Breaking News
Home / ਪੰਜਾਬ / 584 ਕਿਲੋ ਨਸ਼ੀਲੇ ਪਦਾਰਥਾਂ ਦਾ ਮਾਮਲਾ

584 ਕਿਲੋ ਨਸ਼ੀਲੇ ਪਦਾਰਥਾਂ ਦਾ ਮਾਮਲਾ

ਅੰਮ੍ਰਿਤਸਰ ਦੇ ਵਪਾਰੀ ਗੁਰਪਿੰਦਰ ਦੀ ਜੇਲ੍ਹ ‘ਚ ਮੌਤ
ਗੁਰਪਿੰਦਰ ਦੇ ਪਰਿਵਾਰ ਨੇ ਜੇਲ੍ਹ ਪ੍ਰਸ਼ਾਸਨ ‘ਤੇ ਲਗਾਏ ਲਾਪ੍ਰਵਾਹੀ ਵਰਤਣ ਦੇ ਇਲਜ਼ਾਮ
ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ਤੋਂ ਲੂਣ ਵਿਚ ਲੁਕੋ ਕੇ ਭੇਜੀ ਗਈ 532 ਕਿਲੋ ਹੈਰੋਇਨ ਅਤੇ 52 ਕਿਲੋ ਹੋਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਅੰਮ੍ਰਿਤਸਰ ਦੇ ਵਪਾਰੀ ਗੁਰਪਿੰਦਰ ਸਿੰਘ ਦੀ ਜੇਲ੍ਹ ਵਿਚ ਮੌਤ ਹੋ ਗਈ। ਗੁਰਪਿੰਦਰ ਦੇ ਪਰਿਵਾਰ ਨੇ ਜੇਲ੍ਹ ਪ੍ਰਸ਼ਾਸਨ ‘ਤੇ ਲਾਪ੍ਰਵਾਹੀ ਵਰਤਣ ਦਾ ਇਲਜ਼ਾਮ ਲਾਇਆ ਹੈ। ਜੇਲ੍ਹ ਪ੍ਰਸ਼ਾਸਨ ਮੁਤਾਬਕ ਗੁਰਪਿੰਦਰ ਨੂੰ ਐਤਵਾਰ ਸਵੇਰੇ ਖ਼ੂਨ ਦੀ ਉਲਟੀ ਆਈ ਸੀ। ਉਸ ਨੂੰ ਤੁਰੰਤ ਗੁਰੂ ਨਾਨਕ ਦੇਵ ਹਸਪਤਾਲ ਭੇਜਿਆ ਗਿਆ ਪਰ ਰਸਤੇ ਵਿਚ ਹੀ ਮੌਤ ਹੋ ਗਈ। ਉਹ ਸ਼ੂਗਰ ਤੇ ਹਾਈ ਬਲੱਡ ਪ੍ਰੈੱਸ਼ਰ ਤੋਂ ਪੀੜਤ ਸੀ ਅਤੇ ਨਿਆਂਇਕ ਹਿਰਾਸਤ ਦੌਰਾਨ ਕੁਝ ਦਿਨ ਹਸਪਤਾਲ ਵਿਚ ਵੀ ਜ਼ੇਰੇ ਇਲਾਜ ਰਿਹਾ। ਕੇਂਦਰੀ ਜੇਲ੍ਹ ਦੇ ਡਿਪਟੀ ਸੁਪਰਡੈਂਟ ਕਮਲਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਜਦ ਗੁਰਪਿੰਦਰ ਦੰਦ ਸਾਫ਼ ਕਰਨ ਲਈ ਬਰੱਸ਼ ਕਰ ਰਿਹਾ ਸੀ ਤਾਂ ਉਸ ਨੂੰ ਖ਼ੂਨ ਦੀ ਉਲਟੀ ਆਈ। ਉਸ ਨੂੰ ਤੁਰੰਤ ਜੇਲ੍ਹ ਡਾਕਟਰ ਕੋਲ ਲਿਜਾਇਆ ਗਿਆ ਤੇ ਮਗਰੋਂ ਗੁਰੂ ਨਾਨਕ ਦੇਵ ਹਸਪਤਾਲ ਭੇਜ ਦਿੱਤਾ ਗਿਆ। ਹਸਪਤਾਲ ਵਿਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਗੁਰਪਿੰਦਰ ਦੀ ਮਾਂ ਕੰਵਲਜੀਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਨ੍ਹਾਂ ਦੇ ਬੇਟੇ ਦੀ ਹਾਲਤ ਠੀਕ ਨਹੀਂ ਹੈ ਅਤੇ ਉਸ ਨੂੰ ਹਸਪਤਾਲ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦ ਉਹ ਹਸਪਤਾਲ ਪੁੱਜੇ ਤਾਂ ਡਾਕਟਰਾਂ ਨੇ ਕੁਝ ਵੀ ਦੱਸਣ ਤੋਂ ਗੁਰੇਜ਼ ਕੀਤਾ। ਮਗਰੋਂ ਮੌਤ ਹੋਣ ਬਾਰੇ ਹੀ ਦੱਸਿਆ ਗਿਆ ਤੇ ਕਿਹਾ ਗਿਆ ਕਿ ਦੇਹ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਛੋਟੇ ਬੇਟੇ ਪਰਮਿੰਦਰ ਨੂੰ ਵੀ ਬਿਨਾਂ ਕਸੂਰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਉਸ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਉਨ੍ਹਾਂ ਉਸ ਨੂੰ ਰਿਹਾਅ ਕਰਨ ਦੀ ਮੰਗ ਕੀਤੀ।
ਜ਼ਿਕਰਯੋਗ ਹੈ ਕਿ ਗੁਰਪਿੰਦਰ ਨੇ ਲਾਹੌਰ ਦੀ ਇਕ ਕੰਪਨੀ ਕੋਲੋਂ ਪਾਕਿਸਤਾਨੀ ਲੂਣ ਦੀ ਖ਼ੇਪ ਮੰਗਵਾਈ ਸੀ, ਜੋ 26 ਜੂਨ ਨੂੰ ਆਈਸੀਪੀ ਅਟਾਰੀ ਪੁੱਜੀ ਸੀ। 29 ਜੂਨ ਨੂੰ ਕਸਟਮ ਅਧਿਕਾਰੀਆਂ ਨੇ ਇਸ ਦੀ ਜਾਂਚ ਕਰਦਿਆਂ 532 ਕਿਲੋ ਹੈਰੋਇਨ ਅਤੇ 52 ਕਿਲੋ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਸਨ। ਇਸ ਸਬੰਧੀ ਕਸਟਮ ਵਿਭਾਗ ਨੇ ਅੰਮ੍ਰਿਤਸਰ ਦੇ ਵਪਾਰੀ ਗੁਰਪਿੰਦਰ ਸਿੰਘ ਅਤੇ ਜੰਮੂ ਕਸ਼ਮੀਰ ਦੇ ਹੰਦਵਾੜਾ ਜ਼ਿਲ੍ਹੇ ਦੇ ਤਾਰਿਕ ਅਹਿਮਦ ਨੂੰ ਗ੍ਰਿਫ਼ਤਾਰ ਕੀਤਾ ਸੀ।
ਕੈਪਟਨ ਅਮਰਿੰਦਰ ਨੇ ਦਿੱਤੇ ਜਾਂਚ ਦੇ ਹੁਕਮ
ਚੰਡੀਗੜ੍ਹ : ਅੰਮ੍ਰਿਤਸਰ ਵਿੱਚ 2700 ਕਰੋੜੀ ਹੈਰੋਇਨ ਤਸਕਰੀ ਮਾਮਲੇ ਵਿਚ ਗ੍ਰਿਫ਼ਤਾਰ ਲੂਣ ਦੇ ਵਪਾਰੀ ਗੁਰਪਿੰਦਰ ਸਿੰਘ ਦੀ ਸ਼ੱਕੀ ਹਾਲਤ ਵਿਚ ਹਿਰਾਸਤੀ ਮੌਤ ਦਾ ਮਾਮਲਾ ਗਰਮਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੀ ਜਾਂਚ ਦੇ ਹੁਕਮ ਦਿੱਤੇ ਹਨ। ਆਮ ਆਦਮੀ ਪਾਰਟੀ ਨੇ ਗੁਰਪਿੰਦਰ ਦੀ ਹਿਰਾਸਤੀ ਮੌਤ ਨੂੰ ਵੱਡੀ ਸਾਜ਼ਿਸ਼ ਕਰਾਰ ਦਿੱਤਾ ਹੈ। ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ 29 ਸਾਲਾ ਗੁਰਪਿੰਦਰ ਦੀ ਮੌਤ ਪਿੱਛੇ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੇ ਜੋ ਕਾਰਨ ਦੱਸੇ ਜਾ ਰਹੇ ਹਨ, ਉਹ ਕਿਸੇ ਦੇ ਵੀ ਹਜ਼ਮ ਨਹੀਂ ਹੋ ਰਹੇ। ਧਿਆਨ ਰਹੇ ਕਿ ਪਾਕਿਸਤਾਨ ਤੋਂ ਲੂਣ ਵਿਚ ਲੁਕੋ ਕੇ ਭੇਜੀ ਗਈ 532 ਕਿਲੋ ਹੈਰੋਇਨ ਅਤੇ 52 ਕਿਲੋ ਹੋਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿਚ ਗੁਰਪਿੰਦਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਸਦੀ ਲੰਘੇ ਕੱਲ੍ਹ ਅੰਮ੍ਰਿਤਸਰ ਦੀ ਜੇਲ੍ਹ ਵਿਚ ਮੌਤ ਹੋ ਗਈ ਸੀ। ਗੁਰਪਿੰਦਰ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਗੁਰਪਿੰਦਰ ਦੀ ਮੌਤ ਪੁਲਿਸ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਹੋਈ ਹੈ।
ਪਰਿਵਾਰ ਨੇ ਗੁਰਪਿੰਦਰ ਨੂੰ ਬੇਕਸੂਰ ਦੱਸਿਆ
ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਜਦ ਪਹਿਲਾਂ ਵੀ ਉਹ ਠੀਕ ਨਹੀਂ ਸੀ ਤਾਂ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਲਿਆਂਦਾ ਗਿਆ ਸੀ। ਉਸ ਵੇਲੇ ਉਹ ਖ਼ੁਦ ਉਸ ਦੀ ਸ਼ੂਗਰ ਦੀ ਦਵਾਈ ਦੇ ਕੇ ਆਈ ਸੀ ਤੇ ਜੇਲ੍ਹ ਕਰਮਚਾਰੀਆਂ ਨੇ ਭਰੋਸਾ ਦਿੱਤਾ ਸੀ ਕਿ ਉਸ ਦੀ ਬੀਮਾਰੀ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਗੁਰਪਿੰਦਰ ਨੂੰ ਬੇਕਸੂਰ ਦੱਸਿਆ।
ਸੁਰੱਖਿਆ ਏਜੰਸੀਆਂ ਨੂੰ ਸਾਜ਼ਿਸ਼ ਦਾ ਸ਼ੱਕ
ਚੰਡੀਗੜ੍ਹ : ਹੈਰੋਇਨ ਤਸਕਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਅੰਮ੍ਰਿਤਸਰ ਦੇ ਵਪਾਰੀ ਗੁਰਪਿੰਦਰ ਸਿੰਘ ਦੀ ਐਤਵਾਰ ਸੁਵੱਖਤੇ ਸ਼ੱਕੀ ਹਾਲਤ ਵਿਚ ਹੋਈ ਮੌਤ ਸਬੰਧੀ ਸੁਰੱਖਿਆ ਏਜੰਸੀਆਂ ਨੇ ਹੈਰਾਨੀ ਤੇ ਬੇਭਰੋਸਗੀ ਦਾ ਇਜ਼ਹਾਰ ਕੀਤਾ ਹੈ। ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਤੇ ਪੰਜਾਬ ਪੁਲਿਸ ਨੇ ਮੌਤ ਪਿੱਛੇ ਕਿਸੇ ਸਾਜ਼ਿਸ਼ ਦਾ ਸ਼ੱਕ ਜ਼ਾਹਿਰ ਕੀਤਾ ਹੈ। ਦੱਸਣਯੋਗ ਹੈ ਕਿ ਸ਼ੂਗਰ ਦੇ ਮਰੀਜ਼ ਗੁਰਪਿੰਦਰ ਨੂੰ ਸ਼ਨਿਚਰਵਾਰ ਰਾਤ 8.30 ਵਜੇ ਜਦੋਂ ਬੈਰਕ ਵਿਚ ਭੇਜਿਆ ਗਿਆ ਸੀ ਤਾਂ ਉਸ ਦੀ ਸ਼ੂਗਰ ਦਾ ਪੱਧਰ ਠੀਕ ਪਾਇਆ ਗਿਆ ਸੀ ਤੇ ਉਹ ਪੂਰੀ ਤਰ੍ਹਾਂ ਤੰਦਰੁਸਤ ਸੀ। ਇਸ ਤੋਂ ਬਾਅਦ 12 ਘੰਟੇ ਤੋਂ ਵੀ ਘੱਟ ਸਮੇਂ ਦੇ ਅੰਦਰ ਸਵੇਰੇ ਬਰੱਸ਼ ਕਰਨ ਦੌਰਾਨ ਉਸ ਦੇ ਮੂੰਹ ਵਿਚੋਂ ਖ਼ੂਨ ਆਉਣਾ ਤੇ ਮੌਤ ਹੋ ਜਾਣੀ ਏਜੰਸੀਆਂ ਨੂੰ ਹਜ਼ਮ ਨਹੀਂ ਹੋ ਰਹੀ।

Check Also

ਸੁਨੀਲ ਜਾਖੜ ਨੇ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੇ ਪ੍ਰਦਰਸ਼ਨ ਨੂੰ ਦੱਸਿਆ ਵਧੀਆ

ਕਿਹਾ : ਹੁਸ਼ਿਆਰਪੁਰ ਦੇ ਨਤੀਜੇ ਸਾਡੀ ਉਮੀਦ ਅਨੁਸਾਰ ਨਹੀਂ ਆਏ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਭਾਜਪਾ …