Breaking News
Home / ਭਾਰਤ / ਦਿੱਲੀ ਤੇ ਆਸ-ਪਾਸ ਨਹੀਂ ਵਿਕ ਸਕਣਗੇ ਪਟਾਕੇ

ਦਿੱਲੀ ਤੇ ਆਸ-ਪਾਸ ਨਹੀਂ ਵਿਕ ਸਕਣਗੇ ਪਟਾਕੇ

31 ਅਕਤੂਬਰ ਤੱਕ ਪਟਾਕਿਆਂ ਦੀ ਵਿਕਰੀ ‘ਤੇ ਸੁਪਰੀਮ ਕੋਰਟ ਨੇ ਪੂਰੀ ਤਰ੍ਹਾਂ ਲਾਈ ਪਾਬੰਦੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਅਤੇ ਐਨਸੀਆਰ ਵਿਚ ਇਸ ਸਾਲ ਦੀਵਾਲੀ ‘ਤੇ ਆਤਿਸ਼ਬਾਜ਼ੀ ਨਹੀਂ ਵੇਚੀ ਜਾਏਗੀ। ਸੁਪਰੀਮ ਕੋਰਟ ਨੇ ਆਤਿਸ਼ਬਾਜ਼ੀ ਦੀ ਵਿਕਰੀ ‘ਤੇ ਪਹਿਲੀ ਨਵੰਬਰ ਤੱਕ ਰੋਕ ਲਾ ਦਿੱਤੀ ਹੈ ਜਿਸ ਨਾਲ ਪਟਾਕਿਆਂ ਦੇ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਵੱਡਾ ਝਟਕਾ ਲੱਗਿਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਆਤਿਸ਼ਬਾਜ਼ੀ ਤੋਂ ਪਿਛਲੇ ਮਹੀਨੇ 12 ਸਤੰਬਰ ਨੂੰ ਹਟਾਈ ਗਈ ਆਰਜ਼ੀ ਰੋਕ ਅਤੇ ਉਨ੍ਹਾਂ ਦੀ ਵਿਕਰੀ ਦੀ ਇਜਾਜ਼ਤ ਹੁਣ ‘ਰੌਸ਼ਨੀਆਂ ਦੇ ਤਿਉਹਾਰ’ ਦੇ 12 ਦਿਨਾਂ ਬਾਅਦ ਪਹਿਲੀ ਨਵੰਬਰ ਨੂੰ ਹੀ ਮਿਲੇਗੀ। ਇਨ੍ਹਾਂ ਹੁਕਮਾਂ ਵਿਚ ਇਹ ਵੀ ਸਪੱਸ਼ਟ ਕਰ ਦਿੱਤਾ ਗਿਆ ਕਿ ਪੁਲਿਸ ਵੱਲੋਂ ਆਤਿਸ਼ਬਾਜ਼ੀ ਦੀ ਵਿਕਰੀ ਦੇ ਜਾਰੀ ਆਰਜ਼ੀ ਲਾਇਸੈਂਸਾਂ ‘ਤੇ ਵੀ ਰੋਕ ਜਾਰੀ ਰਹੇਗੀ। ਜਸਟਿਸ ਏ ਕੇ ਸੀਕਰੀ ਦੀ ਅਗਵਾਈ ਹੇਠਲੇ ਬੈਂਚ ਨੇ ਕਿਹਾ ਕਿ 11 ਨਵੰਬਰ 2016 ਦੇ ਹੁਕਮਾਂ, ਜਦੋਂ ਸਾਰੇ ਲਾਇਸੈਂਸਾਂ ‘ਤੇ ਰੋਕ ਲਾ ਦਿੱਤੀ ਗਈ ਸੀ, ਨੂੰ ਪਰਖਣ ਦਾ ਇਕ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਦੇਖਿਆ ਜਾਵੇ ਕਿ ਦੀਵਾਲੀ ਦੌਰਾਨ ਇਸ ਦਾ ਹਾਂ-ਪੱਖੀ ਅਸਰ ਪੈਂਦਾ ਜਾਂ ਨਹੀਂ।
ਬੈਂਚ ਨੇ ਪਿਛਲੇ ਸਾਲ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੀਵਾਲੀ ਮੌਕੇ ਆਤਿਸ਼ਬਾਜ਼ੀ ਮਗਰੋਂ ਦਿੱਲੀ ਵਿਚ ਧੂੰਆਂ ਫੈਲ ਗਿਆ ਸੀ ਜਿਸ ਦਾ ਬੁਰਾ ਪ੍ਰਭਾਵ ਪਿਆ। ਹਵਾ ਵਿਚ ਪ੍ਰਦੂਸ਼ਨ ਕਾਰਨ ਕਈ ਸਕੂਲ ਬੰਦ ਰਹੇ ਸਨ ਅਤੇ ਅਧਿਕਾਰੀਆਂ ਨੂੰ ਫੌਰੀ ਤੌਰ ‘ਤੇ ਕਈ ਹੰਗਾਮੀ ਕਦਮ ਚੁੱਕਣੇ ਪਏ ਸਨ। ਬੈਂਚ ਨੇ ਕਿਹਾ ਕਿ ਪ੍ਰਦੂਸ਼ਨ ਦੇ ਹੋਰ ਵੀ ਕਈ ਕਾਰਨ ਹਨ ਪਰ ਆਤਿਸ਼ਬਾਜ਼ੀ ਪ੍ਰਦੂਸ਼ਨ ਫੈਲਾਉਣ ਦਾ ਮੁੱਖ ਕਾਰਨ ਹੈ। ਜਿਵੇਂ ਹੀ ਪਟਾਕਿਆਂ ‘ਤੇ ਪਾਬੰਦੀ ਦੀ ਖ਼ਬਰ ਫੈਲੀ ਤਾਂ ਜਾਮਾ ਮਸਜਿਦ ਇਲਾਕੇ ਅਤੇ ਸਦਰ ਬਾਜ਼ਾਰ ਵਿਚ ਵਪਾਰੀਆਂ ਤੇ ਕਾਰੋਬਾਰੀਆਂ ਵਿਚ ਨਿਰਾਸ਼ਾ ਫੈਲ ਗਈ। ਉਧਰ ਮਾਹਿਰਾਂ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਵਾਤਾਵਰਨ ਪ੍ਰਦੂਸ਼ਨ (ਰੋਕੂ ਤੇ ਕੰਟਰੋਲ) ਅਥਾਰਟੀ ਦੇ ਅਧਿਕਾਰੀ ਭੂਰੇ ਲਾਲ ਨੇ ਕਿਹਾ ਕਿ ਪਰਾਲੀ ਨਾਲ ਵਾਤਾਵਰਨ ਪਹਿਲਾਂ ਹੀ ਦੂਸ਼ਿਤ ਹੋ ਜਾਂਦਾ ਹੈ ਅਤੇ ਪਟਾਕੇ ਤਾਂ ਉਸ ਵਿਚ ਵਾਧਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪ੍ਰਦੂਸ਼ਨ ਕੰਟਰੋਲ ਸਬੰਧੀ ਚੁੱਕੇ ਜਾਣ ਵਾਲੇ ਕਦਮਾਂ ਨੂੰ ਪੱਕੇ ਤੌਰ ‘ਤੇ ਲਾਗੂ ਕੀਤਾ ਜਾਣਾ ਚਾਹੀਦਾ ਹੈ।

 

Check Also

ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ

ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …