ਟੋਰਾਂਟੋ: ਲਿਬਰਲ ਸਰਕਾਰ ਵੱਲੋਂ ਅਜਿਹਾ ਬਿੱਲ ਪੇਸ਼ ਕੀਤਾ ਗਿਆ ਹੈ ਜਿਹੜਾ ਕੈਨੇਡੀਅਨਜ਼ ਨੂੰ ਆਨਲਾਈਨ ਹੇਟ ਸਪੀਚ ਤੋਂ ਬਚਾਵੇਗਾ। ਇਸ ਬਿੱਲ ਤਹਿਤ ਕੈਨੇਡੀਅਨ ਹਿਊਮਨ ਰਾਈਟਸ ਐਕਟ ਵਿੱਚ ਸੋਧ ਕਰਕੇ ਉਸ ਵਿਵਾਦਗ੍ਰਸਤ ਹਿੱਸੇ ਦੇ ਸੋਧੇ ਹੋਏ ਵਰਜ਼ਨ ਨੂੰ ਬਹਾਲ ਕੀਤਾ ਜਾਵੇਗਾ ਜਿਸ ਨੂੰ ਵਿਚਾਰ ਪ੍ਰਗਟਾਉਣ ਦੇ ਅਧਿਕਾਰ ਦੀ ਉਲੰਘਣਾਂ ਦੱਸਦਿਆਂ ਹੋਇਆਂ 2013 ਵਿੱਚ ਰੱਦ ਕਰ ਦਿੱਤਾ ਗਿਆ ਸੀ। ਇਸ ਵਿੱਚ ਨਫਰਤ ਨੂੰ ਹੋਰ ਅੱਗੇ ਪਰਿਭਾਸ਼ਿਤ ਕੀਤਾ ਗਿਆ ਹੈ ਤੇ ਇਸ ਨੂੰ ਨਾਪਸੰਦੀ ਜਾਂ ਤਿਰਸਕਾਰ ਤੋਂ ਵੀ ਅਗਾਂਹ ਘ੍ਰਿਣਾ ਜਾਂ ਗਾਲਾਂ ਕੱਢਣ ਵਾਲਾ ਭਾਵ ਦੱਸਿਆ ਗਿਆ ਹੈ।
ਇਸ ਬਿੱਲ ਤਹਿਤ ਕੋਈ ਵਿਅਕਤੀ ਜਾਂ ਗਰੁੱਪਸ ਹੇਟ ਸਪੀਚ ਸਬੰਧੀ ਸ਼ਿਕਾਇਤ ਕੈਨੇਡੀਅਨ ਹਿਊਮਨ ਰਾਈਟਸ ਕਮਿਸ਼ਨ ਕੋਲ ਦਰਜ ਕਰਵਾ ਸਕਦੇ ਹਨ ਤੇ ਇਹ ਕਮਿਸ਼ਨ ਅਪਰਾਧੀਆਂ ਨੂੰ ਕਮਿਊਨਿਕੇਸ਼ਨ ਬਿਲਕੁਲ ਬੰਦ ਕਰਨ ਦਾ ਹੁਕਮ ਦੇ ਸਕਦਾ ਹੈ ਤੇ ਕੁੱਝ ਮਾਮਲਿਆਂ ਵਿੱਚ ਅਪਰਾਧੀਆਂ ਨੂੰ ਜੁਰਮਾਨਾ ਵੀ ਲਾਇਆ ਜਾ ਸਕਦਾ ਹੈ ਤੇ ਮੁਆਵਜ਼ਾ ਵੀ ਭਰਨਾ ਪੈ ਸਕਦਾ ਹੈ। ਇਸ ਬਿੱਲ ਦੇ ਨੇੜ ਭਵਿੱਖ ਵਿੱਚ ਕਾਨੂੰਨ ਬਣਨ ਦੀ ਸੰਭਾਵਨਾ ਕਾਫੀ ਘੱਟ ਹੈ। ਇਹ ਉਸ ਸਮੇਂ ਪੇਸ਼ ਕੀਤਾ ਗਿਆ ਹੈ ਜਦੋਂ ਗਰਮੀਆਂ ਲਈ ਹਾਊਸ ਆਫ ਕਾਮਨਜ਼ ਦੀ ਕਾਰਵਾਈ ਨੂੰ ਉਠਾ ਦਿੱਤਾ ਗਿਆ ਹੈ।