Breaking News
Home / ਭਾਰਤ / ਰਾਹੁਲ ਗਾਂਧੀ ਦੀ ਤਾਜਪੋਸ਼ੀ

ਰਾਹੁਲ ਗਾਂਧੀ ਦੀ ਤਾਜਪੋਸ਼ੀ

ਛੋਟੀ ਵਿਰਾਸਤ ਵੱਡੀ ਚੁਣੌਤੀ
ਲੰਬੀ ਜੱਦੋ-ਜਹਿਦ ਅਤੇ ਰਸਮੀ ਚੋਣ ਪ੍ਰਕਿਰਿਆ ‘ਚੋਂ ਲੰਘਣ ਤੋਂ ਬਾਅਦ ਆਖਰ ਰਾਹੁਲ ਗਾਂਧੀ ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਕਾਂਗਰਸ ਦੇ ਪ੍ਰਧਾਨ ਬਣ ਗਏ ਹਨ, ਪਰ ਉਨ੍ਹਾਂ ਨੂੰ ਵਿਰਾਸਤ ਵਿਚ ਮਿਲੀ ਇਸ ਗੱਦੀ ਦੀ ਪ੍ਰਧਾਨਗੀ ਲਈ ਚੁਣੌਤੀਆਂ ਪਰਿਵਾਰ ‘ਚ ਪਹਿਲਾਂ ਪ੍ਰਧਾਨ ਰਹੇ ਨੇਤਾਵਾਂ ਦੇ ਮੁਕਾਬਲੇ ਜ਼ਿਆਦਾ ਹਨ। ਕਾਰਨ ਸਾਫ ਹੈ, ਰਾਹੁਲ ਨੂੰ ਇਸ ਗੱਦੀ ਦੇ ਰੂਪ ‘ਚ ਪਹਿਲਾਂ ਦੇ ਪ੍ਰਧਾਨਾਂ ਦੇ ਮੁਕਾਬਲੇ ਵਿਰਾਸਤ ਤਾਂ ਛੋਟੀ ਮਿਲੀ ਹੈ, ਪਰ ਉਨ੍ਹਾਂ ਦੇ ਸਾਹਮਣੇ ਆਪਣੇ ਪਹਿਲਾਂ ਬਣੇ ਪ੍ਰਧਾਨਾਂ ਦੇ ਮੁਕਾਬਲੇ ਚੁਣੌਤੀ ਵੱਡੀ ਹੈ। ਰਾਹੁਲ ਲਈ ਆਪਣੀ ਦਾਦੀ ਇੰਦਰਾ ਗਾਂਧੀ, ਪਿਤਾ ਰਾਜੀਵ ਗਾਂਧੀ ਅਤੇ ਮਾਂ ਸੋਨੀਆ ਗਾਂਧੀ ਦੇ ਮੁਕਾਬਲੇ ਇਹ ਵਿਰਾਸਤ ਛੋਟੀ ਕਿਉਂ ਹੈ ਅਤੇ ਮੌਜੂਦਾ ਸਿਆਸੀ ਪਰਿਪੇਖ ‘ਚ ਉਨ੍ਹਾਂ ਦੀ ਚੁਣੌਤੀ ਵੱਡੀ ਕਿਸ ਕਰਕੇ ਹੈ।
ਪ੍ਰਧਾਨ ਬਣਦੇ ਹੀ 8 ਸੂਬਿਆਂ ‘ਚ ਚੁਣੌਤੀ
ਰਾਹੁਲ ਦੇ ਪ੍ਰਧਾਨਗੀ ਅਹੁਦਾ ਸੰਭਾਲਦੇ ਹੀ ਉਨ੍ਹਾਂ ‘ਤੇ ਅਗਲੇ ਇਕ ਸਾਲ ਵਿਚ 8 ਵਿਧਾਨ ਸਭਾ ਚੋਣਾਂ ਲਈ ਪਾਰਟੀ ਨੂੰ ਤਿਆਰ ਕਰਨ ਦੀ ਜ਼ਿੰਮੇਵਾਰੀ ਹੋਵੇਗੀ। ਅਗਲੇ ਸਾਲ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਕਰਨਾਟਕ ਤੋਂ ਇਲਾਵਾ ਪੂਰਬ ਉਤਰੀ ਸੂਬਿਆਂ ਨਾਗਾਲੈਂਡ, ਮਿਜ਼ੋਰਮ, ਮੇਘਾਲਿਆ, ਤ੍ਰਿਪੁਰਾ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਸਨ। ਇਨ੍ਹਾਂ ਵਿਚੋਂ ਤ੍ਰਿਪੁਰਾ, ਨਾਗਾਲੈਂਡ ਅਤੇ ਮੇਘਾਲਿਆ ਦੀਆਂ ਚੋਣਾਂ ਫਰਵਰੀ 2018 ਵਿਚ ਹੀ ਹਨ। ਇਨ੍ਹਾਂ ਵਿਚੋਂ ਮੇਘਾਲਿਆ ਵਿਚ ਕਾਂਗਰਸ ਦੀ ਸਰਕਾਰ ਹੈ, ਲਿਹਾਜ਼ਾ ਰਾਹੁਲ ਸਾਹਮਣੇ ਇਸ ਸਰਕਾਰ ਨੂੰ ਬਚਾਉਣ ਦੀ ਚੁਣੌਤੀ ਹੋਵੇਗੀ। ਇਸ ਤੋਂ ਇਲਾਵਾ ਨਾਗਾਲੈਂਡ ਵਿਚ ਨਾਗਾ ਪੀਪਲ ਫਰੰਟ ਦੀ ਸਰਕਾਰ ਹੈ, ਜਦਕਿ ਤ੍ਰਿਪੁਰਾ ਵਿਚ ਸੀਪੀਐਮ ਸੱਤਾ ਵਿਚ ਹੈ। ਇਸ ਤੋਂ ਤੁਰੰਤ ਬਾਅਦ ਅਗਲੇ ਸਾਲ ਮਈ ਵਿਚ ਕਰਨਾਟਕ ਵਿਚ ਵਿਧਾਨ ਸਭਾ ਚੋਣਾਂ ਹਨ। ਇੱਥੇ ਕਾਂਗਰਸ ਦੀ ਹੀ ਸਰਕਾਰ ਅਤੇ ਭਾਜਪਾ ਇੱਥੇ ਹਮਲਾਵਰ ਤਰੀਕੇ ਨਾਲ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ, ਲਿਹਾਜ਼ਾ ਰਾਹੁਲ ਸਾਹਮਣੇ ਇੱਥੇ ਵੀ ਸਰਕਾਰ ਬਚਾਉਣ ਦੀ ਚੁਣੌਤੀ ਹੋਵੇਗੀ। ਇਸ ਤੋਂ ਬਾਅਦ ਅਗਲੇ ਸਾਲ ਨਵੰਬਰ-ਦਸੰਬਰ ਵਿਚ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਤੋਂ ਇਲਾਵਾ ਮਿਜ਼ੋਰਮ ਵਿਚ ਚੋਣਾਂ ਹੋਣਗੀਆਂ। ਇਨ੍ਹਾਂ ਵਿਚੋਂ ਮਿਜ਼ੋਰਮ ਵਿਚ ਕਾਂਗਰਸ ਸੱਤਾ ਵਿਚ ਹੈ, ਜਦਕਿ ਹੋਰ 3 ਸੂਬਿਆਂ ਵਿਚ ਭਾਜਪਾ ਨਾਲ ਉਸਦਾ ਸਿੱਧਾ ਮੁਕਾਬਲਾ ਹੋਵੇਗਾ, ਪਰ ਇਹ ਉਦੋਂ ਹੋਵੇਗਾ, ਜੇਕਰ ਕੇਂਦਰ ਸਰਕਾਰ ਲੋਕ ਸਭਾ ਦੀਆਂ ਆਮ ਚੋਣਾਂ ਤੈਅ ਪ੍ਰੋਗਰਾਮ ਨਾਲ ਮਾਰਚ-ਅਪ੍ਰੈਲ, 2019 ਵਿਚ ਕਰਵਾਉਂਦੀ ਹੈ, ਜੇਕਰ ਕੇਂਦਰ ਸਰਕਾਰ ਨੇ ਇਨ੍ਹਾਂ ਸੂਬਿਆਂ ਨਾਲ ਲੋਕ ਸਭਾ ਦੀਆਂ ਚੋਣਾਂ ਵੀ ਕਰਵਾ ਦਿੱਤੀਆਂ ਤਾਂ ਚੁਣੌਤੀ ਹੋਰ ਵੀ ਵਧ ਜਾਵੇਗੀ।
