
ਕੈਪਟਨ ਅਮਰਿੰਦਰ ਨੇ ਸੁਖਬੀਰ ਨੂੰ ਸੁਣਾਈਆਂ ਖਰੀਆਂ-ਖਰੀਆਂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਸਾਨੂੰ ਅਕਾਲੀਆਂ ਦੀ ਸਲਾਹ ਦੀ ਕੋਈ ਲੋੜ ਨਹੀਂ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਜੇਕਰ ਕੈਪਟਨ ਕਿਸਾਨਾਂ ਦੇ ਹਿਤੈਸ਼ੀ ਹਨ ਤਾਂ ਉਨ੍ਹਾਂ ਨੂੰ ਮਰਨ ਵਰਤ ‘ਤੇ ਬੈਠਣਾ ਚਾਹੀਦਾ ਹੈ। ਇਸ ਦਾ ਜਵਾਬ ਦਿੰਦਿਆਂ ਕੈਪਟਨ ਨੇ ਸੁਖਬੀਰ ਨੂੰ ਪੁੱਛਿਆ ਕਿ ਇਹ ਦੱਸੋਂ ਤੁਸੀਂ ਪੰਜਾਬ ਲਈ ਕੀ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਕੋਲ ਕਿਸਾਨਾਂ ਦੇ ਖ਼ਦਸ਼ੇ ਪੁੱਜਦੇ ਕਰਨ ਲਈ ਸਾਡਾ ਸਾਥ ਦੇਣ ਦੀ ਬਜਾਏ ਸੁਖਬੀਰ ਬਾਦਲ ਤੇ ਉਨ੍ਹਾਂ ਦੀ ਪਾਰਟੀ ਨੇ ਇਕ ਵਾਰ ਫੇਰ ਪਿੱਠ ਦਿਖਾਉਂਦੇ ਹੋਏ ਆਪਣੇ ਘਰਾਂ ਵਿੱਚ ਹੀ ਲੁਕੇ ਰਹਿਣਾ ਠੀਕ ਸਮਝਿਆ। ਉਨ੍ਹਾਂ ਅਕਾਲੀ ਦਲ ਪ੍ਰਧਾਨ ਨੂੰ ਇਹ ਸਵਾਲ ਕੀਤਾ ਕਿ ਉਹ ਖੇਤੀ ਕਾਨੂੰਨਾਂ ਖਿਲਾਫ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ‘ਤੇ ਕਿਉਂ ਨਹੀਂ ਗਏ।