Breaking News
Home / ਪੰਜਾਬ / ਨਜਾਇਜ਼ ਉਸਾਰੀਆਂ ਨੂੰ ਲੈ ਕੇ ਸਿੱਧੂ ਤੇ ਕਾਂਗਰਸੀ ਵਿਧਾਇਕਾਂ ‘ਚ ਰੇੜਕਾ

ਨਜਾਇਜ਼ ਉਸਾਰੀਆਂ ਨੂੰ ਲੈ ਕੇ ਸਿੱਧੂ ਤੇ ਕਾਂਗਰਸੀ ਵਿਧਾਇਕਾਂ ‘ਚ ਰੇੜਕਾ

ਜਲੰਧਰ ਸ਼ਹਿਰ ਦੇ ਤਿੰਨ ਵਿਧਾਇਕ ਤੇ ਇਕ ਲੋਕ ਸਭਾ ਮੈਂਬਰ ਸਿੱਧੂ ਖਿਲਾਫ ਡਟੇ
ਜਲੰਧਰ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਨਾਜ਼ਾਇਜ ਉਸਾਰੀਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਨੂੰ ਲੈਕੇ ਕਾਂਗਰਸੀ ਵਿਧਾਇਕਾਂ ‘ਤੇ ਸਿੱਧੂ ਵਿਚਾਲੇ ਰੱਫੜ ਵੱਧ ਗਿਆ ਹੈ। ਜਲੰਧਰ ਸ਼ਹਿਰ ਦੇ ਚਾਰ ਵਿਧਾਇਕਾਂ ਵਿੱਚੋਂ ਤਿੰਨ ਵਿਧਾਇਕ ਤੇ ਇੱਕ ਸੰਸਦ ਮੈਂਬਰ ਸਿੱਧੂ ਵਿਰੁੱਧ ਡਟ ਗਏ ਹਨ। ਬਾਕਾਇਦਾ ਮੀਟਿੰਗ ਕਰਕੇ ਇਨ੍ਹਾਂ ਵਿਧਾਇਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਆਪਣੀ ਸ਼ਿਕਾਇਤ ਪੁੱਜਦੀ ਕਰ ਦਿੱਤੀ ਹੈ ਤੇ ਸਿੱਧੂ ਵੱਲੋਂ ਕੀਤੀ ਗਈ ਕਾਰਵਾਈ ਨੂੰ ਕਾਂਗਰਸ ਵਿਰੋਧੀ ਕਰਾਰ ਦਿੰਦਿਆਂ ਇਹ ਦਾਅਵਾ ਵੀ ਕੀਤਾ ਹੈ ਕਿ ਜੇ ਸਿੱਧੂ ਨੇ ਇਹ ਮੁਹਿੰਮ ਜਾਰੀ ਰੱਖੀ ਤਾਂ ਕਾਂਗਰਸ ਦਾ ਵੋਟ ਬੈਂਕ ਖਿਸਕ ਸਕਦਾ ਹੈ ਤੇ ਲੋਕ ਕਾਂਗਰਸ ਤੋਂ ਪਹਿਲਾਂ ਵਾਂਗ ਦੂਰੀ ਬਣਾ ਸਕਦੇ ਹਨ। ਇਸ ਮੀਟਿੰਗ ਵਿੱਚ ਸਿੱਧੂ ਦੇ ਕੱਟੜ ਹਮਾਇਤੀ ਮੰਨੇ ਜਾਂਦੇ ਪਰਗਟ ਸਿੰਘ ਨੂੰ ਛੱਡ ਕੇ ਤਿੰਨੋਂ ਵਿਧਾਇਕ ਰਜਿੰਦਰ ਬੇਰੀ, ਸ਼ੁਸ਼ੀਲ ਰਿੰਕੂ ਤੇ ਬਾਵਾ ਹੈਨਰੀ ਅਤੇ ਲੋਕ ਸਭਾ ਮੈਂਬਰ ਸੰਤੋਖ ਚੌਧਰੀ ਸ਼ਾਮਲ ਸਨ। ਜਾਣਕਾਰੀ ਅਨੁਸਾਰ ਸਿੱਧੂ ਦੀ ਸ਼ਿਕਾਇਤ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਕੋਲ ਵੀ ਲਗਾਉਣ ਦਾ ਫੈਸਲਾ ਕੀਤਾ ਗਿਆ ਤਾਂ ਜੋ ਕਾਂਗਰਸ ਦੇ ਜਨ ਅਧਾਰ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਪਹੁੰਚੇ। ਯਾਦ ਰਹੇ ਕਿ ਜਿਸ ਦਿਨ ਨਵਜੋਤ ਸਿੰਘ ਸਿੱਧੂ ਨੇ ਜਲੰਧਰ ਵਿੱਚ ਨਾਜ਼ਾਇਜ ਉਸਾਰੀਆਂ ਦੀ ਅਚਨਚੇਤੀ ਜਾਂਚ ਕੀਤੀ ਸੀ ਤਾਂ ਉਨ੍ਹਾਂ ਕੋਲ 93 ਨਾਜ਼ਾਇਜ ਉਸਾਰੀਆਂ ਦੀ ਲਿਸਟ ਸੀ ਜਿਨ੍ਹਾਂ ਵਿੱਚ ਉਨ੍ਹਾਂ ਨੇ 36 ਦੇ ਕਰੀਬ ਥਾਂਵਾਂ ਨੂੰ ਦੇਖਿਆ ਸੀ। ਇਹ ਸਾਰੀਆਂ ਥਾਵਾਂ ਚਾਰੇ ਕਾਂਗਰਸੀ ਵਿਧਾਇਕਾਂ ਦੇ ਹਲਕਿਆਂ ਵਿੱਚ ਆਉਂਦੀਆਂ ਹਨ। ਜਾਂਚ ਤੋਂ ਅਗਲੇ ਦਿਨ ਜਦੋਂ ਨਗਰ ਨਿਗਮ ਦੀ ਟੀਮ ਉਸਾਰੀਆਂ ਢਹਾਉਣ ਗਈ ਤਾਂ ਕਾਂਗਰਸੀ ਵਿਧਾਇਕ ਸ਼ੁਸ਼ੀਲ ਰਿੰਕੂ ਜੇ.ਸੀ.ਬੀ ਮਸ਼ੀਨ ਉੱਤੇ ਜਾ ਚੜ੍ਹੇ ਸਨ ਤੇ ਨਵਜੋਤ ਸਿੰਘ ਸਿੱਧੂ ਵਿਰੁੱਧ ઠਭੜਾਸ ਕੱਢੀ ਸੀ। ਇਸੇ ਤਰ੍ਹਾਂ ਰਜਿੰਦਰ ਬੇਰੀ ਨੇ ਸਿੱਧੂ ਦੀ ਕਾਰਵਾਈ ‘ਤੇ ਸਖਤ ਇਤਰਾਜ਼ ਪਰਗਟ ਕੀਤਾ ਸੀ। ਸ਼ਹਿਰ ਦੇ ਮੇਅਰ ਜਗਦੀਸ਼ ਰਾਜਾ ਵੀ ਸਿੱਧੂ ਨਾਲ ਸਖਤ ਨਾਰਾਜ਼ ਹਨ ਕਿ ਸ਼ਹਿਰ ਦੇ ਮੇਅਰ ਹੋਣ ਦੇ ਨਾਤੇ ਵੀ ਉਨ੍ਹਾਂ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ। ਜਲੰਧਰ ਸ਼ਹਿਰ ਦੇ ਕਾਂਗਰਸੀ ਆਗੂ ਸਿੱਧੂ ਵਿਰੁੱਧ ਇੱਕਜੁਟ ਹੋ ਗਏ ਹਨ ਤੇ ਉਹ ਹੁਣ ਇਸ ਮਾਮਲੇ ਨੂੰ ਠੰਢਾ ਨਹੀਂ ਪੈਣ ਦੇਣਾ ਚਹੁੰਦੇ। ਜਿਲ੍ਹਾ ਕਾਂਗਰਸ ਦੇ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ ਨੇ ਵੀ ਕੈਪਟਨ ਅਮਰਿੰਦਰ ਸਿੰਘ ਨਾਲ ਫੋਨ ‘ਤੇ ਗੱਲਬਾਤ ਕਰਕੇ ਸਿੱਧੂ ਵਿਰੁੱਧ ਭੜਾਸ ਕੱਢੀ ਸੀ ਕਿ ਇਸ ਨਾਲ ਕਾਂਗਰਸ ਨੂੰ ਨੁਕਸਾਨ ਪੁੱਜ ਸਕਦਾ ਹੈ। ਉਧਰ ਕਪੂਰਥਲਾ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਜਦੋਂ ਜਲੰਧਰ ਦੇ ਕਾਂਗਰਸੀ ਵਿਧਾਇਕਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਕੋਲ ਸ਼ਿਕਾਇਤ ਲਗਾਉਣ ਬਾਰੇ ਸਵਾਲ ਕੀਤਾ ਗਿਆ ਸੀ ਤਾਂ ਉਨ੍ਹਾਂ ਜਵਾਬ ਵਿੱਚ ਕਿਹਾ ਸੀ ਕਿ ਉਹ ਸਹੀ ਕੰਮ ਕਰ ਰਹੇ ਹਨ ਤੇ ਹੁਣ ਪਿੱਛੇ ਨਹੀਂ ਹੱਟਣਗੇ। ਰਾਜਸੀ ਹਲਕਿਆਂ ਵਿੱਚ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਵਿਰੁੱਧ ਸਰਕਾਰ ਦੇ ਅੰਦਰੋਂ ਹੀ ਇੱਕ ਧੜ੍ਹਾ ਪੂਰੀ ਤਰ੍ਹਾਂ ਨਾਲ ਸਰਗਰਮ ਹੈ ਤੇ ਉਹ ਹੁਣ ਸਿੱਧੂ ਨੂੰ ਅੜਿੱਕੇ ਆਇਆ ਮੰਨ ਕੇ ਚੱਲ ਰਹੇ ਹਨ।
ਪੰਜਾਬ ਦੇ ਹਿੱਤਾਂ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਜ਼ਰੂਰ ਠੋਕਾਂਗਾ : ਸਿੱਧੂ
ਫਿਰੋਜ਼ਪੁਰ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਪਾਰਟੀ ਦੇ ਵਿਧਾਇਕਾਂ ਦੇ ਗੁੱਸੇ ਦੀ ਕੋਈ ਪ੍ਰਵਾਹ ਨਹੀਂ। ਉਨ੍ਹਾਂ ਨੇ ਗੈਰਕਾਨੂੰਨੀ ਉਸਾਰੀ ਖਿਲਾਫ ਡਟੇ ਰਹਿਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜ਼ਮੀਨ ਦੱਬਣ ਵਾਲਿਆਂ ‘ਤੇ ਕਾਰਵਾਈ ਹੋਏਗੀ। ਸਿੱਧੂ ਨੇ ਕਿਹਾ ਕਿ ਸਰਕਾਰੀ ਖਜ਼ਾਨੇ ਵਿੱਚ ਪੈਸੇ ਜਮ੍ਹਾਂ ਕਰਵਾਏ ਬਿਨਾ ਕਲੋਨੀਆਂ ਦੇ ਨਾਂ ਰੱਖਣ ਵਾਲਿਆਂ ਨੂੰ ਪੰਜਾਬ ਸਰਕਾਰ ਕਰੜੇ ਹੱਥੀਂ ਲਵੇਗੀ। ਫ਼ਿਰੋਜ਼ਪੁਰ ‘ਚ ਸਿੱਧੂ ਨੇ ਕਿਹਾ ਕਿ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਹਿੱਤ ਵਿੱਚ ਫੈਸਲਾ ਲੈਣਾ ਸਰਕਾਰ ਦਾ ਮੁੱਢਲਾ ਫਰਜ਼ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੋ ਪੰਜਾਬ ਦੇ ਹਿੱਤਾਂ ਨਾਲ ਖਿਲਵਾੜ ਕਰਨ ਦਾ ਯਤਨ ਕਰੇਗਾ ਮੈਂ ਉਨ੍ਹਾਂ ਨੂੰ ਜ਼ਰੂਰ ਠੋਕਾਂਗਾ। ਜ਼ਿਕਰਯੋਗ ਹੈ ਕਿ ਸਿੱਧੂ ਵੱਲੋਂ ਨਾਜ਼ਾਇਜ ਉਸਾਰੀਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਨੂੰ ਲੈ ਕੇ ਜਲੰਧਰ ਸ਼ਹਿਰ ਦੇ ਤਿੰਨ ਵਿਧਾਇਕ ਅਤੇ ਇਕ ਸੰਸਦ ਮੈਂਬਰ ਸਿੱਧੂ ਦੇ ਖਿਲਾਫ ਹੋ ਗਏ ਹਨ। ਇਨ੍ਹਾਂ ਵਿਚ ਰਜਿੰਦਰ ਬੇਰੀ, ਸੁਸ਼ੀਲ ਰਿੰਕੂ, ਬਾਵਾ ਹੈਨਰੀ ਤੇ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਸ਼ਾਮਲ ਹਨ। ਇਨ੍ਹਾਂ ਵਿਧਾਇਕਾਂ ਨੇ ਸਿੱਧੂ ਖਿਲਾਫ ਸ਼ਿਕਾਇਤ ਵੀ ਮੁੱਖ ਮੰਤਰੀ ਤੱਕ ਪਹੁੰਚਾ ਦਿੱਤੀ ਹੈ।
15 ਦਿਨਾਂ ‘ਚ ਨਜਾਇਜ਼ ਉਸਾਰੀਆਂ ਰੈਗੂਲਰ ਕਰਵਾਓ
ਨਜਾਇਜ਼ ਉਸਾਰੀਆਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਹੋਈ : ਸਿੱਧੂ
ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਨੇ ਜਲੰਧਰ ਦੇ ਮੇਅਰ ਨੂੰ 15 ਦਿਨ ਦੀ ਮੋਹਲਤ ਦਿੰਦਿਆਂ ਕਿਹਾ ਹੈ ਕਿ ਉਹ ਗੈਰਕਾਨੂੰਨੀ ਉਸਾਰੀਆਂ ਸਬੰਧੀਆਂ ਖਾਮੀਆਂ ਨੂੰ ਨਿਯਮਬੱਧ ਕਰ ਲੈਣ। ઠਸਿੱਧੂ ਨੇ ਕਿਹਾ ਉਨ੍ਹਾਂ ਨੇ ਸਾਰੀਆਂ ਗੈਰਕਾਨੂੰਨੀ ਉਸਾਰੀਆਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਹੈ। ਸਾਡੇ ਕੋਲ ਅਜਿਹੀਆਂ 96 ਗੈਰਕਾਨੂੰਨੀ ਉਸਾਰੀਆਂ ਬਾਰੇ ਜਾਣਕਾਰੀ ਹੈ। ਅਸੀਂ ਕਿਸੇ ਵੀ ਪੁਰਾਣੇ ਘਰ ਨੂੰ ਢਾਹੁਣ ਲਈ ਨਹੀਂ ਕਿਹਾ ਪਰ ਅਸੀਂ ਨਵੀਂਆਂ ਗੈਰਕਾਨੂੰਨੀ ਕਲੋਨੀਆਂ ਉਸਾਰਨ ਦੀ ਆਗਿਆ ਵੀ ਨਹੀਂ ਦੇਵਾਂਗੇ। ਕਿਤੇ ਵੀ ਕਿਸੇ ਗਰੀਬ ਦਾ ਘਰ ਨਹੀਂ ਢਾਹਿਆ ਗਿਆ। ਇਸ ਮੀਟਿੰਗ ਵਿੱਚ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ, ਵਿਧਾਇਕ ਪਰਗਟ ਸਿੰਘ, ਬਾਵਾ ਹੈਨਰੀ ਅਤੇ ਰਾਜਿੰਦਰ ਬੇਰੀ ਆਦਿ ਸ਼ਾਮਲ ਹੋਏ। ਨਾਜਾਇਜ਼ ਕਲੋਨੀਆਂ ਦੇ ਮੁੱਦੇ ਉੱਤੇ ਜਲੰਧਰ ਦੇ ਮੇਅਰ ਜਗਦੀਸ਼ ਰਾਜਾ ਨੇ ਕਿਹਾ ਕਿ ਕਿਸੇ ਵੀ ਗੈਰਕਾਨੂੰਨੀ ਉਸਾਰੀ ਨੂੰ ਆਗਿਆ ਨਾ ਦੇਣ ਬਾਰੇ ਉਹ ਸਿੱਧੂ ਦੇ ਵਿਚਾਰਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਨ ਪਰ ਇਸ ਦੇ ਨਾਲ ਹੀ ਅਸੀਂ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਪੁਰਾਣੀਆਂ ਉਸਾਰੀਆਂ ਨਾ ਢਾਹੀਆਂ ਜਾਣ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਹੁਤ ਸਾਰੀਆਂ ਪੁਰਾਣੀਆਂ ਦੁਕਾਨਾਂ ਹਨ ਜੋ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਨਿਰਧਾਰਤ ਮੁਸ਼ਕਿਲ ਸ਼ਰਤਾਂ ਨੂੰ ਪੂਰੀਆਂ ਨਹੀਂ ਕਰਦੀਆਂ। ਇਨ੍ਹਾਂ ਇਲਾਕਿਆਂ ਵਿੱਚ ਇਸ ਸਮੱਸਿਆ ਨੂੰ ਹਮਦਰਦੀ ਨਾਲ ਵਿਚਾਰਿਆ ਜਾਣਾ ਚਾਹੀਦਾ ਹੈ। ਜਲੰਧਰ ਦੇ ਮੇਅਰ ਨੇ ਕਿਹਾ ਹੈ ਕਿ ਜਿਹੜੀਆਂ ਕਾਲੋਨੀਆਂ ਯਕਮੁਸ਼ਤ ਸੈਟਲਮੈਂਟ ਯੋਜਨਾ ਤਹਿਤ ਆਪਣੀ ਫੀਸ ਅਦਾ ਕਰਨਗੀਆਂ, ਉਨ੍ਹਾਂ ਨੂੰ ਜਾਇਜ਼ ਮੰਨ ਲਿਆ ਜਾਵੇਗਾ ਅਤੇ ਬਾਕੀਆਂ ਨੂੰ ਢਾਹ ਦਿੱਤਾ ਜਾਵੇਗਾ। ਸਾਰੀਆਂ ਕਲੋਨੀਆਂ ਨੂੰ ਨਿਯਮਬੱਧ ਹੋਣ ਲਈ ਆਪਣੇ ਨਕਸ਼ੇ ਪਾਸ ਕਰਵਾਉਣੇ ਅਤੇ ਫੀਸਾਂ ਭਰਨੀਆਂ ਜ਼ਰੂਰੀ ਹਨ।
ਨਾਜਾਇਜ਼ ਕਲੋਨੀ ਵਿਚ ਵਿਧਾਇਕ ਰਿੰਕੂ ਦੀ ਪਤਨੀ ਨੇ ਖ਼ਰੀਦੇ ਦੋ ਪਲਾਟ : ਜਲੰਧਰ: ਨਾਜਾਇਜ਼ ਕਲੋਨੀਆਂ ਵਿਰੁੱਧ ਕਾਰਵਾਈ ਕਰਨ ਵਿਚ ਅੜਿੱਕਾ ਪਾਉਣ ਵਾਲੇ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਦੀ ਪਤਨੀ ਸੁਨੀਤਾ ਨੇ ਇੱਕ ਮਹੀਨਾ ਪਹਿਲਾਂ ਨਾਜਾਇਜ਼ ਕਲੋਨੀ ਵਿਚ ਦੋ ਪਲਾਟਾਂ ਦੀ ਰਜਿਸਟਰੀ ਕਰਵਾਈ ਹੈ। ਇਨ੍ਹਾਂ ਵਿਚੋਂ ਇੱਕ ਪਲਾਟ ਰਿਹਾਇਸ਼ੀ ਤੇ ਦੂਜਾ ਕਮਰਸ਼ੀਅਲ ਹੈ। ਇਸੇ ਤਰ੍ਹਾਂ ਇੱਕ ਹੋਰ ਗੈਰ ਕਾਨੂੰਨੀ ਕਲੋਨੀ ਵਿੱਚ ਦੋ ਏਕੜ ਜ਼ਮੀਨ ਸੁਸ਼ੀਲ ਰਿੰਕੂ, ਉਸ ਦੀ ਮਾਤਾ ਅਤੇ ਤਿੰਨ ਭੈਣਾਂ ਦੇ ਨਾਂ ‘ਤੇ ਹੈ। ਇਸ ਕਲੋਨੀ ਨੂੰ ਪਹਿਲਾਂ ਇਕੋ ਰਸਤਾ ਜਾਂਦਾ ਸੀ ਪਰ ਹੁਣ ਇਸ ਨੂੰ ਚਾਰ ਹੋਰ ਰਸਤਿਆਂ ਨਾਲ ਜੋੜ ਦਿੱਤਾ ਗਿਆ ਹੈ। ਇਨ੍ਹਾਂ ਸਾਰੇ ਤੱਥਾਂ ਦਾ ਖੁਲਾਸਾ ਭਾਜਪਾ ਦੇ ਐੱਸਸੀ ਮੋਰਚਾ ਦੇ ਆਗੂ ਸ਼ੀਤਲ ਅੰਗੁਰਾਲ ਅਤੇ ਸਟੇਟ ਸੋਸ਼ਲ ਮੀਡੀਆ ਦੇ ਮੁਖੀ ਰਹੇ ਅਮਿਤ ਤਨੇਜਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼

ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …