ਲੋੜਵੰਦਾਂ ਦੀ ਮੱਦਦ ਕਰਦੇ ਹਨ ਸੋਨੂੰ ਸੂਦ
ਚੰਡੀਗੜ੍ਹ/ਬਿਊਰੋ ਨਿਊਜ਼
ਬੌਲੀਵੁੱਡ ਅਦਾਕਾਰ ਸੋਨੂੰ ਸੂਦ ਵਲੋਂ ਕੀਤੇ ਗਏ ਅਤੇ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਅਕਸਰ ਹੀ ਹੁੰਦੀ ਰਹਿੰਦੀ ਹੈ। ਸੋਨੂੰ ਸੂਦ ਹਾਲ ਹੀ ਵਿੱਚ ਸੋਸ਼ਲ ਮੀਡੀਆ ’ਤੇ ਆਪਣੀ ਇੱਕ ਵੀਡੀਓ ਵਿੱਚ ‘ਸੋਨੂੰ ਸੂਦ ਕੀ ਸੁਪਰਮਾਰਕੀਟ’ ਜ਼ਰੀਏ ਆਪਣੇ ਸਾਈਕਲ ’ਤੇ ਰੋਜ਼ਾਨਾ ਵਰਤੋਂ ਲਈ ਆਂਡੇ, ਬਰੈੱਡ, ਚਿਪਸ ਅਤੇ ਹੋਰ ਘਰੇਲੂ ਸਾਮਾਨ ਵੇਚਦੇ ਦਿਖਾਈ ਦਿੱਤੇ। ਸੋਨੂੰ ਸੂਦ ਦੇ ਅਜਿਹਾ ਕਰਨ ਪਿੱਛੇ ਮਕਸਦ ਛੋਟੇ ਕਾਰੋਬਾਰ ਨੂੰ ਉਤਸ਼ਾਹਿਤ ਕਰਨਾ ਸੀ। ਸੋਨੂੰ ਨੇ ਆਪਣੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵੀ ਪੋਸਟ ਕੀਤੀ, ਜਿਸ ਵਿੱਚ ਉਹ ਆਪਣੇ ਸਾਈਕਲ ’ਤੇ ਘਰੇਲੂ ਸਾਮਾਨ ਵੇਚਦੇ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਉਹ ਕਹਿੰਦੇ ਹਨ ਕਿ ਤੁਹਾਨੂੰ ਘਰੇਲੂ ਸਾਮਾਨ ਖ਼ਰੀਦਣ ਲਈ ਬਜ਼ਾਰ ਜਾਣ ਦੀ ਲੋੜ ਨਹੀਂ। ਉਨ੍ਹਾਂ ਅੱਗੇ ਕਿਹਾ ਕਿ ਸਭ ਤੋਂ ਮਹੱਤਵਪੂਰਨ ਸੁਪਰ ਮਾਰਕੀਟ ਤੁਹਾਡੇ ਘਰ ਅੱਗੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੇਣ ਲਈ ਤਿਆਰ ਹੈ। ਅਦਾਕਾਰ ਨੇ ਆਮ ਰੇਹੜੀ-ਫੜ੍ਹੀ ਵਾਲਿਆਂ ਤੋਂ ਚੀਜ਼ਾਂ ਖ਼ਰੀਦਣ ਦੇ ਮਹੱਤਵ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਮਾਰਕੀਟ ਹਿੱਟ ਹੈ। ਸੋਨੂੰ ਸੂਦ ਨੇ ਵੀਡੀਓ ਥੱਲੇ ਕੈਪਸ਼ਨ ਵਿੱਚ ਲਿਖਿਆ ਕਿ ਘਰ ਤੱਕ ਸਾਮਾਨ ਦੀ ਮੁਫ਼ਤ ਡਲਿਵਰੀ। ਦਸ ਆਂਡਿਆਂ ਨਾਲ ਇੱਕ ਬਰੈੱਡ ਮੁਫ਼ਤ। ਧਿਆਨ ਰਹੇ ਕਿ ਸੋਨੂੰ ਸੂਦ ਨੇ ਲੌਕਡਾਊਨ ਦੌਰਾਨ ਲੋੜਵੰਦਾਂ ਦੀ ਸਹਾਇਤਾ ਕੀਤੀ ਅਤੇ ਕਈ ਮਜ਼ਦੂਰਾਂ ਨੂੰ ਆਪਣੇ ਖਰਚੇ ’ਤੇ ਉਨ੍ਹਾਂ ਦੇ ਘਰੀਂ ਭੇਜਿਆ। ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਸੋਨੂੰ ਸੂਦ ਵਲੋਂ ਕੀਤੇ ਗਏ ਸਮਾਜ ਸੇਵੀ ਕੰਮਾਂ ਦੀ ਸਮਾਜ ਦੇ ਹਰ ਭਾਈਚਾਰੇ ਨਾਲ ਸਬੰਧਤ ਲੋਕਾਂ ਨੇ ਸ਼ਲਾਘਾ ਕੀਤੀ ਸੀ।