ਕਿਹਾ : ਅਜੇ ਦੇਸ਼ ਵਿਚੋਂ ਲੌਕਡਾਊਨ ਨਹੀਂ ਹਟੇਗਾ
ਦੁਨੀਆ ਭਰ ਵਿਚ ਕਰੋਨਾ ਨੇ ਲਈ 2 ਲੱਖ ਤੋਂ ਵੱਧ ਵਿਅਕਤੀਆਂ ਦੀ ਜਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਚੀਨ ਤੋਂ ਸ਼ੁਰੂ ਹੋਈ ਕਰੋਨਾ ਨਾਮੀ ਨਾਮੁਰਾਦ ਬਿਮਾਰੀ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲੈ ਲਿਆ। ਦੁਨੀਆ ਭਰ ਵਿਚ ਕਰੋਨਾ ਨਾਮੀ ਇਹ ਵਾਇਰਸ 2 ਲੱਖ 7 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਜਾਨ ਲੈ ਚੁੱਕਾ ਹੈ ਜਦਕਿ 30 ਲੱਖ ਵਿਅਕਤੀ ਅਜੇ ਇਸ ਮਹਾਂਮਾਰੀ ਦੇ ਚੁੰਗਲ ਵਿਚ ਫਸੇ ਹੋਏ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਜਦਕਿ 8 ਲੱਖ 78 ਤੋਂ ਵੱਧ ਵਿਅਕਤੀ ਇਸ ਬਿਮਾਰੀ ਨੂੰ ਮਾਤ ਦਿੰਦੇ ਹੋਏ ਸਿਹਤਯਾਬ ਹੋ ਚੁੱਕੇ ਹਨ ਅਤੇ ਉਨ੍ਹਾਂ ਵਿਚੋਂ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵੀ ਇਕ ਹਨ। ਕਰੋਨਾ ਨੂੰ ਮਾਤ ਦੇਣ ਬਾਅਦ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਅੱਜ ਆਖਿਆ ਕਿ ਦੇਸ਼ ਵਿਚੋਂ ਅਜੇ ਲੌਕਡਾਊਨ ਨਹੀਂ ਹਟੇਗਾ। ਬ੍ਰਿਟੇਨ ਵਿਚ ਵੀ 20 ਹਜ਼ਾਰ ਤੋਂ ਵੱਧ ਵਿਅਕਤੀ ਕਰੋਨਾ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਦੂਜੇ ਪਾਸੇ ਕਰੋਨਾ ਨਾਲ ਬੁਰੀ ਤਰ੍ਹਾਂ ਦੋ ਚਾਰ ਹੋ ਰਹੇ ਅਮਰੀਕਾ ਨੇ ਆਪਣੇ ਕਈ ਰਾਜਾਂ ਵਿਚੋਂ ਪਾਬੰਦੀਆਂ ਹਟਾਉਣ ਦੀ ਗੱਲ ਆਖੀ ਹੈ। ਅਮਰੀਕਾ ਵਿਚ ਕਰੋਨਾ ਵਾਇਰਸ ਕਾਰਨ 55 ਹਜ਼ਾਰ ਤੋਂ ਵੱਧ ਵਿਅਕਤੀ ਆਪਣੀ ਜਾਨ ਗੁਆ ਚੁੱਕੇ ਹਨ ਜਦਕਿ 9 ਲੱਖ ਤੋਂ ਵੱਧ ਵਿਅਕਤੀ ਅਜੇ ਵੀ ਕਰੋਨਾ ਦੀ ਲਪੇਟ ਵਿਚ ਹਨ। ਭਾਰਤ ਵਿਚ ਕਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀਤ ਵਿਚ ਵਾਧਾ ਲਗਾਤਾਰ ਹੁੰਦਾ ਜਾ ਰਿਹਾ ਹੈ। ਖਬਰਾਂ ਪੜ੍ਹੇ ਜਾਣ ਤੱਕ ਭਾਰਤ ਵਿਚ ਕਰੋਨਾ ਪੀੜਤਾਂ ਦੀ ਗਿਣਤੀ 28 ਹਜ਼ਾਰ ਤੋਂ ਪਾਰ ਜਾ ਚੁੱਕੀ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ ਵੀ 900 ਦੇ ਨੇੜੇ ਢੁੱਕ ਗਿਆ ਹੈ।