ਕੁਲਤਾਰ ਸਿੰਘ ਸੰਧਵਾਂ ਨੇ ਵੀ ਅਮਰੀਕੀ ਸਰਕਾਰ ਦੇ ਫੈਸਲੇ ਨੂੰ ਦੱਸਿਆ ਮੰਦਭਾਗਾ
ਚੰਡੀਗੜ੍ਹ/ਬਿਊਰੋ ਨਿਊਜ਼
ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਮਰੀਕੀ ਰੱਖਿਆ ਬਲਾਂ ਵਿਚ ਸਿੱਖਾਂ ਨੂੰ ਦਾੜ੍ਹੀ ਰੱਖਣ ਤੋਂ ਰੋਕਣ ਦਾ ਮਾਮਲਾ ਕੇਂਦਰੀ ਵਿਦੇਸ਼ ਮੰਤਰਾਲੇ ਕੋਲ ਉਠਾਇਆ ਹੈ। ਐਸਜੀਪੀਸੀ ਵਲੋਂ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਲਿਖੇ ਪੱਤਰ ਵਿਚ ਕਿਹਾ ਗਿਆ ਹੈ ਕਿ ਅਮਰੀਕੀ ਸਰਕਾਰ ਦੇ ਫੈਸਲੇ ਨਾਲ ਸਿੱਖਾਂ ਦੀਆਂ ਧਾਰਮਿਕ ਮਾਨਤਾਵਾਂ ਨੂੰ ਸੱਟ ਵੱਜੀ ਹੈ। ਧਾਮੀ ਨੇ ਕਿਹਾ ਕਿ ਇਸ ਫੈਸਲੇ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ। ਇਸੇ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਅਮਰੀਕੀ ਸਰਕਾਰ ਵਲੋਂ ਅਮਰੀਕੀ ਫੌਜ ਵਿਚ ਸਿੱਖ ਸੈਨਿਕਾਂ ਲਈ ਦਾੜ੍ਹੀ ਰੱਖਣ ’ਤੇ ਪਾਬੰਦੀ ਲਗਾਉਣ ਦਾ ਫੈਸਲਾ ਬਹੁਤ ਹੀ ਨਿੰਦਣਯੋਗ ਅਤੇ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਸਰਕਾਰ ਦੀ ਇਹ ਕਾਰਵਾਈ ਸਾਰਾਗੜ੍ਹੀ ਅਤੇ ਵਿਸ਼ਵ ਯੁੱਧ ਵਿਚ ਲੜਨ ਵਾਲੇ ਸਿੱਖ ਸੈਨਿਕਾਂ ਦਾ ਵੀ ਘੋਰ ਅਪਮਾਨ ਹੈ। ਸੰਧਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਤੁਰੰਤ ਇਸ ਮੁੱਦੇ ਨੂੰ ਅਮਰੀਕੀ ਸਰਕਾਰ ਕੋਲ ਉਠਾਉਣਾ ਚਾਹੀਦਾ ਹੈ ਅਤੇ ਇਸ ਫੈਸਲੇ ਨੂੰ ਬਦਲਣ ਲਈ ਕੂਟਨੀਤਕ ਦਬਾਅ ਪਾਉਣਾ ਚਾਹੀਦਾ ਹੈ।