-3.5 C
Toronto
Monday, December 22, 2025
spot_img
Homeਪੰਜਾਬਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿੱਚ ਹੁਣ ਤਕ ਅਕਾਲੀ ਦਲ ਤੇ...

ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿੱਚ ਹੁਣ ਤਕ ਅਕਾਲੀ ਦਲ ਤੇ ਕਾਂਗਰਸ ਨੇ ਹੀ ਜਿੱਤਾਂ ਦਰਜ ਕੀਤੀਆਂ

ਇਸ ਵਾਰ ਦਿਲਚਸਪ ਹੋਵੇਗਾ ਚੋਣ ਮੁਕਾਬਲਾ
ਮੁਹਾਲੀ/ਬਿਊਰੋ ਨਿਊਜ਼ : ਪੰਜਾਬ ਵਿੱਚ ਪਹਿਲੀ ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਮਾਹੌਲ ਭਖ ਗਿਆ ਹੈ। ਸ੍ਰੀ ਆਨੰਦਪੁਰ ਸਾਹਿਬ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ‘ਆਪ’ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੇ ਚੋਣ ਪ੍ਰਚਾਰ ਦਾ ਪਹਿਲਾ ਗੇੜ ਵੀ ਖ਼ਤਮ ਕਰ ਲਿਆ ਹੈ ਪ੍ਰੰਤੂ ਭਾਜਪਾ, ਕਾਂਗਰਸ ਅਤੇ ਬਸਪਾ ਹਾਲੇ ਤੱਕ ਆਪਣੇ ਉਮੀਦਵਾਰਾਂ ਬਾਰੇ ਅੰਤਿਮ ਫ਼ੈਸਲਾ ਨਹੀਂ ਲੈ ਸਕੀਆਂ। ਭਾਜਪਾ ਤੇ ਕਾਂਗਰਸ ਸਰਵੇਖਣ ਵਿੱਚ ਉਲਝ ਕੇ ਰਹਿ ਗਈਆਂ ਹਨ ਅਤੇ ਬਸਪਾ ਵੱਲੋਂ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦਾ ਚੋਣ ਲੜਨਾ ਲਗਪਗ ਤੈਅ ਹੈ।
ਸ੍ਰੀ ਆਨੰਦਪੁਰ ਸਾਹਿਬ ਹਲਕੇ ਵਿੱਚ ਭਾਵੇਂ ਸ਼ੁਰੂ ਤੋਂ ਹੀ ਅਕਾਲੀ ਦਲ ਤੇ ਕਾਂਗਰਸ ਜਿੱਤਦੀ ਆਈ ਹੈ ਅਤੇ ਹਮੇਸ਼ਾ ਹੀ ਇਨ੍ਹਾਂ ਦੋਵੇਂ ਪਾਰਟੀਆਂ ਦਰਮਿਆਨ ਮੁਕਾਬਲਾ ਰਿਹਾ ਹੈ ਪ੍ਰੰਤੂ ਐਤਕੀਂ ਮੁਕਾਬਲਾ ਦਿਲਚਸਪ ਬਣਨ ਵਾਲਾ ਹੈ। ਭਾਜਪਾ ਆਪਣੇ ਬਲਬੂਤੇ ‘ਤੇ ਚੋਣ ਲੜ ਰਹੀ ਹੈ ਜਦੋਂਕਿ ਪਹਿਲਾਂ ਭਾਜਪਾ ਨੇ ਅਕਾਲੀ ਦਲ ਨਾਲ ਮਿਲ ਕੇ ਚੋਣਾਂ ਲੜੀਆਂ ਹਨ। ਇੰਜ ਹੀ ਅਕਾਲੀ ਦਲ ਤੇ ਬਸਪਾ ਨੇ ਵਿਧਾਨ ਸਭਾ ਚੋਣਾਂ ਮਿਲ ਕੇ ਲੜੀਆਂ ਸਨ ਪਰ ਹੁਣ ਇਨ੍ਹਾਂ ਦੋਵਾਂ ਦੀ ਸਿਆਸੀ ਸਾਂਝ ਟੁੱਟ ਗਈ ਹੈ। ‘ਆਪ’ ਉਮੀਦਵਾਰ ਕੰਗ ਪੰਜਾਬ ਵਿੱਚ ਪਾਰਟੀ ਦੀ ਸਰਕਾਰ ਹੋਣ ਦਾ ਲਾਹਾ ਲੈਣ ਦੀ ਤਾਕ ਵਿੱਚ ਹਨ।
ਪੰਥਕ ਹਲਕਾ ਹੋਣ ਕਾਰਨ ਅਕਾਲੀ ਦਲ ਅਤੇ ‘ਆਪ’ ਨੇ ਸਾਬਤ ਸੂਰਤ ਸਿੱਖ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ। ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵੀ ਸਿੱਖ ਚਿਹਰਾ ਹਨ।
ਸ੍ਰੀ ਆਨੰਦਪੁਰ ਸਾਹਿਬ ਹਲਕਾ ਸਾਲ 2009 ਵਿੱਚ ਹੋਂਦ ਵਿੱਚ ਆਇਆ ਸੀ। ਇਸ ਤੋਂ ਪਹਿਲਾਂ ਇਹ ਇਲਾਕਾ ਰੂਪਨਗਰ ਲੋਕ ਸਭਾ ਹਲਕੇ ਦਾ ਹਿੱਸਾ ਸੀ। ਇੱਥੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਪਹਿਲੀ ਵਾਰ ਚੋਣ ਜਿੱਤੇ ਸਨ। ਉਨ੍ਹਾਂ ਨੇ ਅਕਾਲੀ ਦਲ ਦੇ ਉਮੀਦਵਾਰ ਦਲਜੀਤ ਸਿੰਘ ਚੀਮਾ ਨੂੰ ਹਰਾਇਆ ਸੀ। ਸਾਲ 2014 ਵਿੱਚ ਬਿੱਟੂ ਨੂੰ ਆਪਣੇ ਪਿਤਰੀ ਹਲਕੇ ਲੁਧਿਆਣਾ ਦਾ ਮੋਹ ਜਾਗ ਪਿਆ। ਕਿਸਮਤ ਦੇ ਧਨੀ ਬਿੱਟੂ ਲੁਧਿਆਣਾ ਤੋਂ ਵੀ ਚੋਣ ਜਿੱਤ ਗਏ ਜਦੋਂਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਵੱਲੋਂ ਅੰਬਿਕਾ ਸੋਨੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਪ੍ਰੰਤੂ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਚੋਣ ਜਿੱਤੇ ਗਏ। ਪਿਛਲੀ ਵਾਰ ਸਾਲ 2019 ਵਿੱਚ ਚੰਦੂਮਾਜਰਾ ਨੂੰ ਕਾਂਗਰਸ ਦੇ ਮਨੀਸ਼ ਤਿਵਾੜੀ ਨੇ ਹਰਾ ਦਿੱਤਾ ਸੀ। ਸ੍ਰੀ ਆਨੰਦਪੁਰ ਸਾਹਿਬ ਤੋਂ ਪਹਿਲਾਂ ਰੂਪਨਗਰ ਹਲਕਾ ਹੁੰਦਾ ਸੀ। ਇੱਥੋਂ ਦੇਸ਼ ਦੇ ਪਹਿਲੇ ਰੱਖਿਆ ਮੰਤਰੀ ਰਹੇ ਬਲਦੇਵ ਸਿੰਘ ਮਾਨ, ਬਸੰਤ ਸਿੰਘ ਖ਼ਾਲਸਾ, ਬੂਟਾ ਸਿੰਘ, ਹਰਚੰਦ ਸਿੰਘ, ਬੀਬੀ ਬਿਮਲ ਕੌਰ ਖ਼ਾਲਸਾ, ਚਰਨਜੀਤ ਸਿੰਘ ਅਟਵਾਲ, ਸਤਵਿੰਦਰ ਕੌਰ ਧਾਲੀਵਾਲ, ਸ਼ਮਸ਼ੇਰ ਸਿੰਘ ਦੂਲੋਂ ਅਤੇ ਕਿਰਪਾਲ ਸਿੰਘ ਲਿਬੜਾ ਚੋਣ ਜਿੱਤ ਕੇ ਲੋਕਾਂ ਦੀ ਨੁਮਾਇੰਦਗੀ ਕਰ ਚੁੱਕੇ ਹਨ।
ਐਮਰਜੈਂਸੀ ਤੋਂ ਬਾਅਦ ਸਾਲ 1977 ਵਿੱਚ ਰੂਪਨਗਰ ਤੋਂ ਬਸੰਤ ਸਿੰਘ ਖ਼ਾਲਸਾ ਨੇ ਕੇਂਦਰੀ ਗ੍ਰਹਿ ਮੰਤਰੀ ਰਹੇ ਬੂਟਾ ਸਿੰਘ ਨੂੰ ਹਰਾਇਆ ਸੀ। ਸਾਲ 1980 ਵਿੱਚ ਬੂਟਾ ਸਿੰਘ ਚੁਣੇ ਗਏ। 1985 ਵਿੱਚ ਚਰਨਜੀਤ ਸਿੰਘ ਅਟਵਾਲ, 1989 ਵਿੱਚ ਬਿਮਲ ਕੌਰ ਖ਼ਾਲਸਾ, 1992 ਵਿੱਚ ਹਰਚੰਦ ਸਿੰਘ ਅਤੇ 1996 ਵਿੱਚ ਮੁੜ ਬਸੰਤ ਸਿੰਘ ਖ਼ਾਲਸਾ ਚੋਣ ਜਿੱਤ ਕੇ ਲੋਕ ਸਭਾ ਵਿੱਚ ਪਹੁੰਚੇ ਸਨ।

 

RELATED ARTICLES
POPULAR POSTS