
ਚੰਡੀਗੜ੍ਹ/ਬਿਊਰੋ ਨਿਊਜ਼
ਨਿਊ ਚੰਡੀਗੜ੍ਹ ’ਚ ਈਕੋ ਸਿਟੀ-3 ਸਥਾਪਿਤ ਕਰਨ ਲਈ ਗਮਾਡਾ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹੁਣ ਜ਼ਮੀਨ ਮਾਲਕਾਂ ਨੂੰ ਪ੍ਰਤੀ ਏਕੜ ਜ਼ਮੀਨ ਦੇ ਮੁਆਵਜ਼ੇ ਦੇ ਰੂਪ ਵਿਚ 4 ਕਰੋੜ 27 ਲੱਖ ਰੁਪਏ ਤੋਂ ਲੈ ਕੇ 6 ਕਰੋੜ 46 ਲੱਖ ਰੁਪਏ ਮਿਲਣਗੇ। ਇਹ ਰਕਮ ਗਮਾਡਾ ਵਲੋਂ ਜ਼ਮੀਨ ਐਕਵਾਇਰ ਹੋਣ ’ਤੇ ਉਨ੍ਹਾਂ ਨੂੰ ਦਿੱਤੀ ਜਾਵੇਗੀ। ਇਸਦੇ ਚੱਲਦਿਆਂ 9 ਪਿੰਡਾਂ ਵਿਚ ਕਰੀਬ 1700 ਏਕੜ ਜ਼ਮੀਨ ਇਸ ਦੌਰਾਨ ਐਕਵਾਇਰ ਕੀਤੀ ਜਾਵੇਗੀ। ਇੱਥੇ ਹਾਊਸਿੰਗ, ਕਮਰਸ਼ੀਅਲ ਅਤੇ ਇੰਸਟੀਟਿਊਸ਼ਨਲ ਸਾਈਟ ਸਥਾਪਿਤ ਹੋਣਗੀਆਂ। ਜ਼ਮੀਨ ਮਾਲਕਾਂ ਨੂੰ ਗਮਾਡਾ ਵਲੋਂ ਨਾ ਸਿਰਫ ਨਕਦ ਭੁਗਤਾਨ ਕੀਤਾ ਜਾਵੇਗਾ, ਸਗੋਂ ਲੈਂਡ ਪੂਲਿੰਗ ਦੀ ਔਪਸ਼ਨ ਵੀ ਦਿੱਤੀ ਜਾਵੇਗੀ। ਜਿਨ੍ਹਾਂ ਪਿੰਡਾਂ ਦੀ ਜ਼ਮੀਨ ਇਸ ਈਕੋ ਸਿਟੀ ’ਚ ਆਵੇਗੀ, ਉਨ੍ਹਾਂ ਵਿਚ ਚੰਡੀਗੜ੍ਹ ਦਾ ਨੇੇੜਲਾ ਪਿੰਡ ਹੁਸ਼ਿਆਰਪੁਰ, ਰਸੂਲਪੁਰ, ਤਕੀਪੁਰ, ਮਾਜਰਾ, ਢੋਡੇ ਮਾਜਰਾ, ਸਲਾਮਤਪੁਰ, ਕੰਸਾਲਾ, ਰਾਜਗੜ੍ਹ ਅਤੇ ਕਰਤਾਰਪੁਰ ਸ਼ਾਮਲ ਹਨ। ਇਨ੍ਹਾਂ ਪਿੰਡਾਂ ਦੀ ਜ਼ਮੀਨ ਐਕਵਾਇਰ ਕਰਨ ਦੇ ਬਦਲੇ ਗਮਾਡਾ ਵਲੋਂ ਇਨ੍ਹਾਂ ਨੂੰ 3690 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।

