ਭਾਰਤ ਨੇ ਉਠਾਇਆ ਕਲਭੂਸ਼ਨ ਜਾਧਵ ਨੂੰ ‘ਅਗਵਾ’ ਕਰਨ ਦਾ ਮੁੱਦਾ
ਨਵੀਂ ਦਿੱਲੀ/ਬਿਊਰੋ ਨਿਊਜ਼ :ਭਾਰਤ ਅਤੇ ਪਾਕਿਸਤਾਨ ਨੇ ਦੁਵੱਲੀ ਗੱਲਬਾਤ ਵਿੱਚ ਸਾਫ਼-ਸਾਫ਼ ਸ਼ਬਦਾਂ ਵਿੱਚ ਕੁੱਝ ਗੁੰਝਲਦਾਰ ਮੁੱਦੇ ਚੁੱਕੇ। ਇਸ ਗੱਲਬਾਤ ਵਿੱਚ ਭਾਰਤ ਨੇ ਗੁਆਂਢੀ ਦੇਸ਼ ਨੂੰ ਸਪਸ਼ਟ ਕੀਤਾ ਕਿ ਉਹ ਦੁਵੱਲੇ ਰਿਸ਼ਤਿਆਂ’ਤੇ ਅੱਤਵਾਦ ਦੇ ਅਸਰ ਦੀ ਅਣਦੇਖੀ ਨਾ ਕਰੇ, ਜਦ ਕਿ ਪਾਕਿਸਤਾਨ ਨੇ ਕਸ਼ਮੀਰ ਨੂੰ ਪ੍ਰਮੁੱਖ ਮੁੱਦਾ ਕਰਾਰ ਦਿੱਤਾ। ਭਾਰਤੀ ਵਿਦੇਸ਼ ਸਕੱਤਰ ਐਸ. ਜੈਸ਼ੰਕਰ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਐਜ਼ਾਜ਼ ਅਹਿਮਦ ਚੌਧਰੀ ਵਿਚਾਲੇ 90 ਮਿੰਟਾਂ ਤੱਕ ਚੱਲੀ ਗੱਲਬਾਤ ਦੌਰਾਨ ਪਠਾਨਕੋਟ ਅੱਤਵਾਦੀ ਹਮਲਾ, 26/11 ਮਾਮਲੇ ਦੇ ਮੁਕੱਦਮੇ ਅਤੇ ਸਮਝੌਤਾ ਐਕਸਪ੍ਰੈਸ ਧਮਾਕਿਆਂ ਦੀ ਜਾਂਚ ਵਰਗੇ ਗੁੰਝਲਦਾਰ ਮੁੱਦਿਆਂ’ਤੇ ਚਰਚਾ ਹੋਈ। ਦੋਵਾਂ ਵਿਚਾਲੇ ਮੁਲਾਕਾਤ ਅਜਿਹੇ ਸਮੇਂ ਹੋਈ ਹੈ, ਜਦੋਂ ਪਾਕਿਸਤਾਨੀ ਵਿਦੇਸ਼ ਸਕੱਤਰ ਖ਼ਾਸ ਤੌਰ ‘ਤੇ ਹਾਰਟ ਆਫ ਏਸ਼ੀਆ ਸੰਮੇਲਨ ਵਿੱਚ ਸ਼ਿਰਕਤ ਲਈ ਇਥੇ ਆਏ ਹਨ।ਜਨਵਰੀ ਵਿੱਚ ਪਠਾਨਕੋਟ ਅੱਤਵਾਦੀ ਹਮਲੇ ਬਾਅਦ ਦੋਵਾਂ ਵਿਦੇਸ਼ ਸਕੱਤਰਾਂ ਦੀ ਤੈਅ ਗੱਲਬਾਤ ਟਾਲ ਦਿੱਤੀ ਗਈ ਸੀ। ਇਸ ਘਟਨਾ ਬਾਅਦ ਇਹ ਦੋਵਾਂ ਦੀ ਰਸਮੀ ਮੁਲਾਕਾਤ ਹੈ। ਮੁਲਾਕਾਤ ਦੌਰਾਨ ਭਾਰਤ ਨੇ ਜਲ ਸੈਨਾ ਦੇ ਸਾਬਕਾ ਅਧਿਕਾਰੀ ਕੁਲਭੂਸ਼ਨ ਜਾਧਵ ਨੂੰ ਅਗਵਾ ਕਰਨ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਉਨ੍ਹਾਂਨੂੰ ਪਾਕਿਸਤਾਨ ਲਿਜਾਇਆ ਗਿਆ ਹੈ। ਭਾਰਤ ਨੇ ਜਾਧਵ ਦਾ ਤੁਰੰਤ ਸਫ਼ਾਰਤਖ਼ਾਨੇ ਨਾਲ ਤਾਲਮੇਲ ਕਰਵਾਉਣ ਲਈ ਕਿਹਾ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਭਾਰਤ ਨੇ ਸਾਫ਼ ਤੌਰ ‘ਤੇ ਕਿਹਾ ਹੈ ਕਿ ਜਾਧਵ ਨੂੰ ਅਗਵਾ ਕੀਤਾ ਗਿਆ ਹੈ। ਦੂਜੇ ਪਾਸੇ ਪਾਕਿਸਤਾਨ ਨੇ ਜਾਧਵ ਨੂੰ ਗ੍ਰਿਫ਼ਤਾਰ ਕਰਨ ਦਾ ਮੁੱਦਾ ਰੱਖਿਆ ਅਤੇ ਬਲੋਚਿਸਤਾਨ ਅਤੇ ਕਰਾਚੀ ਵਿੱਚ ਹਿੰਸਕ ਗਤੀਵਿਧੀਆਂ ਵਿੱਚ ਭਾਰਤ ਦੀ ਖ਼ੁਫੀਆ ਏਜੰਸੀ ਰਾਅ ਦੀ ਕਥਿਤ ਸ਼ਮੂਲੀਅਤ ‘ਤੇ ਗੰਭੀਰ ਚਿੰਤਾ ਪ੍ਰਗਟਾਈ। ਭਾਰਤ ਨੇ ਇਸ ਦੋਸ਼ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ।
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …