
ਹਰਿਆਣਾ ਦੀ ਭਾਜਪਾ ਸਰਕਾਰ ਨੇ ਸਰਹੱਦਾਂ ਕੀਤੀਆਂ ਸੀਲ- ਸੜਕਾਂ ‘ਤੇ ਸੁੱਟੇ ਵੱਡੇ-ਵੱਡੇ ਪੱਥਰ
ਚੰਡੀਗੜ੍ਹ/ਬਿਊਰੋ ਨਿਊਜ਼
ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਕਾਲੇ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਵਿਚ ਕਿਸਾਨੀ ਸੰਘਰਸ਼ ਚਰਮ ਸੀਮਾ ‘ਤੇ ਪਹੁੰਚ ਚੁੱਕਾ ਹੈ। ਇਸਦੇ ਚੱਲਦਿਆਂ ਕਿਸਾਨਾਂ ਵਲੋਂ ਭਲਕੇ 26 ਅਤੇ 27 ਨਵੰਬਰ ਨੂੰ ਦਿੱਲੀ ਦਾ ਘਿਰਾਓ ਕੀਤਾ ਜਾਣਾ ਹੈ। ਪੰਜਾਬ ਦੇ ਕਿਸਾਨਾਂ ਨੇ ਰਾਸ਼ਨ-ਪਾਣੀ ਲੈ ਕੇ ਦਿੱਲੀ ਲਈ ਵੀ ਪਾ ਦਿੱਤੇ ਹਨ ਅਤੇ ਕਿਸਾਨਾਂ ਦੇ ਸੰਘਰਸ਼ ਨੂੰ ਦੇਖਦਿਆਂ ਹਰਿਆਣਾ ਦੀ ਭਾਜਪਾ ਸਰਕਾਰ ਨੇ ਹਰਿਆਣਾ ਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਅਤੇ ਸੜਕਾਂ ‘ਤੇ ਵੱਡੇ-ਵੱਡੇ ਪੱਧਰ ਸੁੱਟ ਦਿੱਤੇ ਹਨ ਤਾਂ ਕਿ ਕਿਸਾਨ ਦਿੱਲੀ ਨਾ ਪਹੁੰਚ ਸਕਣ। ਧਿਆਨ ਰਹੇ ਕਿ ਬਹੁਤੇ ਕਿਸਾਨ ਹਰਿਆਣਾ ਦੀ ਸਰਹੱਦ ‘ਤੇ ਪਹੁੰਚ ਵੀ ਚੁੱਕੇ ਹਨ, ਪਰ ਉਨ੍ਹਾਂ ਨੂੰ ਹਰਿਆਣਾ ਪੁਲਿਸ ਵਲੋਂ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ। ਹਰਿਆਣਾ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਦੇ ਇਕੱਠ ਨੂੰ ਰੋਕਣ ਲਈ ਸੀਆਰਪੀਸੀ ਦੀ ਧਾਰਾ 144 ਲਾਗੂ ਕੀਤੀ ਹੈ। ਪੁਲਿਸ ਨੇ ਹਰਿਆਣਾ ਵਿੱਚ ਕਈ ਕਿਸਾਨ ਨੇਤਾਵਾਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਹੈ।