Breaking News
Home / ਪੰਜਾਬ / ਰਾਣਾ ਗੁਰਮੀਤ ਸਿੰਘ ਸੋਢੀ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ

ਰਾਣਾ ਗੁਰਮੀਤ ਸਿੰਘ ਸੋਢੀ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ

40 ਸਾਲ ਕਾਂਗਰਸ ‘ਚ ਰਹਿਣ ਤੋਂ ਬਾਅਦ ਹੁਣ ਸੋਢੀ ਨੇ ਭਾਜਪਾ ਦੀ ਕੀਤੀ ਸ਼ਲਾਘਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਦੇ ਚੋਟੀ ਦੇ ਕਾਂਗਰਸੀ ਆਗੂਆਂ ‘ਚ ਸ਼ੁਮਾਰ ਰਾਣਾ ਗੁਰਮੀਤ ਸਿੰਘ ਸੋਢੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ। ਰਾਣਾ ਗੁਰਮੀਤ ਨੇ ਆਰੋਪ ਲਾਇਆ ਕਿ ਕਾਂਗਰਸ ਸੂਬੇ ਦੀ ‘ਸੁਰੱਖਿਆ ਤੇ ਫਿਰਕੂ ਸਦਭਾਵਨਾ ਨੂੰ ਦਾਅ ਉਤੇ ਲਾ ਰਹੀ ਹੈ’। ਰਾਣਾ ਸੋਢੀ ਨੇ 40 ਸਾਲ ਕਾਂਗਰਸ ਵਿਚ ਰਹਿਣ ਤੋਂ ਬਾਅਦ ਹੁਣ ਭਾਰਤੀ ਜਨਤਾ ਪਾਰਟੀ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਸੂਬੇ ਵਿਚ ਸ਼ਾਂਤੀ ਤੇ ਫਿਰਕੂ ਭਾਈਚਾਰੇ ਲਈ ਗੰਭੀਰ ਖਤਰਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਕੇਵਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਨੂੰ ਪੰਜਾਬ ਨੂੰ ਬਚਾ ਸਕਦੇ ਹਨ। ਲਗਾਤਾਰ ਚਾਰ ਵਾਰ ਵਿਧਾਇਕ ਬਣੇ ਸੋਢੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਕਾਫ਼ੀ ਨੇੜੇ ਮੰਨੇ ਜਾਂਦੇ ਹਨ।
ਉਨ੍ਹਾਂ ਕਾਂਗਰਸ ਤੋਂ ਆਪਣੇ ਅਸਤੀਫੇ ਦਾ ਐਲਾਨ ਟਵਿੱਟਰ ਤੋਂ ਕੀਤਾ ਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜਿਆ ਪੱਤਰ ਵੀ ਪੋਸਟ ਕੀਤਾ। ਰਾਣਾ ਸੋਢੀ ਨੇ ਕਿਹਾ ਕਿ ਮੈਂ ਪੰਜਾਬ ਦਾ ਸਾਹ ਘੁੱਟਦਾ ਤੇ ਬੇਵਸੀ ਨਹੀਂ ਦੇਖ ਸਕਦਾ। ਕਾਂਗਰਸ ਪਾਰਟੀ ਨੇ ਸੂਬੇ ਦੀ ਸੁਰੱਖਿਆ ਤੇ ਫਿਰਕੂ ਏਕੇ ਨੂੰ ਦਾਅ ਉਤੇ ਲਾ ਦਿੱਤਾ ਹੈ। ਦੁਖੀ ਮਨ ਨਾਲ, ਮੈਂ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦਿੰਦਾ ਹੈ। ਇਸ ਤੋਂ ਬਾਅਦ ਰਾਣਾ ਸੋਢੀ ਦਿੱਲੀ ਵਿਚ ਕੇਂਦਰੀ ਮੰਤਰੀਆਂ ਗਜੇਂਦਰ ਸਿੰਘ ਸ਼ੇਖਾਵਤ ਤੇ ਭੁਪੇਂਦਰ ਯਾਦਵ ਦੀ ਹਾਜ਼ਰੀ ਵਿਚ ਭਾਜਪਾ ‘ਚ ਸ਼ਾਮਲ ਹੋ ਗਏ। ਜ਼ਿਕਰਯੋਗ ਹੈ ਕਿ ਭਾਜਪਾ ਨੇ ਅਮਰਿੰਦਰ ਸਿੰਘ ਦੀ ਪਾਰਟੀ ‘ਪੰਜਾਬ ਲੋਕ ਕਾਂਗਰਸ’ ਨਾਲ ਗੱਠਜੋੜ ਦਾ ਐਲਾਨ ਕੀਤਾ ਹੈ। ਰਾਣਾ ਸੋਢੀ ਨੇ ਕਿਹਾ ਕਿ ਉਹ ਚਾਰ ਦਹਾਕਿਆਂ ਤੋਂ ਵੱਧ ਸਮਾਂ ਕਾਂਗਰਸ ਵਿਚ ਰਹੇ ਹਨ, ਤੇ ਪਾਰਟੀ ਦੀ ਵਰਤਮਾਨ ਅੰਦਰੂਨੀ ਸਥਿਤੀ ਤੋਂ ਨਿਰਾਸ਼ ਸਨ, ਖਾਸ ਕਰਕੇ ਪੰਜਾਬ ਵਿਚ ਪਾਰਟੀ ਦੀ ਸਥਿਤੀ ਖ਼ਰਾਬ ਹੈ।
ਰਾਣਾ ਸੋਢੀ ਨੇ ਆਰੋਪ ਲਾਇਆ ਕਿ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਆਪਣੇ ਨਿੱਜੀ ਲਾਭ ਖਾਤਰ ਸਰਹੱਦੀ ਸੂਬੇ ਨੂੰ ਤਬਾਹ ਕਰਨ ਉਤੇ ਤੁਲੀ ਹੋਈ ਹੈ। ਉਨ੍ਹਾਂ ਪੰਜਾਬ ਦੀ ਸਥਿਤੀ ‘ਤੇ ਅਫ਼ਸੋਸ ਜ਼ਾਹਿਰ ਕਰਦਿਆਂ ਕਾਂਗਰਸ ‘ਤੇ ਵੋਟਾਂ ਖਾਤਰ ਸੂਬੇ ਨੂੰ ਵੰਡਣ ਦਾ ਇਲਜ਼ਾਮ ਲਾਇਆ। ਉਨ੍ਹਾਂ ਕਿਹਾ ਕਿ ਉਹ ਸੂਬੇ ਦੀ ਸਥਿਤੀ ਬਾਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਮਿਲੇ ਸਨ। ਭਾਜਪਾ ਦੀ ਸੀਨੀਅਰ ਲੀਡਰਸ਼ਿਪ ਦੀ ਸ਼ਲਾਘਾ ਕਰਦਿਆਂ ਸੋਢੀ ਨੇ ਕਿਹਾ ਕਿ ਭਾਰਤ ਨੂੰ ਇਸੇ ਤਰ੍ਹਾਂ ਦੀ ਅਗਵਾਈ ਚਾਹੀਦੀ ਹੈ।
ਰਾਣਾ ਸੋਢੀ ਵਲੋਂ ਕਾਂਗਰਸ ਛੱਡਣ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ : ਹਰੀਸ਼ ਚੌਧਰੀ
ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਰਾਣਾ ਗੁਰਮੀਤ ਸਿੰਘ ਸੋਢੀ ਦੀ ਭਾਜਪਾ ਵਿਚ ਸ਼ਮੂਲੀਅਤ ਬਾਰੇ ਕਿਹਾ ਕਿ ਰਾਣਾ ਸੋਢੀ ਵੱਡੀ ਵਿਕਟ ਨਹੀਂ ਸਨ। ਉਨ੍ਹਾਂ ਦੇ ਜਾਣ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ। ਜੋ ਹੋਰ ਨੇਤਾ ਵੀ ਜਾਣਾ ਚਾਹੁੰਦੇ ਸਨ, ਉਨ੍ਹਾਂ ਨੂੰ ਕਿਹੜਾ ਰੋਕਿਆ ਗਿਆ ਹੈ, ਉਹ ਵੀ ਜਾ ਸਕਦੇ ਸਨ। ਉਨ੍ਹਾਂ ਦੱਸਿਆ ਕਿ ਹੁਣ ਲਗਾਤਾਰ ਸਕਰੀਨਿੰਗ ਕਮੇਟੀ ਦੀ ਮੀਟਿੰਗ ਚੱਲੇਗੀ ਅਤੇ ਯੋਗਤਾ ਤੇ ਕਾਬਲੀਅਤ ਦੇ ਆਧਾਰ ‘ਤੇ ਟਿਕਟਾਂ ਦੀ ਵੰਡ ਹੋਵੇਗੀ।

 

Check Also

ਸ਼ਸ਼ੀ ਥਰੂਰ ਨੇ ਜਲੰਧਰ ਵਾਸੀਆਂ ਨੂੰ ਚਰਨਜੀਤ ਸਿੰਘ ਚੰਨੀ ਨੂੰ ਜਿਤਾਉਣ ਦਾ ਦਿੱਤਾ ਸੱਦਾ

ਕਿਹਾ : ਦੇਸ਼ ਦੇ ਲੋਕਤੰਤਰ ਨੂੰ ਭਾਰਤੀ ਜਨਤਾ ਪਾਰਟੀ ਤੋਂ ਖਤਰਾ ਜਲੰਧਰ/ਬਿਊਰੋ ਨਿਊਜ਼ : ਕਾਂਗਰਸ …