ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੋਣ ਕਹਿ ਕੇ ਪੱਲਾ ਝਾੜਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰ ਨੇ ਬ੍ਰਿਟੇਨ ਤੋਂ ਕੋਹਿਨੂਰ ਹੀਰਾ ਵਾਪਸ ਲਿਆਉਣ ਬਾਰੇ ਭਾਰਤ ਦੇ ਯਤਨਾਂ ਦੀ ਜਾਣਕਾਰੀ ਇਹ ਕਹਿ ਕੇ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿ ਹੁਣ ਮਾਮਲਾ ਅਦਾਲਤ ਦੇ ਵਿਚਾਰਅਧੀਨ ਹੈ। ਭਾਰਤੀ ਪੁਰਾਤੱਤਵ ਸਰਵੇਖਣ ਨੇ ਕਿਹਾ, ‘ਲੰਡਨ ਤੋਂ ਕੋਹਿਨੂਰ ਵਾਪਸ ਲਿਆਉਣ ਸਬੰਧੀ ਭਾਰਤ ਦੀ ਸੁਪਰੀਮ ਕੋਰਟ ਵਿੱਚ ਇਕ ਅਰਜ਼ੀ ਦਾਖ਼ਲ ਕੀਤੀ ਗਈ ਹੈ। ਹੁਣ ਇਹ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ। ਇਸ ਲਈ ਕੋਈ ਸੂਚਨਾ ਨਹੀਂ ਦਿੱਤੀ ਜਾ ਸਕਦੀ।’
ਵਿਦੇਸ਼ ਮੰਤਰਾਲੇ ਵਿੱਚ ਇਕ ਅਰਜ਼ੀ ਦਾਇਰ ਕਰਕੇ ਕੋਹਿਨੂਰ ਹੀਰਾ ਵਾਪਸ ਲਿਆਉਣ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਮੰਗੀ ਗਈ ਸੀ। ਇਸ ਅਰਜ਼ੀ ਵਿੱਚ ਇੰਗਲੈਂਡ ਨੂੰ ਲਿਖੇ ਗਏ ਪੱਤਰਾਂ ਅਤੇ ਮਿਲੇ ਜਵਾਬ ਦੀਆਂ ਕਾਪੀਆਂ ਵੀ ਮੰਗੀਆਂ ਸਨ। ਅਰਜ਼ੀ ਅੱਗੇ ਸੱਭਿਆਚਾਰ ਮੰਤਰਾਲੇ ਨੂੰ ਭੇਜ ਦਿੱਤੀ ਗਈ ਸੀ।
ਕੋਹਿਨੂਰ ਵਾਪਸ ਲਿਆਉਣ ਦਾ ਮੁੱਦਾ ਪਿਛਲੇ ਕੁੱਝ ਦਿਨਾਂ ਤੋਂ ਸੁਰਖ਼ੀਆਂ ਵਿੱਚ ਹੈ। ਸੁਪਰੀਮ ਕੋਰਟ ਵਿੱਚ ਜਨਹਿੱਤ ਪਟੀਸ਼ਨ ਉਤੇ ਹੋ ਰਹੀ ਸੁਣਵਾਈ ਦੌਰਾਨ ਸਰਕਾਰ ਨੇ 18 ਅਪਰੈਲ ਨੂੰ ਕਿਹਾ ਸੀ ਕਿ 20 ਕਰੋੜ ਡਾਲਰ ਦੀ ਅੰਦਾਜ਼ਨ ਕੀਮਤ ਵਾਲੇ ਹੀਰੇ ਨੂੰ ਨਾ ਚੋਰੀ ਕੀਤਾ ਗਿਆ ਸੀ ਅਤੇ ਨਾ ਹੀ ‘ਜਬਰੀ’ ਲਿਆ ਸੀ। ਬਲਕਿ ਉਸ ਨੂੰ 167 ਸਾਲ ਪਹਿਲਾਂ ਪੰਜਾਬ ਦੇ ਤਤਕਾਲੀ ਸ਼ਾਸਕ ਈਸਟ ਇੰਡੀਆ ਕੰਪਨੀ ਨੂੰ ਤੋਹਫ਼ੇ ਵਿੱਚ ਦਿੱਤਾ ਗਿਆ ਸੀ। ਪਰ ਇਸ ਤੋਂ ਅਗਲੇ ਦਿਨ ਹੀ ਸਰਕਾਰ ਨੇ ਕਿਹਾ ਸੀ ਕਿ ਹੀਰੇ ਨੂੰ ਵਾਪਸ ਲਿਆਉਣ ਲਈ ਸਾਰੇ ਯਤਨ ਕੀਤੇ ਜਾਣਗੇ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …