Breaking News
Home / ਪੰਜਾਬ / ਪੰਜਾਬ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਨੂੰ ਗਰਾਂਟ ਦੇਣ ਦਾ ਵਾਅਦਾ ਕੀਤਾ ਪੂਰਾ

ਪੰਜਾਬ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਨੂੰ ਗਰਾਂਟ ਦੇਣ ਦਾ ਵਾਅਦਾ ਕੀਤਾ ਪੂਰਾ

ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਸਰਕਾਰ ਦਾ ਕੀਤਾ ਧੰਨਵਾਦ
ਪਟਿਆਲਾ/ਬਿਊਰੋ ਨਿਊਜ਼
ਪੰਜਾਬ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ 30 ਕਰੋੜ ਰੁਪਏ ਪ੍ਰਤੀ ਮਹੀਨਾ ਗਰਾਂਟ ਦੇਣ ਦਾ ਵਾਅਦਾ ਪੂਰਾ ਕਰ ਦਿੱਤਾ ਹੈ। ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬੀ ਯੂਨੀਵਰਸਿਟੀ ਲਈ ਗਰਾਂਟ ਦੇ ਮਾਮਲੇ ਸਬੰਧੀ ਪੈਦਾ ਹੋਏ ਰੇੜਕੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ। ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ 30 ਕਰੋੜ ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਤਿੰਨ ਮਹੀਨਿਆਂ ਲਈ 90 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਧਿਆਨ ਰਹੇ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਸੰਭਾਲਣ ਮਗਰੋਂ ਪਿਛਲੇ ਸਾਲ ਯੂਨੀਵਰਸਿਟੀ ਨੂੰ ਤਨਖਾਹਾਂ ਲਈ 150 ਕਰੋੜ ਅਤੇ ਹੋਰ ਖਰਚਿਆਂ ਲਈ 50 ਕਰੋੜ ਰੁਪਏ ਦਿੱਤੇ ਸਨ। ਪਰ ਇਸ ਵਿੱਤੀ ਸਾਲ ਦੇ ਬਜਟ ਦੌਰਾਨ ਤਨਖਾਹਾਂ ਲਈ 164 ਕਰੋੜ ਰੁਪਏ ਦੀ ਹੀ ਵਿਵਸਥਾ ਕੀਤੀ ਗਈ। ਇਸਦਾ ਯੂਨੀਵਰਸਿਟੀ ਖੇਮੇ ਦੇ ਨਾਲ ਨਾਲ ਰਾਜਸੀ ਹਲਕਿਆਂ ਵੱਲੋਂ ਵੀ ਵਿਰੋਧ ਕੀਤਾ ਜਾਣ ਲੱਗਾ ਸੀ। ਪਰ ‘ਆਪ’ ਦੇ ਆਗੂਆਂ ਦਾ ਤਰਕ ਸੀ ਕਿ ਪਿਛਲੇ 50 ਕਰੋੜ ਤਾਂ ਸਰਕਾਰ ਨੇ ਵੈਸੇ ਹੀ ਵਿੱਤੀ ਮਦਦ ਵਜੋਂ ਵਾਧੂ ਦੇ ਦਿੱਤੇ ਸਨ, ਤਨਖਾਹਾਂ ਲਈ ਤਾਂ 150 ਕਰੋੜ ਹੀ ਰੱਖੇ ਗਏ ਸਨ ਜਦਕਿ ਐਤਕੀ ਉਸ ਤੋਂ 14 ਕਰੋੜ ਵੱਧ ਭਾਵ 164 ਕਰੋੜ ਰੁਪਏ ਰੱਖੇ ਗਏ ਹਨ। ਗਰਾਂਟ ’ਚ ਵਾਧਾ ਕਰਵਾਉਣ ਲਈ ਆਪਣੇ ਪੱਧਰ ’ਤੇ ਚਾਰਾਜ਼ੋਈ ਕਰਦੇ ਰਹੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਵੀ ਇਹ ਗਰਾਂਟ ਵਧਾ ਕੇ 30 ਕਰੋੜ ਰੁਪਏ ਮਹੀਨੇ ਦੇ ਹਿਸਾਬ ਨਾਲ 360 ਕਰੋੜ ਰੁਪਏ ਸਾਲਾਨਾ ਕਰਨ ਦੀ ਮੰਗ ਕੀਤੀ ਸੀ। ਇਸੇ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਵਾਅਦੇ ਮੁਤਾਬਕ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਦੇ 90 ਕਰੋੜ ਦੀ ਗਰਾਂਟ ਦਾ ਪੱਤਰ ਜਾਰੀ ਕਰ ਦਿੱਤਾ ਹੈ। ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ।

 

Check Also

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤਿ੍ਰਪੁਰਾ ਅਤੇ ਮਿਜ਼ੋਰਮ ਦੇ ਰਾਜਪਾਲ

ਪਰਿਵਾਰ ਸਮੇਤ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ ਅੰਮਿ੍ਰਤਸਰ/ਬਿਊਰੋ ਨਿਊਜ਼ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ …