Breaking News
Home / ਪੰਜਾਬ / ਪੀੜਤ ਲੜਕੀ ਮੇਰੀ ਧੀ ਵਰਗੀ : ਸੁਭਾਸ਼ ਬਰਾਲਾ

ਪੀੜਤ ਲੜਕੀ ਮੇਰੀ ਧੀ ਵਰਗੀ : ਸੁਭਾਸ਼ ਬਰਾਲਾ

ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਭਾਜਪਾ ਦੇ ਪ੍ਰਧਾਨ ਤੇ ਵਿਧਾਇਕ ਸੁਭਾਸ਼ ਬਰਾਲਾ ਨੇ ਆਪਣੇ ਪੁੱਤਰ ਵੱਲੋਂ ਇਕ ਮੁਟਿਆਰ ਦਾ ਕਥਿਤ ਪਿੱਛਾ ਤੇ ਉਸ ਦੇ ਅਗਵਾ ਦੀ ਕੋਸ਼ਿਸ਼ ਕੀਤੇ ਜਾਣ ਦੇ ਮਾਮਲੇ ‘ਤੇ ਆਪਣੀ ਖ਼ਾਮੋਸ਼ੀ ਤੋੜਦਿਆਂ ਕਿਹਾ ਕਿ ਪੀੜਤ ਲੜਕੀ ਵਾਰਣਿਕਾ ਕੁੰਡੂ ਉਨ੍ਹਾਂ ਦੀ ‘ਧੀ’ ਵਰਗੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਮਾਮਲੇ ਵਿਚ ਉਨ੍ਹਾਂ ਜਾਂ ਉਨ੍ਹਾਂ ਦੀ ਪਾਰਟੀ ਵੱਲੋਂ ਪੁਲਿਸ ਉਤੇ ਕੋਈ ਦਬਾਅ ਨਹੀਂ ਪਾਇਆ ਜਾ ਰਿਹਾ ਤੇ ਕਾਨੂੰਨ ਆਪਣਾ ਕੰਮ ਕਰੇਗਾ। ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਨੇ ਇਸ ਮਾਮਲੇ ਵਿੱਚ ਬਰਾਲਾ ‘ਤੇ ਪੁਲਿਸ ਉਤੇ ਦਬਾਅ ਪਾਉਣ ਦੇ ਦੋਸ਼ ਲਾਏ ਸਨ। ਇਨੈਲੋ ਨੇ ਉਨ੍ਹਾਂ ਤੋਂ ਇਖ਼ਲਾਕੀ ਆਧਾਰ ‘ਤੇ ਅਸਤੀਫ਼ਾ ਮੰਗਿਆ ਸੀ। ਬਰਾਲਾ ਨੇ ਕਿਹਾ, ”ਕੇਸ ਦੀ ਕਾਰਵਾਈ ਕਾਨੂੰਨ ਮੁਤਾਬਕ ਚੱਲ ਰਹੀ ਹੈ ਤੇ ਕਾਨੂੰਨ ਜੋ ਵੀ ਕਾਰਵਾਈ ਬਣਦੀ ਹੈ, ਹੋਣੀ ਚਾਹੀਦੀ ਹੈ।”  ਉਨ੍ਹਾਂ ਕਿਹਾ ਕਿ ਉਹ ਧੀਆਂ ਦੀ ਆਜ਼ਾਦੀ ਦੇ ਪੂਰੇ ਮੁਦਈ ਹਨ ਅਤੇ ਪੀੜਤ ਮੁਟਿਆਰ ‘ਮੇਰੀ ਧੀ ਵਰਗੀ’ ਹੈ। ਇਸ ਮਾਮਲੇ ਵਿੱਚ ਉਨ੍ਹਾਂ ਦੇ ਪੁੱਤਰ ਵਿਕਾਸ ਬਰਾਲਾ ਤੇ ਉਸ ਦੇ ਸਾਥੀ ਆਸ਼ੀਸ਼ ਉਤੇ ਅੱਧੀ ਰਾਤੀਂ ਇਕ ਆਈਏਐਸ ਅਫ਼ਸਰ ਦੀ ਧੀ ਦਾ ਕਾਰ ਵਿਚ ਪਿੱਛਾ ਕਰਨ ਦੇ ਦੋਸ਼ ਹਨ।
