Breaking News
Home / ਪੰਜਾਬ / 550 ਸਾਲਾ ਸਮਾਗਮਾਂ ਲਈ ਕਿਸਾਨਾਂ ਨੇ ਸੰਤ ਸੀਚੇਵਾਲ ਨਾਲ ਕੀਤੀ ਮੀਟਿੰਗ

550 ਸਾਲਾ ਸਮਾਗਮਾਂ ਲਈ ਕਿਸਾਨਾਂ ਨੇ ਸੰਤ ਸੀਚੇਵਾਲ ਨਾਲ ਕੀਤੀ ਮੀਟਿੰਗ

ਆਰਗੈਨਿਕ ਸਬਜ਼ੀਆਂ ਦੇ ਲੱਗਣਗੇ ਲੰਗਰ
ਸੁਲਤਾਨਪੁਰ ਲੋਧੀ/ਬਿਊਰੋ ਨਿਊਜ਼
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਨਵੰਬਰ ਮਹੀਨੇ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ‘ਤੇ ਕਰਵਾਏ ਜਾ ਰਹੇ ਸਮਾਗਮਾਂ ਦੌਰਾਨ ਲੱਗਣ ਵਾਲੇ ਲੰਗਰਾਂ ਵਾਸਤੇ ਆਰਗੈਨਿਕ ਸਬਜ਼ੀਆਂ ਪੈਦਾ ਕਰਨ ਲਈ ਉਘੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਿਰਮਲ ਕੁਟੀਆ ਸੀਚੇਵਾਲ ਵਿਖੇ ਇਲਾਕੇ ਦੇ ਕਿਸਾਨਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਕਿਸਾਨਾਂ ਨੇ ਹਲਵਾ, ਕੱਦੂ, ਗਾਜ਼ਰ, ਪਾਲਕ, ਤੋਰੀਆ ਆਦਿ ਪੈਦਾ ਕਰਨ ਲਈ ਇਕ ਕਨਾਲ ਤੋਂ ਇਕ ਏਕੜ ਤੱਕ ਹਰ ਕਿਸਾਨ ਨੇ ਹਾਮੀ ਭਰੀ। ਕਿਸਾਨ ਤੇਗਾ ਸਿੰਘ ਨੇ ਆਪਣੇ ਖੇਤਾਂ ਵਿਚ ਸਬਜ਼ੀ ਲਗਾ ਕੇ ਸ਼ੁਰੂਆਤ ਕੀਤੀ। ਸੰਤ ਸੀਚੇਵਾਲ ਨੇ ਕਿਸਾਨਾਂ ਨੂੰ ਕਿਹਾ ਕਿ ਸਾਡੇ ਲਈ 550 ਸਾਲਾ ਸਮਾਗਮਾਂ ਦੌਰਾਨ ਸੰਗਤ ਦੀ ਸੇਵਾ ਕਰਨ ਦਾ ਸੁਨਹਿਰੀ ਮੌਕਾ ਹੈ। ਇਸ ਮੌਕੇ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਨਾਲ ਸਾਂਝ ਵਧਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਰ ਪਿੰਡ ਹਰ ਘਰ ਸੰਗਤ ਠਹਿਰਾਉਣ ਲਈ ਪਿੰਡਾਂ ਵਾਲਿਆਂ ਵਿਚ ਭਾਰੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਮਲਸੀਆਂ ਤੋਂ ਲੋਹੀਆਂ ਰੋਡ ‘ਤੇ ਨਿਹਾਲੂਵਾਲ ਸਕੂਲ ਵਿਚ ਇਲਾਕੇ ਦੇ ਸਾਰੇ ਪਿੰਡਾਂ ਦਾ ਸਾਂਝਾ ਲੰਗਰ ਲਗਾਇਆ ਜਾਵੇਗਾ। ਸੁਲਤਾਨਪੁਰ ਲੋਧੀ ਵਿਖੇ ਵੀ ਲੰਗਰ ਲੱਗਣਗੇ। ਇਨ੍ਹਾਂ ਲੰਗਰਾਂ ਲਈ ਹਰ ਪਿੰਡਾਂ ਵਿਚ ਲੰਗਰ ਤਿਆਰ ਕੀਤੇ ਜਾਣਗੇ। ਆਈਆਂ ਸੰਗਤਾਂ ਦੀ ਸੇਵਾ ਲਈ ਘਰ-ਘਰ ਤੋਂ ਬਿਸਤਰੇ ਵੀ ਇਕੱਠੇ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਨੂੰ ਆਉਂਦੇ ਸਾਰੇ ਰਸਤਿਆਂ ਨੂੰ ਸੰਵਾਰਨ ਅਤੇ ਸ਼ਿੰਗਾਰਨ ਦੀ ਸੇਵਾ ਕੀਤੀ ਜਾਵੇਗੀ। ਇਨ੍ਹਾਂ ਪਵਿੱਤਰ ਕਾਰਜਾਂ ਵਿਚ ਸਹਿਯੋਗ ਕਰਨ ਲਈ ਪਿੰਡਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਯੂਥ ਕਲੱਬ, ਪੰਚਾਇਤਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਅੱਗੇ ਹੋਣ। ਇਸ ਮੌਕੇ ਪਿੰਡ ਸੀਚੇਵਾਲ, ਤਲਵੰਡੀ ਮਾਧੋ, ਅਹਿਮਦਪੁਰ, ਚੱਕ ਚੇਲਾ, ਵਾੜਾ ਜਗੀਰ, ਨਿਹਾਲੂਵਾਲ, ਮਹਿਮੂਵਾਲ, ਮਾਲੂਪੁਰ, ਰੂਪੇਵਾਲ, ਦੋਦਾ ਵਜ਼ੀਰ, ਸਰੂਪਵਾਲ, ਕਿਲੀਵਾੜਾ, ਮੇਵਾ ਸਿੰਘ ਵਾਲਾ, ਸਰਾਏ ਜੱਟਾਂ, ਸ਼ੇਰਪੁਰ ਦੋਨਾ, ਕੋਟਲਾ ਹੇਰ, ਫੌਜੀ ਕਲੋਨੀ, ਮੁਹੱਬਲੀਪੁਰ, ਤਾਸ਼ਪੁਰ, ਰਾਮਪੁਰ ਜਗੀਰ ਸਮੇਤ ਹੋਰ ਪਿੰਡਾਂ ਦੇ ਕਿਸਾਨ ਵੀ ਹਾਜ਼ਰ ਸਨ।

Check Also

ਭਾਜਪਾ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਨੇ ਮੋਰਿੰਡਾ, ਸ੍ਰੀ ਚਮਕੌਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਚੋਣ ਪ੍ਰਚਾਰ ਕੀਤਾ 

ਮੋਰਿੰਡਾ : ਸ੍ਰੀ ਅਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਨੇ ਆਪਣੀ ਚੋਣ ਮੁਹਿੰਮ …