ਆਪਣੇ ਜ਼ਿੰਦਾ ਹੋਣ ਦਾ ਸਬੂਤ ਦੇਣ ਲਈ ਲਿਆ ਸ਼ੋਸ਼ਲ ਮੀਡੀਆ ਦਾ ਸਹਾਰਾ
ਭੋਪਾਲ/ਬਿਊਰੋ ਨਿਊਜ਼
ਮੱਧ ਪ੍ਰਦੇਸ਼ ਦੇ ਉਜੈਨ ‘ਚ ਉਸ ਸਮੇਂ ਸਥਿਤੀ ਹਾਸੋ ਹੀਣੀ ਬਣ ਗਈ ਜਦੋਂ ਕਰੋਨਾ ਨਾਲ ਲੜਾਈ ਲੜ ਰਹੇ ਇਕ ਮਰੀਜ਼ ਨੇ ਆਪਣੀ ਮੌਤ ਦੀ ਖਬਰ ਅਖ਼ਬਾਰ ਵਿਚ ਪੜ੍ਹੀ ਤਾਂ ਉਸ ਦੇ ਹੋਸ਼ ਉੱਡ ਗਏ। ਉਸ ਨੇ ਆਪਣੇ ਜ਼ਿੰਦਾ ਹੋਣ ਦਾ ਸਬੂਤ ਦੇਣ ਲਈ ਸੋਸ਼ਲ ਮੀਡੀਆ ਦੀ ਮਦਦ ਲਈ ਅਤੇ ਇੱਕ ਵੀਡੀਓ ਪੋਸਟ ਕੀਤੀ। ਵੀਡੀਓ ਵਾਇਰਲ ਹੋ ਗਈ ਅਤੇ ਸਿਹਤ ਵਿਭਾਗ ਤੱਕ ਪਹੁੰਚ ਗਈ। ਵੀਡੀਓ ਨੂੰ ਵੇਖਦਿਆਂ ਹੀ ਅਧਿਕਾਰੀਆਂ ਨੂੰ ਚੌਕਸ ਕਰ ਦਿੱਤਾ ਗਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਇਸ ਤੋਂ ਬਾਅਦ ਵਿਭਾਗ ਨੇ ਇਸ ਨੂੰ ਲਾਪਰਵਾਹੀ ਮੰਨਦਿਆਂ ਸਬੰਧਤ ਡਾਕਟਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਵਾਇਰਲ ਵੀਡੀਓ ‘ਚ ਕੋਰੋਨਾ ਮਰੀਜ਼ ਕਹਿ ਰਿਹਾ ਹੈ, ”ਮੈਨੂੰ ਦੋ ਦਿਨ ਪਹਿਲਾਂ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਮੈਂ ਸਨਿੱਚਰਵਾਰ ਨੂੰ ਇੱਕ ਅਖਬਾਰ ‘ਚ ਪੜ੍ਹਿਆ ਕਿ ਮੈਂ ਮਰ ਗਿਆ ਹਾਂ। ਉਸ ਨੇ ਲੋਕਾਂ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਲਈ ਵੀ ਕਿਹਾ।