ਬਰਾਲਾ ਖਿਲਾਫ ਬੀਬੀਆਂ ਨੇ ਵੀ ਚੁੱਕਿਆ ਝੰਡਾ
ਚੰਡੀਗੜ੍ਹ : ਹਰਿਆਣਾ ਭਾਜਪਾ ਦੇ ਸੂਬਾ ਪ੍ਰਧਾਨ ਦੇ ਪੁੱਤਰ ਵੱਲੋਂ ਆਈਏਐਸ ਅਫਸਰ ਵਿਰੇਂਦਰ ਕੁੰਡੂ ਦੀ ਧੀ ਵਰਣਿਕਾ ਨਾਲ ਕਥਿਤ ਛੇੜਛਾੜ ਅਤੇ ਉਸ ਨੂੰ ਅਗਵਾ ਕਰਨ ਦੇ ਮਾਮਲੇ ਖ਼ਿਲਾਫ਼ ਲੋਕ ਰੋਹ ਦੇ ਵਿਚਾਲੇ ਇਨੈਲੋ ઠ(ਇੰਡੀਅਨ ਨੈਸ਼ਨਲ ਲੋਕ ਦਲ) ਨੇ ਯੂਟੀ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਨੂੰ ਮੰਗ ਪੱਤਰ ਸੌਂਪਿਆ। ਇਨੈਲੋ ਦੇ ਸੂਬਾ ਪ੍ਰਧਾਨ ਅਸ਼ੋਕ ਅਰੋੜਾ ਅਤੇ ਮਹਿਲਾ ਵਿੰਗ ਦੀ ਪ੍ਰਧਾਨ ਸ਼ੀਲਾ ਭਯਾਨ ਦੀ ਅਗਵਾਈ ਵਿੱਚ 12 ਵਿਧਾਇਕਾਂ ਅਤੇ ਕੁਝ ਜ਼ਿਲ੍ਹਿਆਂ ਦੀ ਮਹਿਲਾ ਵਿੰਗ ਦੇ ਪ੍ਰਧਾਨਾਂ ਨੇ ਬਦਨੌਰ ਨਾਲ ਮੁਲਾਕਾਤ ਕੀਤੀ ਅਤੇ ਮਾਮਲੇ ਵਿੱਚ ਨਿਰਪੱਖ ਜਾਂਚ ਕਰਨ ‘ਤੇ ਜ਼ੋਰ ਦਿੱਤਾ। ਇਨੈਲੋ ਆਗੂਆਂ ਨੇ ਪ੍ਰਸ਼ਾਸਕ ਨੂੰ ਮਾਮਲੇ ਦੀ ਨਿਰਪੱਖ ਜਾਂਚ ਅਤੇ ਭਾਜਪਾ ਪ੍ਰਧਾਨ ਦਾ ਅਸਤੀਫ਼ੇ ਲੈਣ ਦੀ ਮੰਗ ਕੀਤੀ।
ਪੁਲਿਸ ‘ਤੇ ਰਾਜਨੀਤਕ ਦਬਾਅ : ਹੁੱਡਾ
ਹਰਿਆਣਾ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਇਹ ਮੰਦਭਾਗੀ ਘਟਨਾ ਹੈ। ਹਰਿਆਣਾ ਦੀ ਭਾਜਪਾ ਸਰਕਾਰ ਅਤੇ ਸੰਗਠਨ ਮੁਲਜ਼ਮਾਂ ਨੂੰ ਬਚਾਉਣ ਵਿਚ ਲੱਗਾ ਹੋਇਆ ਹੈ। ਜਿਸ ਤਰ੍ਹਾਂ ਕਿ ਅਗਵਾ ਦੀ ਧਾਰਾ ਜੋੜੀ ਗਈ ਅਤੇ ਬਾਅਦ ਵਿਚ ਹਟਾਈ ਗਈ, ਉਸ ਤੋਂ ਸਾਫ ਹੁੰਦਾ ਹੈ ਕਿ ਪੁਲਿਸ ‘ਤੇ ਰਾਜਨੀਤਕ ਦਬਾਅ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ‘ਬੇਟੀ ਬਚਾਓ ਅਤੇ ਬੇਟੀ ਪੜ੍ਹਾਓ’ ਦਾ ਨਾਅਰਾ ਦਿੰਦੀ ਹੈ ਅਤੇ ਸਰਕਾਰ ਦੇ ਨੁਮਾਇੰਦੇ ਬੇਟੀਆਂ ਨਾਲ ਇਹੋ ਜਿਹਾ ਸਲੂਕ ਕਰਦੇ ਹਨ। ਜੇਕਰ ਇਸ ਮਾਮਲੇ ‘ਚ ਦਲੇਰ ਬੇਟੀ ਨੂੰ ਇਨਸਾਫ ਮਿਲਣ ਦੀ ਰਾਹ ਵਿਚ ਕੋਈ ਸੱਤਾਧਾਰੀ ਨੇ ਰੋੜਾ ਅਟਕਾਇਆ ਤਾਂ ਕਾਂਗਰਸ ਸੜਕਾਂ ‘ਤੇ ਆ ਜਾਵੇਗੀ।  ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਵੀ ਇਸ ਘਟਨਾ ਦੀ ਪੁਰਜ਼ੋਰ ਨਿੰਦਾ ਕੀਤੀ ਹੈ।
ਮੁਲਜ਼ਮਾਂ ਦੀ ਪਹੁੰਚ ਹੋਣ ਦੇ ਬਾਵਜੂਦ ਵੀ ਪੀੜਤ ਪਿਓ-ਧੀ ਇਨਸਾਫ਼ ਲਈ ਡਟੇ
ਚੰਡੀਗੜ੍ਹ : ਹਰਿਆਣਾ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਦੇ ਪੁੱਤਰ ਵਿਕਾਸ ਬਰਾਲਾ ਦੀ ਕਥਿਤ ਛੇੜਖ਼ਾਨੀ ਦੀ ਸ਼ਿਕਾਰ ਹੋਈ ਸੂਬੇ ਦੇ ਆਈਏਐਸ ਅਧਿਕਾਰੀ ਦੀ ਧੀ ਵਰਣਿਕਾ ਕੁੰਡੂ ਤੇ ਉਸ ਦੇ ਪਿਤਾ ਵਿਰੇਂਦਰ ਕੁੰਡੂ ਨੇ ਸਾਫ਼ ਕਿਹਾ ਹੈ ਕਿ ਮੁਲਜ਼ਮਾਂ ਦੀ ਪਹੁੰਚ ਦੇ ਬਾਵਜੂਦ ਉਹ ਇਨਸਾਫ਼ ਲਈ ਡਟੇ ਰਹਿਣਗੇ। ਦੋਵਾਂ ਨੇ ਇਲੈਕਟਰਾਨਿਕ ਤੇ ਸੋਸ਼ਲ ਮੀਡੀਆ ਰਾਹੀਂ ਕਿਹਾ ਕਿ ਦੋਸ਼ੀਆਂ ਨੂੰ ‘ਸਖ਼ਤ ਸਜ਼ਾ’ ਮਿਲਣੀ ਚਾਹੀਦੀ ਹੈ ਤੇ ਕੇਸ ‘ਨਰਮ’ ਕੀਤੇ ਜਾਣ ‘ਤੇ ਉਹ ਅਦਾਲਤ ਦਾ ਬੂਹਾ ਖੜਕਾਉਣਗੇ। ਪੇਸ਼ੇ ਵਜੋਂ ਡੀਜੇ 29 ਸਾਲਾ ਵਰਣਿਕਾ ਨੇ ਕਿਹਾ ਕਿ ਉਹ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਹਟੇਗੀ। ਉਸ ਨੇ ਕਿਹਾ, ”ਜੇ ਅਸੀਂ ઠਅਜਿਹਾ ਨਹੀਂ ਕਰਾਂਗੇ, ਤਾਂ ਕੌਣ ਕਰੇਗਾ।” ਉਸ ਨੇ ਕਿਹਾ, ”ਲੋਕਾਂ ਦੀ ਸ਼ਕਤੀ ਮੇਰੇ ਨਾਲ ਹੈ। ਮੈਨੂੰ ਆਪਣੀ ਜ਼ਿੰਦਗੀ ਵਿੱਚ ਇੰਨਾ ਸਹਿਯੋਗ ਪਹਿਲਾਂ ਕਦੇ ਨਹੀਂ ਮਿਲਿਆ।” ਜੇ ਉਹ ਆਈਏਐਸ ਦੀ ਧੀ ਨਾ ਹੁੰਦੀ ਤਾਂ ਸ਼ਾਇਦ ਅਜਿਹਾ ਨਾ ਹੁੰਦਾ। ਆਪਣੇ ਪਿਤਾ ਸਣੇ ਟੀਵੀ ਚੈਨਲਾਂ ਉਤੇ ਬੋਲਦਿਆਂ ਉਸ ਨੇ ਕਿਹਾ, ”ਜੇ ਮੈਂ ਪੇਂਡੂ ਕੁੜੀ ਹੁੰਦੀ ਤਾਂ ਸ਼ਾਇਦ ਮੇਰੇ ਕੋਲ ਐਨੇ ਵਸੀਲੇ ਨਾ ਹੁੰਦੇ ਕਿ ਮੈਂ ਅਜਿਹੇ ਲੋਕਾਂ ਦਾ ਟਾਕਰਾ ਕਰ ਸਕਦੀ।”
ਬਰਾਲਾ ਪਰਿਵਾਰ ਦੇ ਇਕ ਹੋਰ ਮੁੰਡੇ ‘ਤੇ ਲੱਗੇ ਜਬਰ ਜਨਾਹ ਦੇ ਦੋਸ਼
ਚੰਡੀਗੜ੍ਹ : ਹਰਿਆਣਾ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਕਸੂਤੀ ਸਥਿਤੀ ਵਿਚ ਫਸਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਬੇਟੇ ‘ਤੇ ਚੰਡੀਗੜ੍ਹ ਵਿਚ ਇਕ ਆਈ.ਏ.ਐਸ. ਦੀ ਬੇਟੀ ਨਾਲ ਛੇੜਛਾੜ ਦੀ ਘਟਨਾ ਵਾਪਰਨ ਤੋਂ ਦੋ ਦਿਨ ਬਾਅਦ ਹੀ ਬਰਾਲਾ ਦੇ ਨਜ਼ਦੀਕੀ ਪਰਿਵਾਰਕ ਮੁੰਡਿਆਂ ਵੱਲੋਂ ਵੀ ਕਥਿਤ ਤੌਰ ‘ਤੇ ਕਾਰਾ ਕੀਤੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਹ ਮੁੰਡਾ ਸੁਭਾਸ਼ ਬਰਾਲਾ ਦੇ ਭਰਾ ਦਾ ਪੋਤਾ ਦੱਸਿਆ ਜਾਂਦਾ ਹੈ। ਟੋਹਾਣਾ (ਫ਼ਤਿਹਾਬਾਦ) ਦੀ ਅੱਠਵੀਂ ਵਿਚ ਪੜ੍ਹਦੀ ਸਾਢੇ 17 ਸਾਲਾ ਇਕ ਨਾਬਾਲਗ ਵਿਦਿਆਰਥਣ ਵੱਲੋਂ ਉਸ ਦੇ ਚਾਚੇ ਰਾਹੀਂ ਦਾਖ਼ਲ ਪਟੀਸ਼ਨ ਵਿਚ ਬਰਾਲਾ ਦੇ ਨਜ਼ਦੀਕੀ ਰਿਸ਼ਤੇਦਾਰ ਮੁੰਡੇ ਵਿਕਰਮ ਵੱਲੋਂ ਉਸ ਨਾਲ ਕਥਿਤ ਤੌਰ ‘ਤੇ ਜਬਰ ਜਨਾਹ ਕਰਨ ਦਾ ਦੋਸ਼ ਲਗਾਇਆ ਗਿਆ ਹੈ ਅਤੇ ਕਿਹਾ ਹੈ ਕਿ ਪੁਲਿਸ ਨੇ ਅਗਵਾ ਕਰਨ ਦਾ ਮਾਮਲਾ ਦਰਜ ਕੀਤਾ ਸੀ ਪਰ ਸਥਾਨਕ ਵਿਧਾਇਕ ਦੇ ਪਰਿਵਾਰਕ ਮੈਂਬਰ ਹੋਣ ਦੇ ਨਾਤੇ ਪ੍ਰਭਾਵ ਕਾਰਨ ਪੁਲਿਸ ਕਾਰਵਾਈ ਨਹੀਂ ਕਰ ਰਹੀ। ਇਹ ਦੋਸ਼ ਵੀ ਲਾਇਆ ਕਿ ਰਾਜਸੀ ਪ੍ਰਭਾਵ ਹੋਣ ਕਾਰਨ ਪੀੜਤ ਕੁੜੀ ਪੁਲਿਸ ਦੀ ਮੌਜੂਦਗੀ ਵਿਚ ਸਹੀ ਬਿਆਨ ਨਹੀਂ ਦੇ ਸਕੀ ਅਤੇ ਇਸ ਕਾਰਨ ਉਸ ਦੇ ਨਵੇਂ ਬਿਆਨ ਦਰਜ ਕੀਤੇ ਜਾਣੇ ਚਾਹੀਦੇ ਹਨ। ਪਟੀਸ਼ਨ ਵਿਚ ਮੰਗ ਕੀਤੀ ਗਈ ਕਿ ਅੱਠ ਮਈ ਨੂੰ ਸਦਰ ਟੋਹਾਣਾ ਥਾਣੇ ਵਿਚ ਦਰਜ ਮਾਮਲੇ ਵਿਚ ਪੁਲਿਸ ਨੂੰ ਤੁਰੰਤ ਕਾਰਵਾਈ ਦਾ ਹੁਕਮ ਦਿੱਤਾ ਜਾਵੇ। ਮਾਮਲੇ ਦੀ ਜਾਂਚ ਉੱਚ ਅਫ਼ਸਰ ਕੋਲੋਂ ਕਰਵਾਈ ਜਾਵੇ ਜਾਂ ਕਿਸੇ ਸੁਤੰਤਰ ਏਜੰਸੀ ਦੇ ਹੱਥ ਸਾਪ ਦਿੱਤੀ ਜਾਵੇ। ਸ਼ਿਕਾਇਤ ‘ਤੇ ਪੁਲਿਸ ਨੇ ਅਗਵਾ ਕਰਨ ਤੇ ਬੰਦੀ ਬਣਾਉਣ ਦਾ ਮਾਮਲਾ ਦਰਜ ਕੀਤਾ ਪਰ ਕੋਈ ਕਾਰਵਾਈ ਨਾ ਹੋਣ ਦਾ ਦੋਸ਼ ਪਟੀਸ਼ਨ ਵਿਚ ਲਾਇਆ ਗਿਆ। ਹਾਈਕੋਰਟ ਨੇ ਇਸ ਮਾਮਲੇ ਵਿਚ ਸੈਸ਼ਨ ਜੱਜ ਫ਼ਤਿਹਾਬਾਦ ਕੋਲੋਂ ਪੀੜਤਾ ਦੇ ਪਹਿਲਾਂ ਦਰਜ ਕੀਤੇ ਬਿਆਨ ਦੀ ਕਾਪੀ ਮੰਗਵਾਈ ਸੀ। ਇਹ ਕਾਪੀ ਸੀਲ ਬੰਦ ਲਿਫ਼ਾਫ਼ੇ ਵਿਚ ਪੇਸ਼ ਕਰ ਦਿੱਤੀ ਗਈ ਸੀ ਅਤੇ ਹਾਈਕੋਰਟ ਨੇ ਪੁਲਿਸ ਕੋਲੋਂ ਉਸ ਐਫ.ਆਈ.ਆਰ. ‘ਤੇ ਕਾਰਵਾਈ ਦੀ ਰਿਪੋਰਟ ਤਲਬ ਕਰ ਲਈ ਹੈ, ਜਿਹੜੀ ਅਗਵਾ ਕਰਨ ਤੇ ਬੰਦੀ ਬਣਾਉਣ ਦੇ ਦੋਸ਼ ਤਹਿਤ ਦਰਜ ਕੀਤੀ ਗਈ ਹੈ।
ਸੁਭਾਸ਼ ਬਰਾਲਾ ਦਾ ਪਾਰਟੀ ਦੇ ਅੰਦਰੋਂ ਵੀ ਵਿਰੋਧ ਹੋਣ ਲੱਗਾ
ਚੰਡੀਗੜ੍ਹ : ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਦੇ ਪੁੱਤਰ ਵਲੋਂ ਚੰਡੀਗੜ੍ਹ ‘ਚ ਇਕ ਆਈਏਐਸ ਦੀ ਲੜਕੀ ਨਾਲ ਹੋਈ ਛੇੜਛਾੜ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਹੁਣ ਭਾਜਪਾ ਦੇ ਅੰਦਰੋਂ ਵੀ ਸੁਭਾਸ਼ ਬਰਾਲਾ ਖਿਲਾਫ ਆਵਾਜ਼ ਉਠਣ ਲੱਗ ਪਈ ਹੈ।
ਕੁਰੂਕਸ਼ੇਤਰ ਤੋਂ ਭਾਜਪਾ ਦੇ ਸੰਸਦ ਮੈਂਬਰ ਰਾਜ ਕੁਮਾਰ ਸੈਣੀ ਨੇ ਕਿਹਾ ਕਿ ਕਿਸੇ ਦਾ ਪਿੱਛਾ ਕਰਨਾ, ਹੱਥ ਮਾਰ ਕੇ ਗੱਡੀ ਰੋਕਣਾ ਜਾਂ ਅਗਵਾ ਕਰਨ ਦੀ ਕੋਸ਼ਿਸ਼ ਕਰਨਾ ਇਕ ਬਹੁਤ ਹੀ ਗੰਭੀਰ ਮਾਮਲਾ ਹੈ, ਇਸ ਨੂੰ ਲੈ ਕੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਪੀੜਤ ਲੜਕੀ ਨੇ ਇਸ ਮਾਮਲੇ ਵਿਚ ਹਿੰਮਤ ਦਿਖਾਈ ਹੈ। ਰਾਜ ਕੁਮਾਰ ਨੇ ਸੈਣੀ ਨੇ ਕਿਹਾ ਵਿਰੋਧੀ ਧਿਰ ਦੇ ਮਾਮਲਾ ਚੁੱਕਣ ਤੋਂ ਪਹਿਲਾਂ ਹੀ ਸੁਭਾਸ਼ ਬਰਾਲਾ ਨੂੰ ਅਸਤੀਫੇ ਦੇ ਦੇਣਾ ਚਾਹੀਦਾ ਹੈ। ਭਾਜਪਾ ਦੇ ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਵੀ ਸੁਭਾਸ਼ ਬਰਾਲਾ ਦੇ ਲੜਕੇ ਖਿਲਾਫ ਮੈਦਾਨ ‘ਚ ਆ ਗਏ ਹਨ।

Check Also

ਪੰਜਾਬ ’ਚ ਨਿਗਮ ਚੋਣਾਂ ਦਾ ਐਲਾਨ ਇਸੇ ਹਫਤੇ ਸੰਭਵ

  ਸੁਪਰੀਮ ਕੋਰਟ ਨੇ 8 ਹਫਤਿਆਂ ’ਚ ਚੋਣ ਪ੍ਰਕਿਰਿਆ ਮੁਕੰਮਲ ਕਰਨ ਦੇ ਦਿੱਤੇ ਸਨ ਨਿਰਦੇਸ਼ …