Breaking News
Home / ਪੰਜਾਬ / ‘ਰਿਕਸ਼ੇ ‘ਤੇ ਚੱਲਦੀ ਜ਼ਿੰਦਗੀ’ ਭਰਵੇਂ ਸਮਾਗ਼ਮ ਵਿੱਚ ਹੋਈ ਲੋਕ-ਅਰਪਿਤ

‘ਰਿਕਸ਼ੇ ‘ਤੇ ਚੱਲਦੀ ਜ਼ਿੰਦਗੀ’ ਭਰਵੇਂ ਸਮਾਗ਼ਮ ਵਿੱਚ ਹੋਈ ਲੋਕ-ਅਰਪਿਤ

ਅੰਮ੍ਰਿਤਸਰ/ਡਾ. ਸੁਖਦੇਵ ਸਿੰਘ ਝੰਡ : ”ਰਿਕਸ਼ੇ ਪੈਰਾਂ ਨਾਲ ਨਹੀਂ, ਖ਼ਾਲੀ ਪੇਟ ਨਾਲ ਚੱਲਦੇ ਹਨ। ”ਇਹ ਸ਼ਬਦ ਬੀਤੇ ਐਤਵਾਰ 5 ਮਾਰਚ ਨੂੰ ਇੱਕ ਰਿਸ਼ਕਾ-ਚਾਲਕ ਲੇਖਕ ਰਾਜਬੀਰ ਸਿੰਘ ਦੀ ਪੁਸਤਕ ‘ਰਿਕਸ਼ੇ ‘ਤੇ ਚੱਲਦੀ ਜ਼ਿੰਦਗੀ’ ਅੰਮ੍ਰਿਤਸਰ ਦੇ ‘ਵਿਰਸਾ ਵਿਹਾਰ’ ਦੇ ‘ਨਾਨਕ ਸਿੰਘ ਸੈਮੀਨਾਰ ਹਾਲ’ ਵਿੱਚ ਹੋਏ ਭਰਵੇਂ ਸਮਾਗ਼ਮ ਵਿੱਚ ਬੋਲਦਿਆਂ ਹੋਇਆਂ ਇੱਕ ਸਕੂਲ ਦੇ ਪ੍ਰਿੰਸੀਪਲ ਸਾਹਿਬ ਦੇ ਸਨ। ਆਪਣੀ ਗੱਲ ਨੂੰ ਸਪੱਸ਼ਟ ਕਰਦਿਆਂ ਹੋਇਆਂ ਉਨਾ੍ਹਂ ਨੇ ਕਿਹਾ ਕਿ ਇੱਕ ਰਿਕਸ਼ਾ-ਚਾਲਕ ਜਿਸ ਦੇ ਪੈਰ ‘ਤੇ ਸੱਟ ਲੱਗਣ ਕਾਰਨ ਖ਼ੂਨ ਵੱਗ ਰਿਹਾ ਸੀ, ਆਪਣੇ ਰਿਕਸ਼ੇ ਤੇ ਬੈਠਾ ਸਵਾਰੀ ਦੀ ਉਡੀਕ ਰਿਹਾ ਸੀ। ਇੱਕ ਸਵਾਰੀ ਉਸ ਕੋਲ ਆਈ ਅਤੇ ਉਸ ਨੂੰ ਚੱਲਣ ਲਈ ਕਿਹਾ। ਨਾਲ ਹੀ ਪੁੱਛ ਲਿਆ ਕਿ ਉਹ ਇਸ ਹਾਲਤ ਵਿੱਚ ਰਿਕਸ਼ਾ ਕਿਵੇਂ ਚਲਾਵੇਗਾ? ਅੱਗੋਂ ਰਿਕਸ਼ਾ-ਚਾਲਕ ਦਾ ਕਹਿਣਾ ਸੀ ਕਿ ਰਿਕਸ਼ੇ ਪੈਰਾਂ ਨਾਲ ਨਹੀਂ, ਖ਼ਾਲੀ ਪੇਟ ਨਾਲ ਚੱਲਦੇ ਹਨ।
ਇੱਕ ਰਿਕਸ਼ਾ-ਚਾਲਕ ਲੇਖਕ ਦੀ ਇਹ ਪੁਸਤਕ ਅੱਖਾਂ ਦੇ ਮਸ਼ਹੂਰ ਮਾਹਿਰ ਡਾਕਟਰ ਦਲਜੀਤ ਸਿੰਘ ਅਤੇ ਪੰਜਾਬ ਪੁਲੀਸ ਦੇ ਇੰਸਪੈਕਟਰ ਜਨਰਲ (ਸਪੈਸ਼ਲ ਟਾਸਕ ਫੋਰਸ) ਕੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਮਿਲ ਕੇ ਪੰਜਾਬੀ-ਪਾਠਕਾਂ ਨੂੰ ਲੋਕ-ਅਰਪਣ ਕੀਤੀ ਗਈ। ਇਸ ਸਮਾਗ਼ਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਵਿੱਚ ਪੁਸਤਕ ਦਾ ਲੇਖਕ ਰਾਜਬੀਰ ਸਿੰਘ ਆਪਣਾ ਰਿਕਸ਼ਾ ਨੂੰ ਚਲਾਉਂਦਾ ਹੋਇਆ ਸਮਾਗ਼ਮ ਵਾਲੀ ਥਾਂ ‘ਤੇ ਪਹੁੰਚਾ। ਉਸ ਨੇ ਆਪਣੇ ਰਿਕਸ਼ੇ ‘ਤੇ ਇੱਕ ਵੱਡਾ ਪੋਸਟਰ ਲਗਾਇਆ ਹੋਇਆ ਸੀ, ”ਮੈਂ ਇੱਕ ਕਿਤਾਬ ਲਿਖੀ ਹੈ ਅਤੇ ਇਹ ਮੇਰੇ ਕੋਲੋਂ ਮਿਲ ਸਕਦੀ ਹੈ।” ਇਸ ਮੌਕੇ ਬੋਲਦਿਆਂ ਹੋਇਆਂ ਉਸ ਨੇ ਕਿਹਾ ਕਿ ਇਸ ਕਿਤਾਬ ਨੂੰ ਲਿਖਣ ਦੀ ਪ੍ਰੇਰਨਾ ਉਸ ਨੂੰ ਇੱਕ ਰਿਕਸ਼ਾ ਸਵਾਰ ਦੇ ਨੈਗੇਟਿਵ ਕੁਮੈਂਟ ਤੋਂ ਤੋਂ ਮਿਲੀ ਜਿਸ ਦਾ ਕਹਿਣਾ ਸੀ ਕਿ ਰਿਕਸ਼ਾ-ਚਾਲਕ ਹੋਰ ਕੁਝ ਨਹੀਂ ਕਰ ਸਕਦੇ। ਉਹ ਤਾਂ ਸਿਰਫ਼ ਸਵਾਰੀਆਂ ਹੀ ਇੱਕ ਥਾਂ ਤੋਂ ਦੂਸਰੀ ਥਾਂ ‘ਤੇ ਲਿਜਾ ਸਕਦੇ ਹਨ।
ਰਾਜਬੀਰ ਸਿੰਘ ਨੇ ਹੋਰ ਹੋਇਆ ਦੱਸਿਆ ਕਿ ਉਹ ਸਕੂਲ ਤੋਂ ਅੱਗੋਂ ਕਾਲਜ ਵਿੱਚ ਵੀ ਇੱਕ-ਦੋ ਸਾਲ ਪੜ੍ਹਿਆ ਹੋਇਆ ਸੀ ਅਤੇ ਉਸ ਨੂੰ ਸਵਾਰੀ ਦੇ ਇਹ ਬੋਲ ਚੰਗੇ ਨਾ ਲੱਗੇ ਅਤੇ ਉਸ ਨੇ ਰਿਕਸ਼ਾ ਚਲਾਉਣ ਦੇ ਨਾਲ ਨਾਲ ਕੁਝ ਹੋਰ ਵੀ ਸਾਰਥਿਕ ਕਰਨ ਦੀ ਸੋਚੀ। ਉਸ ਨੇ ਅਖ਼ਬਾਰਾਂ ਨੂੰ ਵੱਖ-ਵੱਖ ਵਿਸ਼ਿਆਂ ‘ਤੇ ਛੋਟੇ-ਛੋਟੇ ਆਰਟੀਕਲ ਲਿਖ ਕੇ ਭੇਜਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਦੇ ਛਪਣ ‘ਤੇ ਉਸ ਦੇ ਉਤਸ਼ਾਹ ਵਿੱਚ ਕਾਫ਼ੀ ਵਾਧਾ ਹੋਇਆ। ਫਿਰ ਉਸ ਨੇ ਸਵਾਰੀਆਂ ਨਾਲ ਆਪਣੇ ਵੱਖ-ਵੱਖ ਤਜਰਬਿਆਂ ‘ਦੇ ਆਧਾਰ ‘ਤੇ ਕਿਤਾਬ ਲਿਖਣ ਬਾਰੇ ਮਨ ਬਣਾਇਆ ਅਤੇ ਨਤੀਜੇ ਵਜੋਂ ਇਸ ਪੁਸਤਕ ਦਾ ਜਨਮ ਹੋਇਆ। ਰਾਜਬੀਰ ਨੇ ਕਿਹਾ,”ਅੱਜ ਮੈਂ ਫ਼ਖਰ ਮਹਿਸੂਸ ਕਰ ਰਿਹਾ ਹਾਂ ਕਿ ਮੈਂ ਰਿਕਸ਼ਾ ਚਲਾਉਣ ਤੋਂ ਇਲਾਵਾ ਕੋਈ ਹੋਰ ਵੀ ਸਾਰਥਿਕ ਕੰਮ ਕੀਤਾ ਹੈ।” ਇਸ ਮੌਕੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਜਿਨ੍ਹਾਂ ਵਿੱਚ ਕਈ ਲੇਖਕ ਅਤੇ ਸਾਹਿਤ-ਪ੍ਰੇਮੀ ਸ਼ਾਮਲ ਸਨ, ਨੇ ਉਸ ਦੇ ਇਸ ਉੱਦਮ ਦੀ ਭਾਰੀ ਸਰਾਹਨਾ ਕੀਤੀ। ਅਖ਼ਬਾਰਾਂ ਵਿੱਚ ਛਪੇ ਹੋਏ ਉਸ ਦੇ ਆਰਟੀਕਲਾਂ ਤੋਂ ਪ੍ਰਭਾਵਿਤ ਰਨਵੀਰ ਸਿੰਘ ਨੇ ਕਿਲਾ ਰਾਇਪੁਰ (ਲੁਧਿਆਣਾ) ਤੋਂ ਵਿਸ਼ੇਸ਼ ਤੌਰ ‘ਤੇ ਇਸ ਪੁਸਤਕ-ਰੀਲੀਜ਼ ਸਮਾਰੋਹ ਵਿੱਚ ਸ਼ਿਰਕਤ ਕੀਤੀ। ਇੱਕ ਰਿਕਸ਼ਾ-ਚਾਲਕ ਵੱਲੋਂ ਲਿਖੀ ਹੋਈ ਇਸ ਪੁਸਤਕ  ਨੂੰ ਵੇਖ ਕੇ ਨਿੰਦਰ ਘੁਗਿਆਣਵੀ ਦੀ ਪੁਸਤਕ ‘ਮੈਂ ਸਾਂ ਜੱਜ ਦਾ ਅੜਦਲੀ’ ਦੀ ਯਾਦ ਆ ਰਹੀ ਸੀ ਜੋ ਸਾਹਿਤਕ ਹਲਕਿਆਂ ਵਿੱਚ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਅਤੇ ਫਿਰ ਉਚੇਰੀ ਸਿੱਖਿਆ ਦੇ ਸਿਲੇਬਸ ਦਾ ਹਿੱਸਾ ਵੀ ਬਣੀ। ਉਸ ਨੇ ਇਸ ਤੋਂ ਬਾਅਦ ਕਈ ਹੋਰ ਪੁਸਤਕਾਂ ਪੰਜਾਬੀ ਮਾਂ-ਬੋਲੀ ਦੀ ਝੋਲੀ ਵਿੱਚ ਪਾਈਆਂ।

Check Also

ਸ਼ੰਭੂ ਬਾਰਡਰ ਵਿਖੇ ਰੇਲ ਟਰੈਕ ’ਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ

ਸਰਵਣ ਸਿੰਘ ਪੰਧੇਰ ਨੇ ਕਿਹਾ : 1 ਮਈ ਨੂੰ ਮਜ਼ਦੂਰ ਦਿਵਸ ਵੀ ਮਨਾਵਾਂਗੇ ਚੰਡੀਗੜ੍ਹ/ਬਿਊਰੋ ਨਿਊਜ਼ …