ਵਿਜੀਲੈਂਸ ਨੇ ਲੈਂਡ ਅਲਾਟਮੈਂਟ ਮਾਮਲੇ ‘ਚ ਮਨਪ੍ਰੀਤ ਬਾਦਲ ਕੋਲੋਂ ਢਾਈ ਘੰਟੇ ਕੀਤੀ ਪੁੱਛਗਿੱਛ
ਬਠਿੰਡਾ/ਬਿਊਰੋ ਨਿਊਜ਼ : ਬਠਿੰਡਾ ਲੈਂਡ ਅਲਾਟਮੈਂਟ ਮਾਮਲੇ ‘ਚ ਫਸੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਜੀਲੈਂਸ ਦੇ ਬਠਿੰਡਾ ਸਥਿਤ ਦਫ਼ਤਰ ‘ਚ ਪੇਸ਼ ਹੋਏ। ਕਮਰ ਦਰਦ ਕਾਰਨ ਸਾਬਕਾ ਵਿੱਤ ਮੰਤਰੀ ਨੇ ਕਮਰ ‘ਤੇ ਬੈਲਟ ਲਗਾਈ ਹੋਈ ਸੀ ਅਤੇ ਵਿਜੀਲੈਂਸ ਨੇ ਉਨ੍ਹਾਂ ਕੋਲੋਂ ਲਗਭਗ ਢਾਈ ਘੰਟੇ ਪੁੱਛਗਿੱਛ ਕੀਤੀ। ਪੁੱਛਗਿੱਛ ਮਗਰੋਂ ਵਿਜੀਲੈਂਸ ਦੇ ਡੀਐਸਪੀ ਕੁਲਵੰਤ ਸਿੰਘ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਮੈਡੀਕਲ ਤੌਰ ‘ਤੇ ਫਿੱਟ ਨਹੀਂ ਜਿਸ ਚਲਦਿਆਂ ਵਿਜੀਲੈਂਸ ਮਨਪ੍ਰੀਤ ਬਾਦਲ ਨੂੰ ਪੁੱਛਗਿੱਛ ਲਈ ਦੁਬਾਰਾ ਸੱਦੇਗੀ।
ਉਨ੍ਹਾਂ ਦੱਸਿਆ ਕਿ ਮਨਪ੍ਰੀਤ ਬਾਦਲ ਨੂੰ ਕੁੱਝ ਡਾਕੂਮੈਂਟ ਲੈ ਕੇ ਆਉਣ ਲਈ ਕਿਹਾ ਗਿਆ ਸੀ ਪ੍ਰੰਤੂ ਉਹ ਨਹੀਂ ਲੈ ਕੇ ਆਏ। ਅਗਲੀ ਪੇਸ਼ੀ ਸਮੇਂ ਉਨ੍ਹਾਂ ਨੂੰ ਸਾਰੇ ਡਾਕੂਮੈਂਟ ਲੈ ਕੇ ਆਉਣ ਲਈ ਕਿਹਾ ਗਿਆ ਹੈ। ਉਧਰ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਕਿਹਾ ਸੀ ਅਤੇ ਅੱਜ ਵੀ ਕਹਿ ਰਹੇ ਹਨ ਕਿ ਪਬਲਿਕ ਸਰਵੈਂਟ ਅਤੇ ਰਾਜਨੀਤਿਕ ਵਿਅਕਤੀਆਂ ਦਾ ਹਿਸਾਬ-ਕਿਤਾਬ ਹੋਣਾ ਚਾਹੀਦਾ ਹੈ। ਪ੍ਰੰਤੂ ਕਿਸੇ ‘ਤੇ ਪਰਚਾ ਦਰਜ ਕਰਨ ਨਾਲ ਉਹ ਗੁਨਾਹਗਾਰ ਨਹੀਂ ਹੋ ਜਾਂਦਾ। ਉਨ੍ਹਾਂ ਕਿਹਾ ਕਿ ਜੇਕਰ ਵਿਜੀਲੈਂਸ ਉਨ੍ਹਾਂ ਨੂੰ 10 ਵਾਰ ਵੀ ਬੁਲਾਏਗੀ ਤਾਂ ਉਹ ਆਉਣ ਲਈ ਤਿਆਰ ਹਨ ਅਤੇ ਉਨ੍ਹਾਂ ਭਾਰਤੀ ਕਾਨੂੰਨ ‘ਤੇ ਪੂਰਾ ਭਰੋਸਾ ਅਤੇ ਵਿਸ਼ਵਾਸ ਹੈ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਗੇ ਕਿਹਾ ਕਿ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ।
Check Also
ਹਰਿਆਣਾ ਸਰਕਾਰ ਫਿਲਹਾਲ ਕਿਸਾਨਾਂ ਨੂੰ ਦਿੱਲੀ ਜਾਣ ਦੀ ਨਹੀਂ ਦੇਵੇਗੀ ਆਗਿਆ
ਪ੍ਰਧਾਨ ਮੰਤਰੀ ਦੇ ਪਾਣੀਪਤ ਦੌਰੇ ਨੂੰ ਧਿਆਨ ’ਚ ਰੱਖਦੇ ਹੋਏ ਲਿਆ ਫੈਸਲਾ ਚੰਡੀਗੜ੍ਹ/ਬਿਊਰੋ ਨਿਊਜ਼ : …