੜਤਾਲ ਕਰਨੀ ਪੈ ਰਹੀ ਹੈ ਤੇ ਹੁਣ ਤਾਂ ਮਰਨ ਵਰਤ ਵੀ ਰੱਖਣਾ ਪੈ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਸੱਦ ਕੇ ਗੱਲਬਾਤ ਕਰੇ ਤੇ ਉਨ੍ਹਾਂ ਦੀਆਂ ਮੰਗਾਂ ਨੂੰ ਮੰਨੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਖੇਤੀ ਲਈ ਅਹਿਮ ਟਰੈਕਟਰ ਦਾ ਮੂੰਹ ਦਿੱਲੀ ਦੀ ਬਜਾਏ ਖੇਤਾਂ ਵੱਲ ਹੀ ਰਹਿਣਾ ਚਾਹੀਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਰੂਰਲ ਡਿਵੈਲਪਮੈਂਟ ਫੰਡ ਤਹਿਤ ਪੰਜਾਬ ਦੇ ਕਰੀਬ 550 ਕਰੋੜ ਰੁਪਏ ਕੇਂਦਰ ਵੱਲੋਂ ਰੋਕੇ ਜਾਣ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਹ ਫੰਡ ਪੰਜਾਬ ਦਾ ਹੱਕ ਹੈ ਅਤੇ ਪੰਜਾਬ ਨੂੰ ਹੀ ਮਿਲਣਾ ਚਾਹੀਦਾ ਹੈ। ਪੰਜਾਬ ਨੂੰ ਆਪਣਾ ਹੱਕ ਲੈਣ ਲਈ ਅਦਾਲਤ ਜਾਣਾ ਪੈਂਦਾ ਹੈ ਜੋ ਕਿ ਠੀਕ ਨਹੀਂ ਪਰ ਪੰਜਾਬ ਆਪਣਾ ਹੱਕ ਕਦੇ ਵੀ ਨਹੀਂ ਛੱਡੇਗਾ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਤੱਤ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸਸ਼ਿ ਕਰ ਰਹੇ ਹਨ ਜਿਨ੍ਹਾਂ ਨੂੰ ਕਿਸੇ ਵੀ ਸੂਰਤ ’ਚ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਕੈਬਨਿਟ ਮੰਤਰੀਆਂ ਵੱਲੋਂ ਤਿਰੰਗਾ ਲਹਿਰਾਇਆ ਗਿਆ।
Check Also
ਸ੍ਰੀ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਹੋਈ ਸ਼ੁਰੂ
3 ਜੁਲਾਈ ਤੋਂ ਲੈ ਕੇ 9 ਅਗਸਤ ਤੱਕ ਚੱਲੇਗੀ ਅਮਰਨਾਥ ਯਾਤਰਾ ਸ੍ਰੀਨਗਰ/ਬਿਊਰੋ ਨਿਊਜ਼ : ਅਮਰਨਾਥ …