ਨਵੇਂ ਮੈਂਬਰਾਂ ਵਿੱਚ ਜਾਧਵ, ਸਵਾਮੀ, ਦਾਸਗੁਪਤਾ ਤੇ ਸੁਰੇਸ਼ ਗੋਪੀ ਵੀ ਸ਼ਾਮਲ
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਧਾਨਗੀ ਵਾਲੀ ਕੌਮੀ ਸਲਾਹਕਾਰ ਪ੍ਰੀਸ਼ਦ (ਨੈਕ) ਦੇ ਮੈਂਬਰ ਨਰਿੰਦਰ ਜਾਧਵ ਨੂੰ ਮੋਦੀ ਸਰਕਾਰ ਵੱਲੋਂ ਭਾਜਪਾ ਆਗੂਆਂ ਸੁਬਰਾਮਨੀਅਮ ਸਵਾਮੀ ਤੇ ਨਵਜੋਤ ਸਿੰਘ ਸਿੱਧੂ, ਮਲਿਆਲਮ ਅਭਿਨੇਤਾ ਸੁਰੇਸ਼ ਗੋਪੀ, ਪੱਤਰਕਾਰ ਸਵਪਨ ਦਾਸਗੁਪਤਾ ਅਤੇ ਮੁੱਕੇਬਾਜ਼ ਮੇਰੀ ਕੌਮ ਸਮੇਤ ਰਾਜ ਸਭਾ ਦੇ ਨਵੇਂ ਮੈਂਬਰਾਂ ਵਜੋਂ ਨਾਮਜ਼ਦ ਕਰ ਲਿਆ ਗਿਆ ਹੈ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਮੋਦੀ ਸਰਕਾਰ ਵੱਲੋਂ ਵੱਖ- ਵੱਖ ਖੇਤਰਾਂ ਵਿਚੋਂ ਸਿਫਾਰਸ਼ ਕੀਤੀਆਂ ਛੇ ਸ਼ਖ਼ਸੀਅਤਾਂ ਨੂੰ ਰਾਜ ਸਭਾ ਮੈਂਬਰ ਨਾਮਜ਼ਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਨਾਮਜ਼ਦਗੀ ਸਬੰਧੀ ਰਸਮੀ ਨੋਟੀਫਿਕੇਸ਼ਨ ਉਪਰਲੇ ਸਦਨ ਨੂੰ ਜਲਦ ਹੀ ਜਾਰੀ ਕਰ ਦਿੱਤਾ ਜਾਵੇਗਾ। ਰਾਸ਼ਟਰਪਤੀ ਵੱਲੋਂ ਸਰਕਾਰ ਦੀ ਸਲਾਹ ‘ਤੇ ਸਾਹਿਤ, ਵਿਗਿਆਨ, ਖੇਡਾਂ, ਕਲਾ ਤੇ ਹੋਰ ਸਮਾਜ ਸੇਵਾ ਦੇ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਰਾਜ ਸਭਾ ਦੇ ਮੈਂਬਰ ਨਾਮਜ਼ਦ ਕੀਤਾ ਜਾਂਦਾ ਹੈ। ਕ੍ਰਿਕਟ ਤੋਂ ਸਿਆਸਤ ਵਿੱਚ ਆਏ ਤੇ ਅੰਮ੍ਰਿਤਸਰ ਤੋਂ ਤਿੰਨ ਵਾਰ ਲੋਕ ਸਭਾ ਮੈਂਬਰ ਰਹੇ ਨਵਜੋਤ ਸਿੰਘ ਸਿੱਧੂ ਨੂੰ ਆਮ ਆਦਮੀ ਪਾਰਟੀ ਵਿੱਚ ਜਾਣ ਤੋਂ ਰੋਕਣ ਲਈ ਮੋਦੀ ਸਰਕਾਰ ਨੇ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਨਾਮਜ਼ਦ ਕੀਤਾ ਹੈ। ਸਿੱਧੂ ਬਾਰੇ ਖ਼ਬਰਾਂ ਸਨ ਕਿ ‘ਆਪ’ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਦੇਖ ਰਹੀ ਹੈ।
Check Also
ਸ੍ਰੀ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਹੋਈ ਸ਼ੁਰੂ
3 ਜੁਲਾਈ ਤੋਂ ਲੈ ਕੇ 9 ਅਗਸਤ ਤੱਕ ਚੱਲੇਗੀ ਅਮਰਨਾਥ ਯਾਤਰਾ ਸ੍ਰੀਨਗਰ/ਬਿਊਰੋ ਨਿਊਜ਼ : ਅਮਰਨਾਥ …