ਰਾਹੁਲ ਲਈ ਸੱਤਾ ਘੱਟ, ਸੰਘਰਸ਼ ਜ਼ਿਆਦਾ
ਰਾਹੁਲ ਗਾਂਧੀ ਨੂੰ ਅਜਿਹੀ ਕਾਂਗਰਸ ਮਿਲ ਰਹੀ ਹੈ, ਜੋ ਨਾ ਸਿਰਫ ਸੰਸਦ ਵਿਚ ਕਮਜ਼ੋਰ ਹੈ, ਸਗੋਂ ਸੂਬਿਆਂ ‘ਚ ਵੀ ਉਹ ਹੁਣ ਕੋਈ ਵੱਡੀ ਚੁਣੌਤੀ ਨਹੀਂ ਬਚੀ ਹੈ। ਕਾਂਗਰਸ ਕੋਲ ਇਸ ਸਮੇਂ ਲੋਕ ਸਭਾ ਦੇ 46 ਸੰਸਦ ਮੈਂਬਰ ਹਨ, ਜਦਕਿ ਰਾਜ ਸਭਾ ਵਿਚ ਪਾਰਟੀ ਦੇ 57 ਮੈਂਬਰ ਹਨ। ਇਸ ਤੋਂ ਇਲਾਵਾ ਕਾਂਗਰਸ ਕੋਲ ਕਰਨਾਟਕ ਅਤੇ ਪੰਜਾਬ ਤੋਂ ਇਲਾਵਾ ਮੇਘਾਲਿਆ, ਮਿਜ਼ੋਰਮ ਅਤੇ ਪੁਡੂਚੇਰੀ ‘ਚ ਆਪਣੀਆਂ ਸਰਕਾਰਾਂ ਹਨ। ਰਾਹੁਲ ਸਾਹਮਣੇ ਹੁਣ ਤੱਕ ਦੀ ਸਭ ਤੋਂ ਮਜ਼ਬੂਤ ਭਾਜਪਾ ਦੀ ਚੁਣੌਤੀ ਵੀ ਹੈ। ਜਿਸ ਸਮੇਂ ਰਾਜੀਵ ਗਾਂਧੀ ਨੂੰ ਕਾਂਗਰਸ ਦੀ ਕਮਾਨ ਮਿਲੀ ਸੀ, ਉਸ ਸਮੇਂ ਭਾਜਪਾ ਲੋਕ ਸਭਾ ‘ਚ ਦੋ ਸੀਟਾਂ ਵਾਲੀ ਪਾਰਟੀ ਸੀ, ਜੋ ਹੁਣ 277 ਸੀਟਾਂ ਵਾਲੀ ਸੱਤਾਧਾਰੀ ਪਾਰਟੀ ਬਣ ਗਈ ਹੈ।
ਪੀਵੀ ਨਰਸਿਮ੍ਹਾ ਰਾਓ ਅਤੇ ਸੀਤਾ ਰਾਮ ਕੇਸਰੀ ਵੀ ਰਹੇ ਹਨ ਕਾਂਗਰਸ ਦੇ ਪ੍ਰਧਾਨ
1991 ਵਿਚ ਰਾਜੀਵ ਗਾਂਧੀ ਦੇ ਦਿਹਾਂਤ ਤੋਂ ਬਾਅਦ 1992 ਵਿਚ ਪੀਵੀ ਨਰਸਿਮ੍ਹਾ ਰਾਓ ਕਾਂਗਰਸ ਦੇ ਪ੍ਰਧਾਨ ਬਣੇ ਅਤੇ ਉਨ੍ਹਾਂ ਕੋਲ 1996 ਤੱਕ ਕਮਾਨ ਰਹੀ, ਇਸ ਤੋਂ ਬਾਅਦ ਸੀਤਾ ਰਾਮ ਕੇਸਰੀ ਨੂੰ ਪ੍ਰਧਾਨ ਬਣਾਇਆ ਗਿਆ, 1978 ਤੋਂ ਬਾਅਦ ਪਿਛਲੇ 38 ਸਾਲਾਂ ਵਿਚ ਸਿਰਫ 4 ਸਾਲ ਹੀ ਅਜਿਹਾ ਸਮਾਂ ਸੀ ਜਦੋਂ ਗਾਂਧੀ ਪਰਿਵਾਰ ਦੇ ਬਾਹਰੋਂ ਪਾਰਟੀ ਦੇ ਨੇਤਾ ਨੂੰ ਪ੍ਰਧਾਨ ਬਣਾਇਆ ਗਿਆ ਅਤੇ ਇਨ੍ਹਾਂ ਪ੍ਰਧਾਨਾਂ ਦੀ ਅਗਵਾਈ ਵਿਚ ਹੋਈਆਂ ਚੋਣਾਂ ਵਿਚ ਪਾਰਟੀ ਬੁਰੀ ਤਰ੍ਹਾਂ ਹਾਰੀ ਸੀ
ਸਭ ਤੋਂ ਤਾਕਤਵਰ ਰਹੇ ਨਹਿਰੂ
ਅਜ਼ਾਦੀ ਤੋਂ ਬਾਅਦ ਜਦੋਂ ਦੇਸ਼ ਅੰਗਰੇਜ਼ਾਂ ਦੇ ਚੁੰਗਲ ‘ਚੋਂ ਅਜ਼ਾਦ ਹੋਇਆ ਤਾਂ 4 ਸਾਲ ਬਾਅਦ 1951 ਵਿਚ ਦੇਸ਼ ਵਿਚ ਪਹਿਲੀਆਂ ਚੋਣਾਂ ਕਰਵਾਈਆਂ ਗਈਆਂ, ਉਸ ਸਮੇਂ ਦੇਸ਼ ਵਿਚ ਸਿਰਫ ਕਾਂਗਰਸ ਹੀ ਇਕੋ-ਇਕ ਵੱਡੀ ਪਾਰਟੀ ਸੀ ਅਤੇ ਉਸ ਨੂੰ ਇਨ੍ਹਾਂ ਚੋਣਾਂ ਵਿਚ 364 ਲੋਕ ਸਭਾ ਸੀਟਾਂ ਹਾਸਲ ਹੋਈਆਂ। ਇਸ ਤੋਂ ਇਲਾਵਾ ਕੁੱਲ 23 ਸੂਬਿਆਂ ਵਿਚ ਹੋਈਆਂ ਚੋਣਾਂ ‘ਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਅਤੇ ਸਾਰੇ ਸੂਬਿਆਂ ਵਿਚ ਕਾਂਗਰਸ ਦੀ ਸਰਕਾਰ ਬਣੀ। ਉਸ ਸਮੇਂ ਜਵਾਹਰ ਲਾਲ ਨਹਿਰੂ ਕਾਂਗਰਸ ਦੇ ਸਰਬਸੰਮਤੀ ਨਾਲ ਨੇਤਾ ਬਣੇ।
ਇੰਦਰਾ ਦੇ ਸਾਹਮਣੇ ਵੀ ਸਨ ਚੁਣੌਤੀਆਂ
1975 ਵਿਚ ਐਮਰਜੈਂਸੀ ਲਾਉਣ ਤੋਂ ਬਾਅਦ ਇੰਦਰਾ ਗਾਂਧੀ ਨੇ ਦੂਜੀ ਵਾਰ 1978 ‘ਚ ਪਾਰਟੀ ਦੀ ਕਮਾਨ ਸੰਭਾਲੀ ਤਾਂ ਲੋਕ ਸਭਾ ‘ਚ 295 ਸੀਟਾਂ ਹਾਸਲ ਕਰਕੇ ਭਾਰਤੀ ਲੋਕ ਦਲ ਸੱਤਾ ‘ਚ ਆ ਗਿਆ ਸੀ ਅਤੇ ਕਾਂਗਰਸ ਕੋਲ 154 ਸੀਟਾਂ ਸਨ। ਇਸ ਦੌਰਾਨ ਪਾਰਟੀ ਵੀ ਟੁੱਟ ਗਈ ਪਰ ਇੰਦਰਾ ਦੀ ਅਗਵਾਈ ਵਾਲੀ ਕਾਂਗਰਸ ਨੇ ਪਹਿਲਾਂ ਆਂਧਰਾ ਪ੍ਰਦੇਸ਼, ਕਰਨਾਟਕ, ਗੁਜਰਾਤ ਤੇ ਮੱਧ ਪ੍ਰਦੇਸ਼ ‘ਚ ਸਰਕਾਰਾਂ ਬਣਾਈਆਂ ਅਤੇ ਬਾਅਦ ਵਿਚ 1980 ਦੀਆਂ ਚੋਣਾਂ ਵਿਚ 353 ਸੀਟਾਂ ਹਾਸਲ ਕੀਤੀਆਂ। ਪਰ ਇਸ ਜਿੱਤ ਦੇ ਪਿੱਛੇ ਉਨ੍ਹਾਂ ਦੇ ਕੀਤੇ ਗਏ ਕੰਮ ਸਨ।
ਰਾਜੀਵ ਨੂੰ ਅਚਾਨਕ ਮਿਲੀ ਪੀਐਮ ਦੀ ਕੁਰਸੀ
