2 ਕਰੋੜ ਰੁਪਏ ਤੱਕ ਲੱਗ ਗਈ ਸਰਬਸੰਮਤੀ ਨਾਲ ਸਰਪੰਚੀ ਲਈ ਬੋਲੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣੀਆਂ ਹਨ, ਜਿਸ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਇਸਦੇ ਚੱਲਦਿਆਂ ਕਈ ਪਿੰਡਾਂ ਵਿਚ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਹੋ ਗਈ ਹੈ ਕਿਉਂਕਿ ਪੰਜਾਬ ਸਰਕਾਰ ਨੇ ਸਰਬਸੰਮਤੀ ਕਰਨ ਵਾਲੇ ਪਿੰਡਾਂ ਨੂੰ 5 ਲੱਖ ਰੁਪਏ ਦੀ ਗਰਾਂਟ ਦੇਣੀ ਹੈ। ਮੀਡੀਆ ਰਿਪੋਰਟਾਂ ਮੁਤਾਬਕਾਂ ਸੰਗਰੂਰ ਦੇ ਇਕ ਪਿੰਡ ਵਿਚ ਸਰਬਸੰਮਤੀ ਨਾਲ ਸਰਪੰਚੀ ਲੈਣ ਲਈ 35 ਲੱਖ ਰੁਪਏ ਦੀ ਬੋਲੀ ਲੱਗਣ ਦੀ ਖਬਰ ਆਈ ਹੈ। ਇਸੇ ਦੌਰਾਨ ਹੁਣ ਜ਼ਿਲ੍ਹਾ ਗੁਰਦਾਸਪੁਰ ਦੇ ਇਕ ਪਿੰਡ ਵਿਚ ਸਰਪੰਚੀ ਲੈਣ ਲਈ ਬੋਲੀ 2 ਕਰੋੜ ਰੁਪਏ ਲੱਗ ਗਈ ਹੈ ਅਤੇ ਇਹ ਬੋਲੀ ਹੋਰ ਵੀ ਵਧਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਸਰਪੰਚੀ ਦੇ ਅਹੁਦੇ ਲਈ ਬੋਲੀ ਦੇਣ ਵਾਲੇ ਵਿਅਕਤੀਆਂ ਦਾ ਕਹਿਣਾ ਹੈ ਕਿ ਇਹ ਸਾਰਾ ਪੈਸਾ ਪਿੰਡ ਦੇ ਵਿਕਾਸ ’ਤੇ ਲਗਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਦਾ ਕੰਮ ਵੀ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ।