ਜਲੰਧਰ ਨੇ ਦਲਬਦਲੂਆਂ ਨੂੰ ਸਬਕ ਸਿਖਾਇਆ : ਚੰਨੀ
ਜਲੰਧਰ/ਬਿਊਰੋ ਨਿਊਜ਼ : ਕਾਂਗਰਸ ਦੇ ਉਮੀਦਵਾਰ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੋਕ ਸਭਾ ਚੋਣ ਵਿੱਚ ਵੱਡੀ ਜਿੱਤ ਦਰਜ ਕਰਦਿਆਂ ਆਪਣੇ ਵਿਰੋਧੀ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ 175993 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਚੰਨੀ ਨੂੰ ਕੁੱਲ 3,90,053 ਵੋਟਾਂ ਮਿਲੀਆਂ ਜਦਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ 2,14,060, ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਨੂੰ 2,08,889, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੂੰ 67,911 ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੂੰ 64,941 ਵੋਟਾਂ ਪ੍ਰਾਪਤ ਹੋਈਆਂ। ਨੋਟਾ ਨੂੰ 4743 ਵੋਟਾਂ ਮਿਲੀਆਂ। ਜਲੰਧਰ ਲੋਕ ਸਭਾ ਹਲਕੇ ਲਈ ਭਾਵੇਂ 20 ਉਮੀਦਵਾਰ ਖੜ੍ਹੇ ਸਨ ਪਰ ਮੁੱਖ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਤੇ ‘ਆਪ’ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਵਿਚਾਲੇ ਮੰਨਿਆ ਜਾ ਰਿਹਾ ਸੀ।
ਭਾਜਪਾ ਦਾ ਪੇਂਡੂ ਹਲਕਿਆਂ ਵਿੱਚ ਵਿਰੋਧ ਹੋਣ ਕਾਰਨ ਸੁਸ਼ੀਲ ਰਿੰਕੂ ਦੇ ‘ਆਪ’ ਤੋਂ ਵੀ ਪੱਛੜ ਜਾਣ ਦੀਆਂ ਉਮੀਦਾਂ ਲਾਈਆ ਜਾ ਰਹੀਆਂ ਸਨ ਪਰ ਚੋਣਾਂ ਦੇ ਆਏ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ‘ਆਪ’ ਦੇ ਜਲੰਧਰ ਲੋਕ ਸਭਾ ਹਲਕੇ ਵਿੱਚ ਚਾਰ ਵਿਧਾਇਕ ਹੋਣ ਦੇ ਬਾਵਜੂਦ ਵੀ ਕਿਸੇ ਇੱਕ ਵਿਧਾਨ ਸਭਾ ਹਲਕੇ ਵਿੱਚ ‘ਆਪ’ ਨੂੰ ਲੀਡ ਨਹੀਂ ਮਿਲੀ। ਚੰਨੀ ਨੇ ਆਪਣੇ ਵਿਰੋਧੀਆਂ ਨੂੰ ਪਹਿਲੇ ਗੇੜ ਤੋਂ ਪਛਾੜਨਾ ਸ਼ੁਰੂ ਕਰ ਦਿੱਤਾ ਸੀ ਜੋ ਆਖੀਰ ਤੱਕ ਜਾਰੀ ਰਿਹਾ। ਭਾਜਪਾ ਉਮੀਦਵਾਰ ਰਿੰਕੂ ਸ਼ੁਰੂ ਤੋਂ ਹੀ ਦੂਜੇ ਸਥਾਨ ‘ਤੇ ਰਹੇ।
ਸੱਤਾਧਾਰੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਵੀ ਸ਼ੁਰੂ ਤੋਂ ਹੀ ਤੀਜੇ ਸਥਾਨ ‘ਤੇ ਰਹੇ ਉਹ ਕਿਸੇ ਵੀ ਗੇੜ ਵਿੱਚ ਆਪਣੇ ਵਿਰੋਧੀਆਂ ਤੋਂ ਅੱਗੇ ਵੱਧ ਨਹੀਂ ਸਕੇ। ਚੰਨੀ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਨੇ ਦਲ ਬਦਲੂਆਂ ਨੂੰ ਸਬਕ ਸਿਖਾਇਆ ਹੈ।
ਇਸ ਨਾਲ ਲੋਕਾਂ ਦਾ ਭਰੋਸਾ ਪਾਰਟੀ ਉਮੀਦਵਾਰ ਵਿੱਚ ਬੱਝਾ ਹੈ। ਜ਼ਿਕਰਯੋਗ ਹੈ ਕਿ ਜਲੰਧਰ ਵਿੱਚ ਸਭ ਤੋਂ ਵੱਧ ਦਲ ਬਦਲੀਆਂ ਹੋਈਆਂ ਸਨ। ‘ਆਪ’ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਟਿਕਟ ਮਿਲਣ ਦੇ ਬਾਵਜੂਦ ਵੀ ਪਾਰਟੀ ਬਦਲ ਕੇ ਭਾਜਪਾ ਵਿੱਚ ਸ਼ਮੂਲੀਅਤ ਕਰ ਲਈ ਸੀ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਏ ਪਵਨ ਕੁਮਾਰ ਟੀਨੂੰ ਨੇ ਐਨ ਮੌਕੇ ‘ਤੇ ‘ਆਪ’ ਦਾ ਝਾੜੂ ਫੜ ਲਿਆ। ਇਸੇ ਤਰ੍ਹਾਂ ਟਕਸਾਲੀ ਕਾਂਗਰਸੀ ਆਗੂ ਮਹਿੰਦਰ ਕੇਪੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਏ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …