ਚੰਡੀਗੜ੍ਹ : ਕਾਂਗਰਸ ਹਾਈ ਕਮਾਂਡ ਨੇ ਪੰਜਾਬ ਦੇ ਕਈ ਕਾਂਗਰਸੀ ਆਗੂਆਂ ਨੂੰ ਝਟਕਾ ਦਿੰਦਿਆਂ ਫੈਸਲਾ ਕੀਤਾ ਹੈ ਕਿ ਇਕ ਪਰਿਵਾਰ ‘ਚ ਸਿਰਫ਼ ਇਕ ਹੀ ਟਿਕਟ ਦਿੱਤੀ ਜਾਵੇਗੀ। ਇਹ ਫੈਸਲਾ ਦਿੱਲੀ ‘ਚ ਕਾਂਗਰਸ ਸਕਰੀਨਿੰਗ ਕਮੇਟੀ ਦੀ ਮੀਟਿੰਗ ‘ਚ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਅਜੇ ਮਾਕਨ ਨੇ ਕੀਤੀ ਅਤੇ ਇਸ ਫੈਸਲੇ ਦੀ ਪੁਸ਼ਟੀ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕੀਤੀ। ਇਹ ਫੈਸਲਾ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਬਸੀ ਪਠਾਣਾ ਤੋਂ ਚੋਣ ਲੜਨ ਦੇ ਇੱਛੁਕ ਹਨ। ਜਿਸ ਦੇ ਚਲਦਿਆਂ ਉਹ ਸੀਨੀਅਰ ਮੈਡੀਕਲ ਅਫ਼ਸਰ ਦੇ ਅਹੁਦੇ ਤੋਂ ਅਸਤੀਫ਼ਾ ਵੀ ਦੇ ਚੁੱਕੇ ਹਨ। ਉਧਰ ਕਪੂਰਥਲਾ ਤੋਂ ਐਮ ਐਲ ਏ ਅਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਆਪਣੇ ਮੁੰਡੇ ਨੂੰ ਸੁਲਤਾਨਪੁਰ ਲੋਧੀ ਤੋਂ ਚੋਣ ਲੜਾਉਣ ਦੇ ਇੱਛੁਕ ਹਨ। ਪੰਜਾਬ ‘ਚ ਕਾਂਗਰਸ ਪਾਰਟੀ ਰਾਹੁਲ ਗਾਂਧੀ ਤੋਂ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਵਾਏਗੀ ਅਤੇ ਇਸ ਦੇ ਲਈ ਉਹ ਦਸੰਬਰ ਦੇ ਆਖਰੀ ਹਫਤੇ ‘ਚ ਕਈ ਵੱਡੀਆਂ ਰੈਲੀਆਂ ਕਰਨਗੇ।