31 ਅਕਤੂਬਰ, 1984 ਨੂੰ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਅਤੇ ਇਸਦੇ ਨਾਲ ਹੀ ਉਨ੍ਹਾਂ ਨੂੰ ਕਾਂਗਰਸ ਪ੍ਰਧਾਨ ਦਾ ਅਹੁਦਾ ਵੀ ਵਿਰਾਸਤ ‘ਚ ਮਿਲਿਆ। ਇੰਦਰਾ ਦੀ ਹੱਤਿਆ ਤੋਂ ਬਾਅਦ ਪੈਦਾ ਹੋਈ ਹਮਦਰਦੀ ਦਾ ਰਾਜੀਵ ਗਾਂਧੀ ਨੂੰ ਫਾਇਦਾ ਮਿਲਿਆ ਅਤੇ 1984-85 ‘ਚ ਹੋਈਆਂ ਲੋਕ ਸਭਾ ਚੋਣਾਂ ‘ਚ ਕਾਂਗਰਸ ਨੂੰ 533 ਵਿਚੋਂ 414 ਸੀਟਾਂ ‘ਤੇ ਜਿੱਤ ਹਾਸਲ ਹੋਈ। ਭਾਜਪਾ ਕੋਲ ਉਸ ਸਮੇਂ ਸਿਰਫ 2 ਸੀਟਾਂ ਸਨ, ਜਦਕਿ 16 ਸੂਬਿਆਂ ‘ਚ ਕਾਂਗਰਸ ਦੀ ਸਰਕਾਰ ਸੀ।
ਸੋਨੀਆ ਦੇ ਪ੍ਰਧਾਨ ਬਣਦੇ ਹੀ ਟੁੱਟੀ ਕਾਂਗਰਸ
ਸੋਨੀਆ ਗਾਂਧੀ ਦੇ ਪਾਰਟੀ ਦਾ ਪ੍ਰਧਾਨ ਬਣਦੇ ਹੀ ਉਨ੍ਹਾਂ ਦੇ ਵਿਦੇਸ਼ੀ ਮੂਲ ਨੂੰ ਮੁੱਦਾ ਬਣਾ ਕੇ ਪਾਰਟੀ ਦੇ ਵੱਡੇ ਨੇਤਾ ਸ਼ਰਦ ਪਵਾਰ, ਤਾਰਿਕ ਅਨਵਰ ਅਤੇ ਪੀਏ ਸੰਗਮਾ ਨੇ ਆਪਣੀ ਵੱਖਰੀ ਪਾਰਟੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਬਣਾ ਲਈ। ਇਨ੍ਹਾਂ ਨੇਤਾਵਾਂ ਦੇ ਟੁੱਟਣ ਨਾਲ ਕਾਂਗਰਸ ਕਮਜ਼ੋਰ ਹੋ ਗਈ ਅਤੇ ਜਦੋਂ ਕਾਂਗਰਸ 1999 ਦੀਆਂ ਚੋਣਾਂ ਵਿਚ ਉਤਰੀ ਤਾਂ 1998 ਵਿਚ 141 ਲੋਕ ਸਭਾ ਸੀਟਾਂ ਵਾਲੀ ਕਾਂਗਰਸ 114 ‘ਤੇ ਸਿਮਟ ਗਈ। 2009 ਦੀਆਂ ਚੋਣਾਂ ਵਿਚ ਕਾਂਗਰਸ 206 ਸੀਟਾਂ ਨਾਲ ਹੋਰ ਮਜ਼ਬੂਤ ਪਾਰਟੀ ਬਣੀ ਗਈ।

Check Also

ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ

ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …