ਟਰੌਮਾ ਸੈਂਟਰ ਦੇ ਆਈ.ਸੀ.ਯੂ. ’ਚ ਹੋਇਆ ਹਾਦਸਾ
ਜੈਪੁਰ/ਬਿਊਰੋ ਨਿਊਜ਼
ਜੈਪੁਰ ਦੇ ਸਵਾਈ ਮਾਨ ਸਿੰਘ (ਐਸ.ਐਮ.ਐਸ.) ਹਸਪਤਾਲ ਵਿਚ ਲੰਘੀ ਦੇਰ ਰਾਤੀਂ ਟਰੌਮਾ ਸੈਂਟਰ ਦੀ ਦੂਜੀ ਮੰਜ਼ਿਲ ਵਿਚ ਅੱਗ ਲੱਗਣ ਕਾਰਨ 8 ਮਰੀਜ਼ਾਂ ਦੀ ਮੌਤ ਹੋ ਗਈ ਹੈ। ਟਰੌਮਾ ਸੈਂਟਰ ਦੇ ਇੰਚਾਰਜ ਡਾ. ਅਨੁਰਾਗ ਧਾਕੜ ਨੇ ਕਿਹਾ ਹੈ ਕਿ ਸਟੋਰੇਜ ਏਰੀਆ ਵਿਚ ਅੱਗ ਲੱਗਣ ਮੌਕੇ ਨਿਊਰੋ ਆਈ.ਸੀ.ਯੂ. ਵਿਚ 11 ਮਰੀਜ਼ ਜ਼ੇਰੇ ਇਲਾਜ ਸਨ। ਧਾਕੜ ਨੇ ਕਿਹਾ ਕਿ ਮੁੱਢਲੀ ਜਾਂਚ ਮੁਤਾਬਕ ਅੱਗ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਇਸਦੇ ਚੱਲਦਿਆਂ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਇਸ ਘਟਨਾ ਦੀ ਜਾਂਚ ਦੇ ਨਿਰਦੇਸ਼ ਦੇ ਦਿੱਤੇ ਹਨ। ਪੀੜਤਾਂ ਦੇ ਪਰਿਵਾਰਾਂ ਨੇ ਹਸਪਤਾਲ ਪ੍ਰਸ਼ਾਸਨ ’ਤੇ ਲਾਪਰਵਾਹੀ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਹਸਪਤਾਲ ਕੋਲ ਅੱਗ ਬੁਝਾਉਣ ਅਤੇ ਮਰੀਜ਼ਾਂ ਨੂੰ ਬਚਾਉਣ ਵਾਲੇ ਸਾਧਨਾਂ ਦੀ ਘਾਟ ਸੀ। ਪੀੜਤ ਪਰਿਵਾਰਾਂ ਨੇ ਇਹ ਵੀ ਕਿਹਾ ਕਿ ਜਦੋਂ ਧੂੰਆਂ ਵਧ ਗਿਆ ਤਾਂ ਹਸਪਤਾਲ ਦਾ ਸਟਾਫ ਆਪ ਮੌਕੇ ਤੋਂ ਭੱਜ ਗਿਆ।