7.1 C
Toronto
Tuesday, November 25, 2025
spot_img
Homeਭਾਰਤਹੈਲੀਕਾਪਟਰ ਸੌਦਾ: ਭਾਜਪਾ ਵੱਲੋਂ ਸੋਨੀਆ 'ਤੇ ਨਿਸ਼ਾਨਾ

ਹੈਲੀਕਾਪਟਰ ਸੌਦਾ: ਭਾਜਪਾ ਵੱਲੋਂ ਸੋਨੀਆ ‘ਤੇ ਨਿਸ਼ਾਨਾ

Sonia copy copyਰਾਜ ਸਭਾ ‘ਚ ਹੰਗਾਮਾ, ਸੋਨੀਆ ਵਲੋਂ ਦੋਸ਼ ਬੇਬੁਨਿਆਦ ਕਰਾਰ, ਸਵਾਮੀ ਸੀਆਈਏ ਏਜੰਟ ਕਰਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਜਪਾ ਨੇ ਆਪਣੀ ਰਣਨੀਤੀ ਮੁਤਾਬਕ 3600 ਕਰੋੜ ਰੁਪਏ ਦੇ ਵੀਵੀਆਈਪੀ ਆਗਸਤਾ ਵੈਸਟਲੈਂਡ ਹੈਲੀਕਾਪਟਰ ਸੌਦੇ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਨਾਮ ਘੜੀਸ ਲਿਆ। ਬੁੱਧਵਾਰ ਨੂੰ ਰਾਜ ਸਭਾ ਵਿੱਚ ਨਵੇਂ ਨਾਮਜ਼ਦ ਹੋਏ ਮੈਂਬਰ ਸੁਬਰਾਮਨੀਅਨ ਸਵਾਮੀ ਨੇ ਇਸ ਘਪਲੇ ਵਿੱਚ ਜਿਵੇਂ ਹੀ ਸੋਨੀਆ ਗਾਂਧੀ ਦਾ ਨਾਮ ਲਿਆ ਸਦਨ ਵਿੱਚ ਹੰਗਾਮਾ ਸ਼ੁਰੂ ਹੋ ਗਿਆ। ਕਾਂਗਰਸ ਦੇ ਮੈਂਬਰ ਸਦਨ ਦੇ ਵਿਚਾਲੇ ਆ ਗਏ ਤੇ ਇਸ ਤੋਂ ਮਗਰੋਂ ਇੱਕ ਘੰਟੇ ਤੱਕ ਸਦਨ ਦੀ ਕਾਰਵਾਈ ਨਹੀਂ ਚੱਲੀ। ਦੂਜੇ ਪਾਸੇ ਸੋਨੀਆ ਗਾਂਧੀ ਨੇ ਮੋੜਵਾਂ ਹਮਲਾ ਕਰਦਿਆਂ ਆਪਣੇ ਅਤੇ ਆਪਣੀ ਪਾਰਟੀ ਦੇ ਨੇਤਾਵਾਂ ਦੇ ਖ਼ਿਲਾਫ਼ ਦੋਸ਼ਾਂ ਨੂੰ ਗ਼ਲਤ ਤੇ ਅਧਾਰਹੀਣ ਕਰਾਰ ਦਿੱਤਾ ਅਤੇ ਇਸ ਨੂੰ ਚਰਿੱਤਰ ਦਾ ਘਾਣ ਕਰਨ ਦੀ ਕੋਸ਼ਿਸ਼ ਦੱਸਿਆ। ਉਨ੍ਹਾਂ ਕਿਹਾ ਉਹ ਇਸ ਮਾਮਲੇ ਵਿੱਚ ਘਿਰੇ ਜਾਣ ਤੋਂ ਰਤਾ ਵੀ ਭੈਅਭੀਤ ਨਹੀਂ ਹਨ।
ਸੰਸਦ ਭਵਨ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਸਰਕਾਰ ਨੂੰ ਕਿਹਾ ਕਿ ਉਹ ਬੀਤੇ ਦੋ ਸਾਲਾਂ ਤੋਂ ਸੱਤਾ ਵਿੱਚ ਕੀ ਕਰ ਰਹੀ ਹੈ ਅਤੇ ਮੰਗ ਕੀਤੀ ਕਿ ਜੋ ਜਾਂਚ ਚੱਲ ਰਹੀ ਹੈ ਉਹ ਨਿਰਪੱਖ ਤਰੀਕੇ ਨਾਲ ਹੋਵੇ ਤਾਂ ઠਜੋ ਸੱਚਾਈ ਸਾਹਮਣੇ ਆ ਸਕੇ। ਵਿਵਾਦਪੂਰਨ ਸੌਦੇ ਤੇ ਇਸ ਲਈ ਦਿੱਤੀ ਗਈ 360 ਕਰੋੜ ਰੁਪਏ ਦੀ ਰਿਸ਼ਵਤ ਅਤੇ ਇਟਲੀ ਦੀ ਅਦਾਲਤ ਵਿੱਚ ਸੋਨੀਆ, ਉਨ੍ਹਾਂ ਦੇ ਸਿਆਸੀ ਸਲਾਹਕਾਰ ਅਤੇ ਸਾਬਕਾ ਹਵਾਈ ਫੌਜ ਦੇ ਮੁਖੀ ਐਸਪੀ ਤਿਆਗੀ ਦੇ ਜ਼ਿਕਰ ਵਾਲੇ ਪੱਤਰ ਨੂੰ ਲੈ ਕੇ ਰਾਜ ਸਭਾ ਵਿੱਚ ਕਾਫ਼ੀ ਹੰਗਾਮਾ ਹੋਇਆ। ਅਦਾਲਤ ਨੇ ਹੈਲੀਕਾਪਟਰ ਕੰਪਨੀ ਦੇ ਪ੍ਰਮੁੱਖ ਕਾਰਜਕਾਰੀ ਨੂੰ ਦੋਸ਼ੀ ਕਰਾਰ ਦਿੱਤਾ ਹੈ।
ਰਾਜ ਸਭਾ ਵਿੱਚ ਸੱਤਾਧਾਰੀ ਤੇ ਵਿਰੋਧੀ ਧਿਰਾਂ ਵਿਚਾਲੇ ਤਿੱਖੀ ਬਹਿਸ ਹੋਈ। ਇਕ ਸਮਾਂ ਅਜਿਹਾ ਆ ਗਿਆ ਜਦੋਂ ਕਾਂਗਰਸ ਦੇ ਕੁੱਝ ਮੈਂਬਰ ਗੁੱਸੇ ਵਿੱਚ ਸੱਤਾਧਾਰੀਆਂ ਵੱਲ ਵਧੇ ਜਿਸ ਤੋਂ ਬਾਅਦ ਮਾਰਸ਼ਲ ਉਨ੍ਹਾਂ ਵਿਚਾਲੇ ਆ ਗਏ। ਵਿਰੋਧੀ ਧਿਰ ਦਾ ਸਾਹਮਣਾ ਕਰਨ ਲਈ ਸੱਤਾ ਧਿਰ ਦੇ ਮੈਂਬਰ ਵੀ ਆਪਣੀਆਂ ਸੀਟਾਂ ਤੋਂ ਖੜ੍ਹੇ ਹੋ ਗਏ। ਕਾਂਗਰਸ ਮੈਂਬਰਾਂ ਨੇ ਸੁਆਮੀ ਦਾ ਨਾਮ ਲੈ ਕੇ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਦੇ ਸੈਸ਼ਨ ਵਿੱਚ ਸਦਨ ਨੂੰ ਕਈ ਵਾਰ ਉਠਾਉਣ ਲਈ ਮਜਬੂਰ ਕੀਤਾ।
ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਕਾਂਗਰਸ ਮੈਂਬਰਾਂ ਨੇ ਸੁਆਮੀ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਨੂੰ ਸੀਆਈਏ ਦਾ ਏਜੰਟ ਕਰਾਰ ਦਿੱਤਾ। ਵਿਰੋਧੀ ਧਿਰ ਦੇ ਨੇਤਾ ਗ਼ੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਸੁਆਮੀ ਨੂੰ ਤਦ ਤੱਕ ਸਦਨ ਵਿੱਚ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜਦੋਂ ਤੱਕ ਉਹ ਆਪਣੇ ਬਿਆਨ ਵਾਪਸ ਨਹੀਂ ਲੈਂਦੇ। ਸਦਨ ਵਿੱਚ ਕਾਂਗਰਸ ਦੇ ਉਪ ਨੇਤਾ ਆਨੰਦ ਸ਼ਰਮਾ ਨੇ ਗੁੱਸੇ ਵਿੱਚ ਸੁਆਮੀ ਨੂੰ ਕਿਹਾ ਕਿ ਉਹ ਆਪਣੀ ਟਿੱਪਣੀ ਵਾਪਸ ਲੈਣ। ਲੋਕ ਸਭਾ ਵਿੱਚ ਹੈਰਾਨੀਜਨਕ ਢੰਗ ਨਾਲ ਕਾਂਗਰਸੀ ਮੈਂਬਰਾਂ ਨੇ ਇਸ ਮੁੱਦੇ ਨੂੰ ਚੁੱਕਦਿਆਂ ਹੈਲੀਕਾਪਟਰ ਸੌਦੇ ‘ਤੇ ਚਰਚਾ ਕਰਵਾਏ ਜਾਣ ਦੀ ਮੰਗ ਕੀਤੀ ਕਿਉਂਕਿ ਉਨ੍ਹਾਂ ਦੀ ਲੀਡਰਸ਼ਿਪ ਖ਼ਿਲਾਫ਼ ਦੋਸ਼ ਲਗਾਏ ਗਏ ਹਨ।
ਭਾਜਪਾ ਦੇ ਹਮਲਾਵਰ ਹੁੰਦੇ ਹੀ ਸੋਨੀਆ ਨੇ ਖ਼ੁਦ ਹੀ ਮੋਰਚਾ ਸੰਭਾਲ ਲਿਆ। ਉਨ੍ਹਾਂ ਕਿਹਾ, ‘ਸਬੂਤ ਕਿਥੇ ਹਨ, ਉਹ ਝੂਠ ਬੋਲ ਰਹੇ ਹਨ। ਉਹ ਚਰਿੱਤਰ ਦਾ ਘਾਣ ਕਰਨ ‘ਤੇ ਤੁਲੇ ਹੋਏ ਹਨ। ਸਰਕਾਰ ਦੋ ਸਾਲਾਂ ਤੋਂ ਚੱਲ ਰਹੀ ਹੈ ਤੇ ਉਹ ਕੀ ਕਰ ਰਹੀ ਸੀ। ਉਹ ਇਸ ਜਾਂਚ ਨੂੰ ਪੂਰੀ ਕਿਉਂ ਨਹੀਂ ਕਰਦੀ ਤਾਂ ਜੋ ਸੱਚ ਸਾਹਮਣੇ ਆ ਸਕੇ।’ ਅਹਿਮਦ ਪਟੇਲ ਨੇ ਵੀ ਆਪਣੇ ਤੇ ਆਪਣੀ ਪਾਰਟੀ ਦੇ ਖ਼ਿਲਾਫ਼ ਦੋਸ਼ਾਂ ਨੂੰ ਰੱਦ ਕੀਤਾ।

RELATED ARTICLES
POPULAR POSTS