Breaking News
Home / ਪੰਜਾਬ / ਕਿਸਾਨਾਂ ਨੇ ਨਵਾਂਸ਼ਹਿਰ ’ਚ ਮੁਨੀਸ਼ ਤਿਵਾੜੀ ਅਤੇ ਅੰਗਦ ਸਿੰਘ ਦਾ ਵੀ ਕੀਤਾ ਵਿਰੋਧ

ਕਿਸਾਨਾਂ ਨੇ ਨਵਾਂਸ਼ਹਿਰ ’ਚ ਮੁਨੀਸ਼ ਤਿਵਾੜੀ ਅਤੇ ਅੰਗਦ ਸਿੰਘ ਦਾ ਵੀ ਕੀਤਾ ਵਿਰੋਧ

ਕਾਂਗਰਸੀ ਆਗੂਆਂ ਖਿਲਾਫ ਵੀ ਕਿਸਾਨ ਕਰਨ ਲੱਗੇ ਪ੍ਰਦਰਸ਼ਨ
ਚੰਡੀਗੜ੍ਹ/ਬਿਊਰੋ ਨਿਊਜ਼
ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਵਿਵਾਦਤ ਖੇਤੀ ਕਾਨੂੰਨਾਂ ਦਾ ਪੰਜਾਬ ਸਮੇਤ ਦੇਸ਼ ਦੇ ਕਈ ਸੂਬਿਆਂ ’ਚ ਕਿਸਾਨਾਂ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬ ਵਿਚ ਖੇਤੀ ਕਾਨੂੰਨਾਂ ਦਾ ਵਿਰੋਧ ਵੱਡੇ ਪੱਧਰ ’ਤੇ ਹੋ ਰਿਹਾ ਹੈ ਅਤੇ ਹੁਣ ਕਿਸਾਨਾਂ ਨੇ ਕਾਂਗਰਸੀ ਆਗੂਆਂ ਦਾ ਵੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਵਾਂਗ ਕਾਂਗਰਸ ਵੀ ਬਰਾਬਰ ਦੀ ਜ਼ਿੰਮੇਵਾਰ ਹੈ। ਨਵਾਂਸ਼ਹਿਰ ਵਿਚ ਕਾਂਗਰਸੀ ਸੰਸਦ ਮੈਂਬਰ ਮੁਨੀਸ਼ ਤਿਵਾੜੀ ਅਤੇ ਕਾਂਗਰਸੀ ਵਿਧਾਇਕ ਅੰਗਦ ਸਿੰਘ ਦਾ ਵੀ ਕਿਸਾਨਾਂ ਨੇ ਵਿਰੋਧ ਕੀਤਾ। ਧਿਆਨ ਰਹੇ ਕਿ ਮੁਨੀਸ਼ ਤਿਵਾੜੀ ਅਤੇ ਅੰਗਦ ਸਿੰਘ ਨੇ ਸਿਵਲ ਹਸਪਤਾਲ ਵਿਚ ਆਕਸੀਜਨ ਪਲਾਂਟ ਦਾ ਉਦਘਾਟਨ ਕਰਨਾ ਸੀ, ਜਿਸ ਦੀ ਭਿਣਕ ਕਿਸਾਨਾਂ ਨੂੰ ਲੱਗ ਗਈ। ਕਿਸਾਨਾਂ ਨੇ ਇਨ੍ਹਾਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਕਿਰਤੀ ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਹੀ ਨਿੱਜੀਕਰਨ ਦੀਆਂ ਨੀਤੀਆਂ ਲੈ ਕੇ ਆਈ ਸੀ ਅਤੇ ਮੋਦੀ ਸਰਕਾਰ ਉਨ੍ਹਾਂ ਨੀਤੀਆਂ ਨੂੰ ਅੱਗੇ ਵਧਾ ਰਹੀ ਹੈ। ਕਿਸਾਨ ਆਗੂਆਂ ਦਾ ਕਹਿਣਾ ਸੀ ਜਦੋਂ ਤੱਕ ਵਿਵਾਦਤ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ, ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸਦੇ ਚੱਲਦਿਆਂ ਮੁਨੀਸ਼ ਤਿਵਾੜੀ ਦਾ ਕਹਿਣਾ ਸੀ ਕਿ ਸਮਝ ਹੀ ਨਹੀਂ ਆ ਰਿਹਾ ਕਿ ਉਨ੍ਹਾਂ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ। ਤਿਵਾੜੀ ਨੇ ਕਿਹਾ ਕਿ ਕਿਸਾਨਾਂ ਦੇ ਹੱਕ ਵਿਚ ਸਭ ਤੋਂ ਵੱਧ ਆਵਾਜ਼ ਉਨ੍ਹਾਂ ਨੇ ਹੀ ਬੁਲੰਦ ਕੀਤੀ ਹੈ। ਵਿਧਾਇਕ ਅੰਗਦ ਸਿੰਘ ਦਾ ਕਹਿਣਾ ਸੀ ਕਿ ਅਸਲ ’ਚ ਵਿਰੋਧ ਕਰਨ ਵਾਲੇ ਕਿਸਾਨ ਨਹੀਂ ਹਨ ਬਲਕਿ ਇਹ ਤਾਂ ਕਾਮਰੇਡ ਨੇ। ਧਿਆਨ ਰਹੇ ਕਿ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦਾ ਵੀ ਕਿਸਾਨਾਂ ਨੇ ਫਾਜ਼ਿਲਕਾ ’ਚ ਡਟਵਾਂ ਵਿਰੋਧ ਕੀਤਾ ਸੀ।

 

Check Also

ਕਰਮਜੀਤ ਕੌਰ ਚੌਧਰੀ ਅਤੇ ਤੇਜਿੰਦਰ ਪਾਲ ਬਿੱਟੂ ਭਾਜਪਾ ’ਚ ਹੋਏ ਸ਼ਾਮਲ

ਕਰਮਜੀਤ ਕੌਰ ਚੌਧਰੀ ਟਿਕਟ ਨਾ ਮਿਲਣ ਕਰਕੇ ਕਾਂਗਰਸ ਪਾਰਟੀ ਨਾਲ ਚੱਲ ਰਹੇ ਸਨ ਨਾਰਾਜ਼ ਨਵੀਂ …