ਕਾਂਗਰਸੀ ਵਿਧਾਇਕ ਵਿਕਰਮ ਚੌਧਰੀ ਨੇ ਪ੍ਰਗਟਾਇਆ ਇਤਰਾਜ਼
ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੀ ਜਲੰਧਰ ਲੋਕ ਸਭਾ ਸੀਟ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਮ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਪ੍ਰੰਤੂ ਇਸ ਤੋਂ ਸਵਰਗੀ ਸਾਬਕਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਵਿਧਾਇਕ ਪੁੱਤਰ ਵਿਕਰਮ ਚੌਧਰੀ ਨਾਰਾਜ਼ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਨਾਰਾਜ਼ਗੀ ਚੰਨੀ ਦੇ ਜਨਮ ਦਿਨ ਮੌਕੇ ਕੱਟੇ ਗਏ ਕੇਕ ’ਤੇ ਜਲੰਧਰ ਲਿਖਣ ਤੋਂ ਬਾਅਦ ਸਾਹਮਣੇ ਆਈ। ਧਿਆਨ ਰਹੇ ਕਿ ਆਦਮਪੁਰ ਤੋਂ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵੱਲੋਂ ਚੰਨੀ ਦੇ ਜਨਮ ਦਿਨ ਮੌਕੇ ਉਨ੍ਹਾਂ ਤੋਂ ਕੇਕ ਕਟਵਾਇਆ ਗਿਆ ਸੀ ਅਤੇ ਇਸ ਕੇਕ ’ਤੇ ਸਾਡਾ ਚੰਨੀ ਜਲੰਧਰ ਲਿਖਿਆ ਹੋਇਆ ਸੀ। ਇਸ ਤੋਂ ਬਾਅਦ ਫਿਲੌਰ ਤੋਂ ਕਾਂਗਰਸੀ ਵਿਧਾਇਕ ਵਿਕਰਮ ਚੌਧਰੀ ਭੜਕ ਉਠੇ ਅਤੇ ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਧਾਨ ਸਭਾ ਚੋਣਾਂ ਦੌਰਾਨ ਦੋ ਸੀਟਾਂ ਤੋਂ ਆਪਣੀ ਜ਼ਮਾਨਤ ਜ਼ਬਤ ਕਰਵਾ ਚੁੱਕੇ ਹਨ। ਚੰਨੀ ਹੁਣ ਜਲੰਧਰ ਤੋਂ ਚੋਣ ਟਰਾਇਲ ਕਰਨਾ ਚਾਹੁੰਦੇ ਹਨ ਅਤੇ ਚੰਨੀ ਦੇ ਜਲੰਧਰ ਤੋਂ ਲੋਕ ਸਭਾ ਚੋਣ ਲੜਨ ਦੀਆਂ ਚਰਚਾਵਾਂ ਦੌਰਾਨ ਇਹ ਚੌਧਰੀ ਪਰਿਵਾਰ ਦੀ ਪਹਿਲੀ ਪ੍ਰਕਿਰਿਆ ਹੈ।