ਵੱਖ-ਵੱਖ ਥਾਈਂ ਕਈ ਔਰਤਾਂ ਦੇ ਵਾਲ ਕੱਟੇ, ਬੁੱਧੀਜੀਵੀ ਇਸ ਨੂੰ ਦੱਸ ਰਹੇ ਹਨ ਮਾਨਸਿਕ ਬਿਮਾਰੀ ਜਾਂ ਅੰਧ ਵਿਸ਼ਵਾਸ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਅੱਜ ਕੱਲ੍ਹ ਵਾਲ ਕੱਟਣ ਦੀਆਂ ਘਟਨਾਵਾਂ ਦਾ ਮੁੱਦਾ ਸਭ ਤੋਂ ਵੱਧ ਚਰਚਾ ਵਿਚ ਹੈ। ਰੋਜ਼ਾਨਾ ਹੀ ਜਿੱਥੇ ਵੱਖ-ਵੱਖ ਥਾਵਾਂ ‘ਤੇ ਔਰਤਾਂ ਦੇ ਵਾਲ ਕੱਟਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਉਥੇ 11 ਹੋਰ ਔਰਤਾਂ ਦੇ ਵਾਲ ਕੱਟਣ ਦੇ ਵੱਖ-ਵੱਖ ਮਾਮਲੇ ਸਾਹਮਣੇ ਆਏ। ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਫਤਹਿਗੜ੍ਹ ‘ਚ ਵੀ 10 ਵਰ੍ਹਿਆਂ ਦੀ ਲੜਕੀ ਕਾਜਲ ਪੁੱਤਰੀ ਮਲਕੀਤ ਸਿੰਘ ਦੇ ਰਾਤ ਲਗਭਗ ਸਾਢੇ 10.00 ਵਜੇ ਅਤੇ ਪਿੰਡ ਤਰੋਥੜੀ ਵਿਚ 35 ਵਰ੍ਹਿਆਂ ਦੀ ਔਰਤ ਬਿਮਲਾ ਰਾਣੀ ਪਤਨੀ ਹਰਬੰਸ ਸਿੰਘ ਦੇ ਰਾਤ ਲਗਭਗ 10.00 ਵਜੇ ਅਚਾਨਕ ਵਾਲ ਕੱਟੇ ਗਏ। ਵਾਲ ਕੱਟੇ ਜਾਣ ਦੀ ਤੀਜੀ ਘਟਨਾ ਜ਼ਿਲ੍ਹੇ ਦੇ ਪਿੰਡ ਫਤਹਿਗੜ੍ਹ ‘ਚ ਐਤਵਾਰ ਸਵੇਰੇ 9.00 ਵਜੇ ਇਕ 23 ਵਰ੍ਹਿਆਂ ਦੀ ਔਰਤ ਰਾਜ ਰਾਣੀ ਪਤਨੀ ਮਨਜੀਤ ਸਿੰਘ ਨਾਲ ਹੋਈ। ਇਸ ਦੀ ਸੂਚਨਾ ਪੁਲਿਸ ਨੂੰ ਮਿਲਣ ‘ਤੇ ਮੰਡੀ ਲਾਧੂਕਾ ਦੇ ਚੌਕੀ ਇੰਚਾਰਜ ਸੁਰਿੰਦਰ ਕੁਮਾਰ ਨੇ ਮੌਕੇ ‘ਤੇ ਪਹੁੰਚ ਕੇ ਪੜਤਾਲ ਸ਼ੁਰੂ ਕਰ ਦਿੱਤੀ ਸੀ। ਇਸੇ ਤਰ੍ਹਾਂ ਦੋਆਬਾ ਖੇਤਰ ਦੇ ਕੰਢੀ ਇਲਾਕੇ ਦੀ ਤਹਿਸੀਲ ਬਲਾਚੌਰ ਦੇ ਪਿੰਡ ਆਲੋਵਾਲ ਵਿਖੇ ਵੀ ਇਕ ਲੜਕੀ ਦੇ ਵਾਲ ਕੱਟੇ ਜਾਣ ਦਾ ਸਮਾਚਾਰ ਮਿਲਿਆ ਹੈ। ਬਲਾਕ ਸੜੋਆ ਦੇ ਪਿੰਡ ਆਲੋਵਾਲ ਦੀ ਪ੍ਰਵੀਨ ਕੌਰ ਪੁੱਤਰੀ ਨਰਿੰਦਰ ਕੁਮਾਰ ਜੋ ਨੌਵੀਂ ਕਲਾਸ ਦੀ ਵਿਦਿਆਰਥਣ ਹੈ, ਨੇ ਦੱਸਿਆ ਕਿ ਰਾਤ ਨੂੰ ਜਦੋਂ ਮੈਂ ਸੌ ਰਹੀ ਸੀ ਤਾਂ ਮੈਨੂੰ ਟੱਕ-ਟੱਕ ਦੀ ਆਵਾਜ਼ ਸੁਣਾਈ ਦਿੱਤੀ। ਟੱਕ-ਟੱਕ ਦੀ ਆਵਾਜ਼ ਉਪਰੰਤ ਜਦੋਂ ਅੱਖ ਖੁੱਲ੍ਹੀ ਤਾਂ ਅੱਖਾਂ ਮੂਹਰੇ ਇਕਦਮ ਹਨ੍ਹੇਰਾ ਛਾ ਗਿਆ। ਜਦੋਂ ਸਿਰ ‘ਚ ਹੱਥ ਫੇਰਿਆ ਤਾਂ ਮੇਰੇ ਲੰਬੇ ਲੰਘੇ ਵਾਲਾਂ ਦਾ ਗੁੱਛਾ ਮੇਰੇ ਹੱਥ ‘ਚ ਆ ਗਿਆ। ਬਲਾਚੌਰ ਪੁਲਿਸ ਨੇ ਵੀ ਮੌਕਾ ਵੇਖਿਆ। ਪਰ ਇਲਾਕੇ ਅੰਦਰ ਵਾਪਰੀ ਇਸ ਘਟਨਾ ਨਾਲ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ।
ਅਜਿਹੀ ਹੀ ਇਕ ਘਟਨਾ ਨੇੜਲੇ ਪਿੰਡ ਕਾਉਣੀ ਵਿਖੇ ਵੀ ਵਾਪਰੀ ਜਿੱਥੇ ਲਗਭਗ 32 ਸਾਲਾ ਕਰਮਜੀਤ ਕੌਰ ਦੇ ਸਿਰ ਦੇ ਵਾਲ ਕੱਟੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਪੀੜਤ ਦੇ ਪਤੀ ਤੇਜ ਸਿੰਘ ਨੇ ਦੱਸਆ ਕਿ ਰਾਤ ਲਗਭਗ ਸਾਢੇ 12 ਵਜੇ ਉਹ ਆਪਣੇ ਖੇਤਾਂ ਨੂੰ ਪਾਣੀ ਲਾਉਣ ਤੋਂ ਬਾਅਦ ਘਰ ਆ ਕੇ ਸੁੱਤਾ ਪਰ ਜਦ ਸਵੇਰੇ ਉਹ ਪੰਜ ਵਜੇ ਉਠਿਆ ਤਾਂ ਉਸ ਨੂੰ ਇਸ ਬਾਰੇ ਪਤਾ ਲੱਗਾ।
ਪਿੰਡ ਚੂਹੜਪੁਰ ‘ਚ ਦੋ ਲੜਕੀਆਂ ਦੀਆਂ ਗੁੱਤਾਂ ਕੱਟੀਆਂ : ਪਟਿਆਲਾ ਜ਼ਿਲ੍ਹੇ ਦੇ ਡਕਾਲਾ ਇਲਾਕੇ ਵਿਚ ਪੈਂਦੇ ਪਿੰਡ ਚੂਹੜਪੁਰ ਦੇ ਰਹਿਣ ਵਾਲੇ ਨਿਰਮਲ ਸਿੰਘ ਪੁੱਤਰ ਪੂਰਨ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਰਾਤ ਨੂੰ ਜਦੋਂ ਵਿਹੜੇ ਵਿਚ ਸੁੱਤਾ ਪਿਆ ਸੀ ਅਤੇ ਘਰ ਦਾ ਮੁੱਖ ਦਰਵਾਜ਼ਾ ਬੰਦ ਸੀ। ਮੇਰੀਆਂ ਕੁੜੀਆਂ ਰਿੱਤੂ ਕੌਰ ਤੇ ਸੁਖਵਿੰਦਰ ਕੌਰ ਤੇ ਲੜਕਾ ਬਲਜਿੰਦਰ ਸਿੰਘ ਘਰ ਦੇ ਅੰਦਰ ਕਮਰੇ ਵਿਚ ਸੁੱਤੇ ਪਏ ਸਨ, ਸਵੇਰੇ ਮੇਰੀ ਪਤਨੀ ਸਵਰਨਜੀਤ ਕੌਰ ਨੇ ਦੇਖਿਆ ਕਿ ਦੋਵਾਂ ਬੇਟੀਆਂ ਦੀਆਂ ਗੁੱਤਾਂ ਕੱਟੀਆਂ ਹੋਈਆਂ ਸਨ ਤੇ ਜ਼ਮੀਨ ‘ਤੇ ਪਈਆਂ ਸਨ। ਅਸੀਂ ਸਭ ਤੋਂ ਪਹਿਲਾਂ ਪਿੰਡ ਦੇ ਸਰਪੰਚ ਨੂੰ ਬੁਲਾ ਕੇ ਘਟਨਾ ਬਾਰੇ ਜਾਣਕਾਰੀ ਦਿੱਤੀ। ਮੌਕੇ ‘ਤੇ ਪੁੱਜੇ ਸਰਪੰਚ ਸੁਰਜੀਤ ਸਿੰਘ ਨੇ ਫੋਨ ‘ਤੇ ਸਾਰੀ ਘਟਨਾ ਬਾਰੇ ਪੁਲਿਸ ਚੌਕੀ ਰਾਮਨਗਰ ਨੂੰ ਸੂਚਿਤ ਕੀਤਾ ਤੇ ਜਿਸਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਮੌਕੇ ਦਾ ਜਾਇਜ਼ਾ ਲਿਆ।
ਇਸੇ ਤਰ੍ਹਾਂ ਹੁਸ਼ਿਆਰਪੁਰ ‘ਚ ਵੀ ਗੁੱਤਾਂ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਮੁਹੱਲਾ ਨਿਊ ਵਿਜੇ ਨਗਰ ਦੀ ਇਕ ਔਰਤ ਜਦੋਂ ਐਤਵਾਰ ਸਵੇਰੇ ਉਠੀ ਤਾਂ ਉਹ ਹੈਰਾਨ ਹੋ ਗਈ ਕਿ ਉਸਦੇ ਵਾਲ ਕੱਟੇ ਗਏ ਹਨ। ਮੁਹੱਲਾ ਨਿਊ ਦੀਪ ਨਗਰ ਨੇੜੇ ਰਹਿਣ ਵਾਲੇ ਰਾਮ ਪ੍ਰਵੇਸ਼ ਮੁਖੀਆ ਨੇ ਦੱਸਿਆ ਕਿ ਸ਼ਨੀਵਾਰ ਰਾਤ ਉਸਦੀ ਪਤਨੀ ਜਾਨਕੀ ਦੇਵੀ ਰਾਤ ਨੂੰ ਆਪਣੀ ਬੇਟੀ ਕਾਜਲ ਨਾਲ ਸੁੱਤੀ ਹੋਈ ਸੀ, ਜਦੋਂ ਸਵੇਰੇ 6.00 ਵਜੇ ਉਠੀ ਤਾਂ ਉਸ ਨੇ ਦੇਖਿਆ ਕਿ ਉਸ ਦੇ ਵਾਲ ਕੱਟੇ ਹੋਏ ਸਨ।