‘ਬੇਟਾ ਬਚਾਓ’ ਮੁਹਿੰਮ ਵਿੱਚ ਜੁਟੀ ਹਰਿਆਣਾ ਦੀ ਭਾਜਪਾ ਸਰਕਾਰ
ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼-ਵਿਆਪੀ ઠ’ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਦਾ ਆਗਾਜ਼ ਭਾਵੇਂ ਹਰਿਆਣਾ ਤੋਂ ਕੀਤਾ ਸੀ, ਪਰ ਭਾਜਪਾ ਦੇ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਦੇ ਬੇਟੇ ਵਿਕਾਸ ਬਰਾਲਾ ਦੇ ਮਾਮਲੇ ਵਿੱਚ ਹਰਿਆਣਾ ਭਾਜਪਾ ਸਰਕਾਰ ਅਤੇ ਪਾਰਟੀ ‘ਬੇਟਾ ਬਚਾਓ’ ਮੁਹਿੰਮ ਵਿੱਚ ਜੁਟੀਆਂ ਦਿਖਾਈ ਦੇ ਰਹੀਆਂ ਹਨ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੋਂ ਲੈ ਕੇ ਹਰਿਆਣਾ ਭਾਜਪਾ ਦੇ ਇੰਚਾਰਜ ਅਖਿਲ ਜੈਨ ਸਣੇ ਸਾਰੇ ਆਗੂ ਬਰਾਲਾ ਦੇ ਹੱਕ ਵਿਚ ਆਣ ਡਟੇ ਹਨ। ਅਜਿਹਾ ਉਦੋਂ ਵਾਪਰ ਰਿਹਾ ਹੈ ਜਦੋਂ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਹਰਿਆਣਾ ਦੀ ਤਾਜ਼ਾ ਫੇਰੀ ਵੇਲੇ ਪਾਰਟੀ ਨੇਤਾਵਾਂ ਨੂੰ ਜਨਤਕ ਅਕਸ ਸੁਧਾਰਨ ਲਈ ਆਖ ਕੇ ਗਏ ਹਨ।
ਬਰਾਲਾ ਦੇ ਪੁੱਤਰ ਵਿਕਾਸ ਬਰਾਲਾ ਉਤੇ ਸੂਬੇ ਦੇ ਇੱਕ ਸੀਨੀਅਰ ਆਈਏਐਸ ਅਫਸਰ ਦੀ ਧੀ ਨੂੰ ਅੱਧੀ ਰੇਤੀਂ ਸਰੇਰਾਹ ਘੇਰ ਕੇ ਤੰਗ-ਪ੍ਰੇਸ਼ਾਨ ਅਤੇ ਕਥਿਤ ਅਗਵਾ ਕਰਨ ਦੀ ਕੋਸ਼ਿਸ਼ ਦੇ ਦੋਸ਼ਾਂ ਸਬੰਧੀ ਵਾਪਰ ਰਹੀਆਂ ਘਟਨਾਵਾਂ ਤੋਂ ਜਾਪਦਾ ਹੈ ਕਿ ਦੇਸ਼ ਵਿੱਚ ਅਜੇ ਵੀ ਖ਼ਾਸ ਅਤੇ ਆਮ ਲੋਕਾਂ ਲਈ ਕਾਨੂੰਨ ਤੇ ਪੁਲਿਸ ਦਾ ਰਵੱਈਆ ਵੱਖੋ-ਵੱਖਰਾ ਹੈ। ਭਾਜਪਾ ਪੂਰੀ ਤਰ੍ਹਾਂ ਬਰਾਲਾ ਦੇ ਬੇਟੇ ਦਾ ਬਚਾਅ ਕਰਨ ‘ਚ ਲੱਗੀ ਹੈ ਅਤੇ ਚੰਡੀਗੜ੍ਹ ਪੁਲਿਸ ਉੱਤੇ ਮਾਮਲੇ ਨੂੰ ਨਰਮ ਕਰਨ ਦਾ ਕਥਿਤ ਦਬਾਅ ਹੈ। ਦੂਜੇ ਪਾਸੇ ਸੂਤਰਾਂ ਦਾ ਦਾਅਵਾ ਹੈ ਕਿ ਪੁਲਿਸ ਦੇ ਉਚ ਅਫਸਰਾਂ ਦੀ ਹੋਈ ਇੱਕ ਗੁਪਤ ਮੀਟਿੰਗ ਵਿੱਚ ਕੇਸ ‘ਚ ਸਖ਼ਤ ਧਰਾਵਾਂ ਜੋੜਨ ਦਾ ਫੈਸਲਾ ਲਿਆ ਗਿਆ ਹੈ। ਘਟਨਾ ਵਾਲੀ ਰਾਤ ਚੰਡੀਗੜ੍ਹ ਦੀ ਸਭ ਤੋਂ ਅਹਿਮ ਸੜਕ ‘ਮੱਧਿਆ ਮਾਰਗ’ ਦੇ ਸਾਰੇ ਸੀਸੀਟੀਵੀ ਕੈਮਰੇ ਬੰਦ ਹੋਣ ਦੀ ਚੰਡੀਗੜ੍ਹ ਪੁਲਿਸ ਦੀ ઠਰਿਪੋਰਟ ਪੂਰੇ ਨਿਜ਼ਾਮ ‘ਤੇ ਆਪਣੇ ਆਪ ‘ਚ ਇਕ ਵਿਅੰਗ ਹੈ। ਇੱਕ ਜਾਣਕਾਰੀ ਅਨੁਸਾਰ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ઠਵੀ.ਪੀ. ਸਿੰਘ ਬਦਨੌਰ ਨੇ ਸਬੰਧਤ ਪੁਲਿਸ ਅਫਸਰਾਂ ਨੂੰ ਬੁਲਾ ਕੇ ਮਾਮਲੇ ਦੀ ਜਾਣਕਾਰੀ ਲਈ ਹੈ। ਬਦਨੌਰ, ਰਾਜਸਥਾਨ ਤੋਂ ਭਾਜਪਾ ਦੀ ਟਿਕਟ ‘ਤੇ ਐਮਪੀ ਚੁਣੇ ਗਏ ਸਨ। ਇਸ ਦੌਰਾਨ ਹਰਿਆਣਾ ਕਾਂਗਰਸ ਦੇ ਪ੍ਰਧਾਨ ਅਸ਼ੋਕ ਤੰਵਰ ਪੀੜਤਾ ਦੇ ਘਰ ਪੁੱਜੇ ਅਤੇ ਮਾਮਲੇ ਦੀ ਜਾਣਕਾਰੀ ਲਈ। ਪਾਰਟੀ ਤਰਜਮਾਨ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ ਕਿ ਚੰਡੀਗੜ੍ਹ ਪੁਲਿਸ ਨੇ ਕੇਂਦਰ ਦੇ ਦਬਾਅ ਹੇਠ ਵਿਕਾਸ ਬਰਾਲਾ ਦੇ ਵਿਰੁੱਧ ਧਰਾਵਾਂ ਨਰਮ ਕੀਤੀਆਂ ਹਨ।
ਇਹ ਹੈ ਮਾਮਲਾ
ਦੋਸ਼ ਹੈ ਕਿ ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਦੇ ਬੇਟੇ ਵਿਕਾਸ ਬਰਾਲਾ ਨੇ ਸ਼ੁੱਕਰਵਾਰ ਦੀ ਅੱਧੀ ਰਾਤ ਨੂੰ ਆਪਣੇ ਸਾਥੀ ਆਸ਼ੀਸ਼ ਨਾਲ ਮਿਲ ਕੇ ਹਰਿਆਣਾ ਕਾਡਰ ਦੇ ਸੀਨੀਅਰ ਆਈਏਐਸ ਅਧਿਕਾਰੀ ਦੀ ਧੀ ਦਾ ਪਿੱਛਾ ਕੀਤਾ ਅਤੇ ਛੇੜਛਾੜ ਕੀਤੀ। ਚੰਡੀਗੜ੍ਹ ਪੁਲਿਸ ਨੇ ਲੜਕੀ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ, ਪਰ ਬਾਅਦ ਵਿਚ ਥਾਣੇ ਤੋਂ ਹੀ ਦੋਵਾਂ ਨੂੰ ਜ਼ਮਾਨਤ ‘ਤੇ ਛੱਡ ਦਿੱਤਾ ਗਿਆ। ਅਗਵਾ ਦੀ ਧਾਰਾ ਵੀ ਹਟਾ ਲਈ ਗਈ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼
ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …