-1.1 C
Toronto
Sunday, May 3, 2026
spot_img
HomeਕੈਨੇਡਾFrontArshdeep Singh ਦੇ ਪਿਤਾ ਦਰਸ਼ਨ ਸਿੰਘ ਦੀ ਕੈਨੇਡਾ ਵਿੱਚ ਹੋਣ ਵਾਲੇ ਵਿਸ਼ਵ...

Arshdeep Singh ਦੇ ਪਿਤਾ ਦਰਸ਼ਨ ਸਿੰਘ ਦੀ ਕੈਨੇਡਾ ਵਿੱਚ ਹੋਣ ਵਾਲੇ ਵਿਸ਼ਵ ਕੱਪ ਲਈ ਚੋਣ


ਭਾਰਤੀ ਤੇਜ਼ ਗੇਂਦਬਾਜ਼ ਦੇ ਪਿਤਾ ਮਾਸਟਰਜ਼ ਵਿਸ਼ਵ ਕੱਪ ਵਿੱਚ ਖੇਡਣਗੇ
ਚੰਡੀਗੜ੍ਹ : ਆਮ ਤੌਰ ’ਤੇ ਬੱਚੇ ਆਪਣੇ ਮਾਪਿਆਂ ਦੇ ਨਕਸ਼ੇ-ਕਦਮਾਂ ’ਤੇ ਚੱਲਦੇ ਹਨ ਪਰ ਭਾਰਤੀ ਤੇਜ਼ ਗੇਂਦਬਾਜ਼ ਅਤੇ ਦੋ ਵਾਰ ਦੇ ਟੀ-20 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਅਰਸ਼ਦੀਪ ਸਿੰਘ ਦੇ ਮਾਮਲੇ ਵਿੱਚ ਉਲਟ ਹੋ ਰਿਹਾ ਹੈ। ਅਰਸ਼ਦੀਪ ਦੇ ਪਿਤਾ ਦਰਸ਼ਨ ਸਿੰਘ ਦੀ ਚੋਣ ਅਗਸਤ 2026 ਵਿੱਚ ਮਿਸੀਸਾਗਾ (ਕੈਨੇਡਾ) ਵਿਚ ਹੋਣ ਵਾਲੇ 60 ਸਾਲ ਤੋਂ ਉੱਪਰ (Above 60’s) ਦੇ ਕ੍ਰਿਕਟ ਵਿਸ਼ਵ ਕੱਪ ਲਈ ਭਾਰਤੀ ਟੀਮ ਵਿੱਚ ਹੋਈ ਹੈ। ਵੈਟਰਨਜ਼ ਕ੍ਰਿਕਟ ਇੰਡੀਆ (VCI) ਨੇ ਇਸ ਟੂਰਨਾਮੈਂਟ ਲਈ 16 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ, ਜਿਸ ਦਾ ਪ੍ਰਬੰਧ ਕੌਂਸਲ ਆਫ ਕੈਨੇਡਾ ਮਾਸਟਰਜ਼ ਕ੍ਰਿਕਟ ਵੱਲੋਂ ਕੀਤਾ ਜਾ ਰਿਹਾ ਹੈ।
ਭਾਰਤੀ ਟੀਮ ਦੀ ਚੋਣ ਲਈ ਨੈਸ਼ਨਲ ਇੰਟਰ-ਜ਼ੋਨਲ ਟੂਰਨਾਮੈਂਟ ਕਰਵਾਇਆ ਗਿਆ ਸੀ ਅਤੇ ਖਿਡਾਰੀਆਂ ਦੀ ਫਿਟਨੈੱਸ ਦਾ ਮੁਲਾਂਕਣ ਕੀਤਾ ਗਿਆ। ਇਸ ਟੀਮ ਵਿੱਚ ਖਿਡਾਰੀਆਂ ਦੇ ਹੁਨਰ, ਸਰੀਰਕ ਸਮਰੱਥਾ ਅਤੇ ਖੇਡ ਪ੍ਰਤੀ ਉਨ੍ਹਾਂ ਦੇ ਨਜ਼ਰੀਏ ਨੂੰ ਮੁੱਖ ਰੱਖਿਆ ਗਿਆ। ਚੁਣੇ ਗਏ ਖਿਡਾਰੀਆਂ ਵਿੱਚ ਯੂ.ਆਰ. ਰਾਧਾਕ੍ਰਿਸ਼ਨਨ, ਵਰਿੰਦਰ ਭੁੰਬਲਾ, ਹੈਦਰ ਅਲੀ ਅਤੇ ਦਰਸ਼ਨ ਸਿੰਘ ਸਮੇਤ ਕੁੱਲ 16 ਮੈਂਬਰ ਸ਼ਾਮਲ ਹਨ।
ਭਾਰਤੀ ਟੀਮ ਨੂੰ ਪੂਲ-ਬੀ ਵਿੱਚ ਰੱਖਿਆ ਗਿਆ ਹੈ ਜਿੱਥੇ ਉਸ ਦਾ ਮੁਕਾਬਲਾ ਇੰਗਲੈਂਡ, ਨਿਊਜ਼ੀਲੈਂਡ, ਅਮਰੀਕਾ, ਜ਼ਿੰਬਾਬਵੇ, ਵੈਸਟਇੰਡੀਜ਼ ਅਤੇ ਸਕਾਟਲੈਂਡ ਵਰਗੀਆਂ ਟੀਮਾਂ ਨਾਲ ਹੋਵੇਗਾ। ਪੂਲ-ਏ ਵਿੱਚ ਆਸਟ੍ਰੇਲੀਆ, ਸ੍ਰੀਲੰਕਾ, ਪਾਕਿਸਤਾਨ, ਕੈਨੇਡਾ ਅਤੇ ਦੱਖਣੀ ਅਫਰੀਕਾ ਵਰਗੀਆਂ ਟੀਮਾਂ ਸ਼ਾਮਲ ਹਨ। ਇਹ ਟੂਰਨਾਮੈਂਟ 9 ਅਗਸਤ ਤੋਂ ਸ਼ੁਰੂ ਹੋਵੇਗਾ ਅਤੇ ਇਸ ਦਾ ਫਾਈਨਲ ਮੁਕਾਬਲਾ 23 ਅਗਸਤ ਨੂੰ ਖੇਡਿਆ ਜਾਵੇਗਾ।
ਸੀ.ਆਈ.ਐੱਸ.ਐੱਫ. (CISF) ਦੇ ਸਾਬਕਾ ਇੰਸਪੈਕਟਰ ਦਰਸ਼ਨ ਸਿੰਘ ਖੁਦ ਕ੍ਰਿਕਟ ਦੇ ਬਹੁਤ ਵੱਡੇ ਸ਼ੌਕੀਨ ਹਨ। ਉਹ ਲਗਾਤਾਰ ਕਾਰਪੋਰੇਟ ਕ੍ਰਿਕਟ ਖੇਡਦੇ ਰਹੇ ਹਨ ਅਤੇ ਅਰਸ਼ਦੀਪ ਸਿੰਘ ਨੂੰ ਸਥਾਨਕ ਮੈਦਾਨਾਂ ਤੋਂ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਉਣ ਵਿੱਚ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਹੁਣ ਉਹ ਖੁਦ ਵਿਸ਼ਵ ਪੱਧਰ ‘ਤੇ ਭਾਰਤ ਦੀ ਨੁਮਾਇੰਦਗੀ ਕਰਨ ਲਈ ਤਿਆਰ ਹਨ।

RELATED ARTICLES
POPULAR POSTS