
ਸਬਸਿਡੀ ਵਾਲੀ ਖਾਦ ਨਾਲ ਮਹਿੰਗੇ ਬੂਸਟਰ ਵੇਚਣ ਦਾ ਮਾਮਲਾ ਚੁੱਕਿਆ
ਰੂਪਨਗਰ/ਬਿਊਰੋ ਨਿਊਜ਼
ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਕਿਸਾਨਾਂ ਨਾਲ ਹੋ ਰਹੇ ਸ਼ੋਸ਼ਣ ਦਾ ਮਾਮਲਾ ਚੁੱਕਿਆ ਹੈ। ਕੰਗ ਨੇ ਨਰਿੰਦਰ ਮੋਦੀ ਸਰਕਾਰ ਨੂੰ ਇਕ ਚਿੱਠੀ ਲਿਖੀ ਹੈ ਅਤੇ ਇਸ ਚਿੱਠੀ ਵਿਚ ਪੰਜਾਬ ਦੇ ਕਿਸਾਨਾਂ ਨੂੰ ਸਬਸਿਡੀ ਵਾਲੀ ਖਾਦ ਦੇ ਨਾਲ ਮਹਿੰਗੇ ਬੂਸਟਰ ਖਰੀਦਣ ਲਈ ਮਜਬੂਰ ਕੀਤੇ ਜਾਣ ਦਾ ਮੁੱਦਾ ਚੁੱਕਿਆ ਹੈ। ਮਾਲਵਿੰਦਰ ਸਿੰਘ ਕੰਗ ਨੇ ਮੰਗ ਕੀਤੀ ਕਿ ਕਿਸਾਨਾਂ ਦਾ ਸ਼ੋਸ਼ਣ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਸੰਸਦ ਮੈਂਬਰ ਨੇ ਦਾਅਵਾ ਕੀਤਾ ਕਿ ਅਜਿਹੇ ਬੂਸਟਰ ਖਰੀਦਣ ਨਾਲ ਕਿਸਾਨਾਂ ਨੂੰ ਲਾਭ ਦੀ ਥਾਂ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਿਚ ਅਜਿਹੀ ਧੱਕੇਸ਼ਾਹੀ ਨੂੰ ਰੋਕਣ ਲਈ ਕੌਮੀ ਪੱਧਰ ’ਤੇ ਨਿਗਰਾਨੀ ਦੀ ਲੋੜ ਹੈ। ਕੰਗ ਨੇ ਕਿਹਾ ਕਿ ਕਿਸਾਨਾਂ ਨੂੰ ਖਾਦ ਦੇ ਨਾਲ-ਨਾਲ ਜਬਰੀ ਅਜਿਹੇ ਬੂਸਟਰ ਵੇਚਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

