Breaking News
Home / ਪੰਜਾਬ / ਭਗਵੰਤ ਮਾਨ ਨੇ ਸ਼ਰਾਬ ਤੋਂ ਕੀਤੀ ਤੌਬਾ

ਭਗਵੰਤ ਮਾਨ ਨੇ ਸ਼ਰਾਬ ਤੋਂ ਕੀਤੀ ਤੌਬਾ

ਕਿਹਾ – ਮਾਂ ਦੇ ਕਹਿਣ ‘ਤੇ ਸ਼ਰਾਬ ਤੋਂ ਛੁਡਾਇਆ ਖਹਿੜਾ
ਬਰਨਾਲਾ/ਬਿਊਰੋ ਨਿਊਜ਼ : ਬਰਨਾਲਾ ‘ਚ ਰੈਲੀ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਮੈਂ ਪੰਜਾਬ ਖਾਤਰ ਸਦਾ ਲਈ ਸ਼ਰਾਬ ਦਾ ਫਾਹਾ ਵੱਢ ਦਿੱਤਾ ਹੈ। ਪਾਰਟੀ ਦੇ ਸੀਨੀਅਰ ਆਗੂਆਂ ਤੇ ਆਪਣੀ ਮਾਂ ਦੀ ਹਾਜ਼ਰੀ ਵਿਚ ਮੰਚ ਤੋਂ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਭਾਵੁਕ ਅੰਦਾਜ਼ ਵਿਚ ਕਿਹਾ, ‘ਮੈਂ ਬਾਦਲਾਂ, ਕਾਂਗਰਸੀਆਂ ਤੇ ਭਾਜਪਾ ਵਾਲਿਆਂ ਦੀਆਂ ਅੱਖਾਂ ‘ਚ ਰੜਕਦਾ ਹਾਂ। ਪੁਰਾਣੀਆਂ ਵੀਡੀਓ ਕੱਢ-ਕੱਢ ਮੈਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹਨ।’ ਭਗਵੰਤ ਨੇ ਮੰਨਿਆ ਕਿ ਕਲਾਕਾਰਾਂ ਦੀ ਦੁਨੀਆ ਵਿਚ ਸ਼ਰਾਬ ਵਗੈਰਾ ਚੱਲਦੀ ਰਹਿੰਦੀ ਸੀ, ਪਰ ਮੈਨੂੰ ਹੱਦੋਂ ਵੱਧ ਬਦਨਾਮ ਕੀਤਾ ਜਾਣ ਲੱਗਾ ਸੀ। ਮੇਰੀ ਮਾਂ ਨੇ ਮੇਰੀ ਬਦਨਾਮੀ ਦੇਖ ਕੇ ਕਿਹਾ, ‘ਵੇ ਪੁੱਤ ਪੰਜਾਬ ਖਾਤਰ ਜਿੱਥੇ ਸਭ ਕੁਝ ਛੱਡੀ ਫਿਰਦਾ ਹੈ, ਉਥੇ ਦਾਰੂ ਦਾ ਵੀ ਫਾਹਾ ਵੱਢ ਪਰ੍ਹਾਂ।’ ਉਨ੍ਹਾਂ ਕਿਹਾ ਕਿ ਮਾਂ ਦੇ ਇਨ੍ਹਾਂ ਸ਼ਬਦਾਂ ਮਗਰੋਂ ਮੈਂ ਇਰਾਦਾ ਪੱਕਾ ਕਰ ਲਿਆ ਕਿ ਦਾਰੂ ਦਾ ਸਦਾ ਲਈ ਫਾਹਾ ਵੱਢ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਪਰਤ ਆਏ ਤਾਂ ਉਸ ਨੂੰ ਭੁੱਲਿਆ ਨਹੀਂ ਕਹਿੰਦੇ, ਮੈਂ ਤਾਂ ਦੁਪਹਿਰੇ ਘਰ ਪਰਤ ਆਇਆਂ ਹਾਂ। ਉਧਰ ਦੂਜੇ ਪਾਸੇ ਪੰਜਾਬੀ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ‘ਆਪ’ ਦੀ ਬਠਿੰਡਾ ਰੈਲੀ ਨੂੰ ਭਗਵੰਤ ਮਾਨ ਦੀ ਸ਼ਰਾਬ ਛੁਡਾਊ ਰੈਲੀ ਦੱਸਿਆ।
ਜੇ ਪੀਤੀ ਤਾਂ ਆਪਣੀ ਜੇਬੋਂ ਪੀਤੀ : ਭਗਵੰਤ ਮਾਨ
ਸੰਗਰੂਰ : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਆਖਿਆ ਕਿ ਵਿਰੋਧੀਆਂ ਵੱਲੋਂ ਸ਼ਰਾਬ ਦੇ ਨਾਮ ‘ਤੇ ਉਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ, ਕਿਉਂਕਿ ਵੱਡੇ ਸਿਆਸੀ ਘਰਾਣਿਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਇੱਕ ਆਮ ਪਰਿਵਾਰ ਦਾ ਮੁੰਡਾ ਜਿੱਤ ਕੇ ਰਾਜਨੀਤੀ ਵਿੱਚ ਕਿਵੇਂ ਆ ਗਿਆ। ਉਨ੍ਹਾਂ ਕਿਹਾ ਕਿ ਉਸ ਨੇ ਵੱਡੇ ਸਿਆਸੀ ਘਰਾਣਿਆਂ ਵਾਂਗ ਪੰਜਾਬ ਦੇ ਲੋਕਾਂ ਦਾ ਖੂਨ ਨਹੀਂ ਪੀਤਾ। ਸਗੋਂ ਜੇ ਉਹ ਸ਼ਰਾਬ ਪੀਂਦਾ ਵੀ ਸੀ ਤਾਂ ਆਪਣੀ ਜੇਬੋਂ ਪੀਂਦਾ ਸੀ।
ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਉਸ ਨੂੰ ਬਦਨਾਮ ਕਰਨ ‘ਤੇ ਤੁਲੇ ਹੋਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਅਤੇ ਕਾਂਗਰਸੀ ਸ਼ੋਸ਼ਲ ਮੀਡੀਆ ‘ਤੇ ਜਾਅਲੀ ਆਈਡੀ ਜਾਂ ਗਰੁੱਪ ਬਣਾ ਕੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰ ਰਹੇ ਹਨ। ਮਾਨ ਨੇ ਸੁਖਬੀਰ ਬਾਦਲ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਧਮਕਾਉਣ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਬਾਦਲ ਭੁੱਲ ਗਏ ਹਨ ਕਿ ਅਕਾਲੀ ਸਰਕਾਰ ਵੇਲੇ ਕਿੰਨੇ ਝੂਠੇ ਕੇਸ ਦਰਜ ਹੋਏ ਸਨ। ਸੰਸਦ ਮੈਂਬਰ ਨੇ ਦੱਸਿਆ ਕਿ 16 ਫਰਵਰੀ ਨੂੰ ਮਾਲੇਰਕੋਟਲਾ ਵਿਖੇ ਖੇਤਰੀ ਪਾਸਪੋਰਟ ਦਫ਼ਤਰ ਖੁੱਲ੍ਹ ਜਾਵੇਗਾ, ਜਿਸ ਬਾਰੇ ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਪਾਸਪੋਰਟ ਦਫ਼ਤਰ ਵਾਸਤੇ ਥਾਂ ਦਾ ਵੀ ਪ੍ਰਬੰਧ ਕਰ ਲਿਆ ਗਿਆ ਹੈ। ਪਾਸਪੋਰਟ ਦਫ਼ਤਰ ਖੁੱਲ੍ਹਣ ਨਾਲ ਸੰਗਰੂਰ ਲੋਕ ਸਭਾ ਹਲਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।

ਹਮ ਖਿਆਲੀ ਪਾਰਟੀਆਂ ਨਾਲ ਗਠਜੋੜ ਕਰੇਗੀ ‘ਆਪ’
ਚੰਡੀਗੜ੍ਹ : ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਕੋਰ ਕਮੇਟੀ ਨੂੰ ਲੋਕ ਸਭਾ ਚੋਣਾਂ ਲਈ ਸੂਬੇ ਵਿਚ ਹਮਖਿਆਲੀ ਪਾਰਟੀਆਂ ਨਾਲ ਗੱਠਜੋੜ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ‘ਆਪ’ ਲੀਡਰਸ਼ਿਪ ਵੱਲੋਂ ਬਹੁਜਨ ਸਮਾਜ ਪਾਰਟੀ ਨਾਲ ਤਾਲਮੇਲ ਕਰਨ ਦੀ ਜਾਣਕਾਰੀ ਮਿਲੀ ਹੈ ਅਤੇ ਅਗਲੇ ਦਿਨਾਂ ਵਿਚ ਕਈ ਨਵੇਂ ਸਿਆਸੀ ਸਮੀਕਰਨ ਸਾਹਮਣੇ ਆ ਸਕਦੇ ਹਨ। ਜ਼ਿਕਰਯੋਗ ਹੈ ਕਿ ਬਰਨਾਲਾ ਰੈਲੀ ਦੌਰਾਨ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਪੰਜਾਬ ਵਿਚ ‘ਆਪ’ ਸਾਰੀਆਂ 13 ਸੀਟਾਂ ‘ਤੇ ਆਪਣੇ ਪੱਧਰ ‘ਤੇ ਚੋਣ ਲੜੇਗੀ ਅਤੇ ਕਿਸੇ ਤਰ੍ਹਾਂ ਦਾ ਗੱਠਜੋੜ ਨਹੀਂ ਕੀਤਾ ਜਾਵੇਗਾ। ਸੂਤਰਾਂ ਅਨੁਸਾਰ ਰੈਲੀ ਮਗਰੋਂ ਕੇਜਰੀਵਾਲ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੂਬੇ ਦੀ ਕੋਰ ਕਮੇਟੀ ਨਾਲ ਮੀਟਿੰਗ ਕੀਤੀ ਸੀ। ਬੈਠਕ ਵਿਚ ਕੁਝ ਆਗੂਆਂ ਨੇ ਹਮਖਿਆਲੀ ਪਾਰਟੀਆਂ ਨਾਲ ਚੋਣ ਗੱਠਜੋੜ ਨੂੰ ਸਮੇਂ ਦੀ ਮੰਗ ਦੱਸਿਆ ਸੀ। ਸੂਤਰਾਂ ਅਨੁਸਾਰ ਇਸ ਤੋਂ ਬਾਅਦ ਕੇਜਰੀਵਾਲ ਨੇ ਪੰਜਾਬ ਦੀ ਲੀਡਰਸ਼ਿਪ ਨੂੰ ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਸੁਖਪਾਲ ਖਹਿਰਾ ਦੀ ਪੰਜਾਬੀ ਏਕਤਾ ਪਾਰਟੀ ਨੂੰ ਛੱਡ ਕੇ ਹੋਰ ਹਮਖਿਆਲੀ ਪਾਰਟੀਆਂ ਨਾਲ ਆਪਣੇ ਪੱਧਰ ‘ਤੇ ਗੱਠਜੋੜ ਕਰਨ ਦੀ ਹਰੀ ਝੰਡੀ ਦੇ ਦਿੱਤੀ ਹੈ। ਕੋਰ ਕਮੇਟੀ ਦੀ ਮੀਟਿੰਗ ਵਿਚ ਖਹਿਰਾ ਤੋਂ ਦੂਰੀਆਂ ਬਣਾ ਚੁੱਕੇ ਬਾਗ਼ੀ ਵਿਧਾਇਕਾਂ ਬਾਰੇ ਵੀ ਚਰਚਾ ਹੋਈ ਅਤੇ ‘ਆਪ’ ਸੁਪਰੀਮੋ ਨੇ ਉਨ੍ਹਾਂ ਨੂੰ ਪਾਰਟੀ ਨਾਲ ਜੋੜਨ ਲਈ ਸੀਨੀਅਰ ਆਗੂਆਂ ਨੂੰ ਕਿਹਾ ਹੈ। ਜਾਣਕਾਰੀ ਅਨੁਸਾਰ ਪੰਜਾਬ ਇਕਾਈ ਦੀ ਪ੍ਰਧਾਨਗੀ ਦੇ ਖਾਲੀ ਪਏ ਅਹੁਦੇ ਨੂੰ ਵੀ ਆਉਂਦੇ ਦਿਨਾਂ ਵਿਚ ਭਰਿਆ ਜਾ ਸਕਦਾ ਹੈ। ਸੂਤਰਾਂ ਅਨੁਸਾਰ ਸੂਬੇ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਪ੍ਰਧਾਨ ਦੇ ਨਾਮ ‘ਤੇ ਮੋਹਰ ਲਗਾ ਕੇ ਅੰਤਿਮ ਪ੍ਰਵਾਨਗੀ ਲਈ ਹਾਈਕਮਾਂਡ ਕੋਲ ਭੇਜਿਆ ਜਾਵੇਗਾ।
ਸੂਤਰਾਂ ਅਨੁਸਾਰ ਭਗਵੰਤ ਮਾਨ ਦੇ ਮੁੜ ਤੋਂ ਪ੍ਰਧਾਨ ਬਣਨ ਦੇ ਆਸਾਰ ਹਨ ਕਿਉਂਕਿ ਕੇਜਰੀਵਾਲ ਨੇ ਰੈਲੀ ਦੌਰਾਨ ਉਨ੍ਹਾਂ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹੇ ਸਨ। ਜਾਣਕਾਰੀ ਅਨੁਸਾਰ ਕੋਰ ਕਮੇਟੀ ਦੀ ਮੀਟਿੰਗ ਵਿਚ ਪੰਜਾਬ ਦੀ ਲੀਡਰਸ਼ਿਪ ਨੂੰ ਲੋਕ ਸਭਾ ਚੋਣਾਂ ਲਈ ਘੱਟੋ-ਘੱਟ 4 ਹੋਰ ਉਮੀਦਵਾਰਾਂ ਦੇ ਨਾਵਾਂ ਨੂੰ ਵੀ ਜਲਦ ਅੰਤਿਮ ਰੂਪ ਦੇਣ ਲਈ ਕਿਹਾ ਗਿਆ ਹੈ।
ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਨੇ ਪੁਸ਼ਟੀ ਕੀਤੀ ਕਿ ਉਹ ਜਲਦੀ ਹੋਰ ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਰੁਪ ਦੇਣਗੇ। ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਕੋਰ ਕਮੇਟੀ ਦੀ ਮੀਟਿੰਗ 25 ਜਨਵਰੀ ਨੂੰ ਸੱਦੀ ਗਈ ਹੈ, ਜਿਸ ਵਿਚ ਪੰਜਾਬ ਇਕਾਈ ਦੇ ਪ੍ਰਧਾਨ ਬਾਰੇ ਫ਼ੈਸਲਾ ਲੈਣ ਦੀ ਸੰਭਾਵਨਾ ਹੈ।

Check Also

ਪੰਜਾਬ ਭਾਜਪਾ ਦੇ ਵਫਦ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਦੇ ਚੋਣ ਕਮਿਸ਼ਨ ਨੂੰ ਦਿੱਤਾ ਮੰਗ ਪੱਤਰ

ਚੋਣ ਕਮਿਸ਼ਨ ਨੇ ਡੀ.ਜੀ.ਪੀ. ਪੰਜਾਬ ਤੋਂ ਮੰਗਿਆ ਜਵਾਬ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ …