ਜਰਨੈਲ ਸਿੰਘ ਵਾਹਿਦ ਦੀ ਰਿਹਾਇਸ਼ ’ਤੇ ਵੀ ਪਹੁੰਚੀ ਏਜੰਸੀ
ਜਲੰਧਰ/ਬਿਊਰੋ ਨਿਊਜ਼
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਬੁੱਧਵਾਰ ਸਵੇਰੇ ਸੀਨੀਅਰ ਅਕਾਲੀ ਆਗੂ ਜਰਨੈਲ ਸਿੰਘ ਵਾਹਿਦ ਦੇ ਫਗਵਾੜਾ ਸਥਿਤ ਟਿਕਾਣਿਆਂ ’ਤੇ ਛਾਪਾ ਮਾਰਿਆ। ਏਜੰਸੀ ਦੇ ਅਧਿਕਾਰੀਆਂ ਨੇ ਫਗਵਾੜਾ ਖੰਡ ਮਿੱਲ, ਵਾਹਿਦ ਦੀ ਰਿਹਾਇਸ਼ ਅਤੇ ਫਗਵਾੜਾ ਵਿੱਚ ਉਸਦੇ ਪਰਿਵਾਰ ਦੀ ਮਲਕੀਅਤ ਵਾਲੇ ਇੱਕ ਜਿਮ ’ਤੇ ਵੀ ਪਹੁੰਚ ਕੀਤੀ। ਵਾਹਿਦ ਪਹਿਲਾਂ ਆਪਣੇ ਐੱਨ.ਆਰ.ਆਈ. ਸਾਥੀ ਨਾਲ ਖੰਡ ਮਿੱਲ ਦਾ ਸਹਿ-ਮਾਲਕ ਸੀ ਪਰ ਹੁਣ ਇਸ ਨੂੰ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦੀ ਰਾਣਾ ਸ਼ੂਗਰ ਮਿੱਲ ਵੱਲੋਂ ਚਲਾਇਆ ਜਾ ਰਿਹਾ ਹੈ। ਕੇਂਦਰੀ ਏਜੰਸੀ ਵਾਹਿਦ ਵਿਰੁੱਧ ਮਾਮਲੇ ਦੀ ਜਾਂਚ ਵਿਜੀਲੈਂਸ ਬਿਊਰੋ ਵੱਲੋਂ, ਦੋ ਸਾਲ ਪਹਿਲਾਂ ਖੰਡ ਮਿੱਲ ਦੀ ਸਰਕਾਰੀ ਜ਼ਮੀਨ ਵੇਚਣ ਦੇ ਦੋਸ਼ ਹੇਠ ਦਰਜ ਕੀਤੇ ਗਏ ਇੱਕ ਕੇਸ ਦੇ ਆਧਾਰ ’ਤੇ ਕਰ ਰਹੀ ਹੈ। ਧਿਆਨ ਰਹੇ ਕਿ ਵਾਹਿਦ, ਉਸਦੀ ਪਤਨੀ ਅਤੇ ਪੁੱਤਰ ਨੂੰ ਵੀ ਵਿਜੀਲੈਂਸ ਬਿਊਰੋ ਨੇ ਗਿ੍ਰਫਤਾਰ ਕੀਤਾ ਸੀ। ਸਤੰਬਰ 2023 ਵਿੱਚ ਉਨ੍ਹਾਂ ਵਿਰੁੱਧ ਆਈਪੀਸੀ ਦੀਆਂ ਧਾਰਾਵਾਂ ਅਤੇ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਸੀ।