ਫਰੀਦਕੋਟ ਪੁਲਿਸ ਨੇ ਤਿੰਨ ਕਤਲ ਕੇਸ ਕੀਤੇ ਸਨ ਦਰਜ; ਸੀਬੀਆਈ ਵੀ ਪੜਤਾਲ ‘ਚ ਨਾ ਦਿਖਾ ਸਕੀ ਪ੍ਰਗਤੀ
ਫ਼ਰੀਦਕੋਟ/ਬਿਊਰੋ ਨਿਊਜ਼ : ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ, ਬਹਿਬਲ ਅਤੇ ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੀਆਂ ਘਟਨਾਵਾਂ ਅਤੇ ਇਸ ਵਿੱਚ ਮਾਰੇ ਗਏ ਤਿੰਨ ਵਿਅਕਤੀਆਂ ਦੇ ਕਤਲ ਕੇਸ ਦੇ ਮਾਮਲਿਆਂ ਸਮੇਤ ਕੁੱਲ ਦਰਜ ਕੀਤੇ ਗਏ ਛੇ ਕੇਸਾਂ ਵਿੱਚੋਂ ਫ਼ਰੀਦਕੋਟ ਪੁਲਿਸ ਇੱਕ ਦੀ ਵੀ ਪੜਤਾਲ ਮੁਕੰਮਲ ਨਹੀਂ ਕਰ ਸਕੀ ਅਤੇ ਨਾ ਹੀ ਅੱਜ ਤੱਕ ਪੁਲਿਸ ਨੂੰ ਕੋਈ ਦੋਸ਼ੀ ਲੱਭਿਆ ਹੈ।
ਦਿਲਚਸਪ ਤੱਥ ਇਹ ਹੈ ਕਿ ਪੰਜਾਬ ਸਰਕਾਰ ਨੇ ਬੇਅਦਬੀ ਕਾਂਡ ਦੀ ਜਾਂਚ ਸੀਬੀਆਈ ਹਵਾਲੇ ਕਰ ਦਿੱਤੀ ਸੀ ਪਰ ਜਦੋਂ ਤੱਕ ਸੀਬੀਆਈ ਘਟਨਾ ਸਥਾਨ ‘ਤੇ ਪੁੱਜੀ ਉਦੋਂ ਤੱਕ ਸਾਰੇ ਅਹਿਮ ਸਬੂਤ ਖ਼ਤਮ ਹੋ ਚੁੱਕੇ ਸਨ। ਸੀਬੀਆਈ ਨੂੰ ਸਬੂਤ ਇਕੱਤਰ ਕਰਨ ਵਿੱਚ ਵੱਡੀ ਦਿੱਕਤ ਆ ਰਹੀ ਹੈ।
ਬਹਿਬਲ ਗੋਲੀ ਕਾਂਡ ਦੀ ਪੜਤਾਲ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਤੋਂ ਕਰਵਾਈ ਗਈ ਹੈ। ਪੜਤਾਲ ਦੌਰਾਨ ਕਮਿਸ਼ਨ ਨੂੰ ਗੋਲੀ ਕਾਂਡ ਦੌਰਾਨ ਵਰਤੇ ਗਏ ਅਸਲੇ ਦੀ ਪੁਲਿਸ ਨੇ ਜਾਣਕਾਰੀ ਤੱਕ ਨਹੀਂ ਦਿੱਤੀ ਅਤੇ ਨਾ ਹੀ ਪੁਲਿਸ ਵੱਲੋਂ ਮੌਕੇ ‘ਤੇ ਬਰਾਮਦ ਕੀਤੇ ਗਏ ਚੱਲੀਆਂ ਗੋਲੀਆਂ ਦੇ ਖੋਲ ਕਮਿਸ਼ਨ ਨੂੰ ਦਿਖਾਏ ਗਏ। ਜਸਟਿਸ ਜ਼ੋਰਾ ਸਿੰਘ ਦੀ ਜਾਂਚ ਦੌਰਾਨ ਗੋਲੀ ਕਾਂਡ ਵਿੱਚ ਘਿਰੇ ਕੁਝ ਪੁਲਿਸ ਅਧਿਕਾਰੀ ਵਿਦੇਸ਼ ਦੌਰੇ ‘ਤੇ ਚਲੇ ਗਏ, ਜੋ ਅਜੇ ਤੱਕ ਵਾਪਸ ਨਹੀਂ ਪਰਤੇ। ਗੋਲੀ ਨਾਲ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਵਾਸੀ ਬਹਿਬਲ ਖੁਰਦ, ਗੁਰਜੀਤ ਸਿੰਘ ਵਾਸੀ ਸਰਾਵਾਂ ਅਤੇ ਗੁਰਦੇਵ ਸਿੰਘ ਵਾਸੀ ਬੁਰਜ ਜਵਾਹਰ ਸਿੰਘ ਦੇ ਮਾਮਲੇ ਵਿੱਚ ਪੁਲਿਸ ਨੇ ਕਤਲ ਦੇ ਕੇਸ ਤਾਂ ਦਰਜ ਕੀਤੇ ਹਨ ਪ੍ਰੰਤੂ ਇਨ੍ਹਾਂ ਦੀ ਪੜਤਾਲ ਕਿਸੇ ਸਿਰੇ ਨਹੀਂ ਲੱਗੀ।
ਸੀਬੀਆਈ ਅਧਿਕਾਰੀਆਂ ਨੇ ਕਿਹਾ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਵਾਲੇ ਤਿੰਨ ਮਾਮਲਿਆਂ ਦੀ ਹੀ ਪੜਤਾਲ ਕਰ ਰਹੀ ਹੈ। ਬੁਰਜ ਜਵਾਹਰ ਸਿੰਘ ਵਾਲਾ ਵਿੱਚ 13 ਜੂਨ 2016 ਨੂੰ ਕਤਲ ਹੋਏ ਡੇਰਾ ਪ੍ਰੇਮੀ ਗੁਰਦੇਵ ਸਿੰਘ ਦੇ ਮਾਮਲੇ ਵਿੱਚ ਪੁਲਿਸ ਦੇ ਹੱਥ ਅਜੇ ਤੱਕ ਕੋਈ ਸਬੂਤ ਨਹੀਂ ਲੱਗਿਆ। ਡੇਰਾ ਪ੍ਰੇਮੀ ਬਿੱਟੂ ਸਿੰਘ ਨੇ ਕਿਹਾ ਕਿ ਜੇਕਰ ਪੁਲਿਸ ਸਮੇਂ ਸਿਰ ਕਾਰਵਾਈ ਕਰਦੀ ਤਾਂ ਕਾਤਲਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਸੀ। ਗੁਰਦੇਵ ਸਿੰਘ ਵਾਸੀ ਪਿੰਡ ਬੁਰਜ ਜਵਾਹਰ ਸਿੰਘ ਵਾਲਾ, ਜੋ ਸੀਬੀਆਈ ਦਾ ਬੇਅਦਬੀ ਕਾਂਡ ਦਾ ਗਵਾਹ ਸੀ, ਨੂੰ ਤਿੰਨ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਜਦੋਂਕਿ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਦੀ 14 ਅਕਤੂਬਰ 2015 ਨੂੰ ਪਿੰਡ ਬਹਿਬਲ ਕਲਾਂ ਦੀ ਮੁੱਖ ਸੜਕ ‘ਤੇ ਧਰਨੇ ਦੌਰਾਨ ਪੁਲਿਸ ਦੀ ਚੱਲੀ ਗੋਲੀ ਨਾਲ ਮੌਤ ਹੋ ਗਈ ਸੀ। ਸਿੱਖ ਜਥੇਬੰਦੀਆਂ ਦੇ ਦਬਾਅ ਕਾਰਨ ਪੁਲਿਸ ਨੇ ਕਤਲ ਦਾ ਕੇਸ ਤਾਂ ਦਰਜ ਕਰ ਲਿਆ ਸੀ ਪ੍ਰੰਤੂ ਅਜੇ ਤੱਕ ਕਿਸੇ ਵੀ ਮੁਲਜ਼ਮ ਦੀ ਸ਼ਨਾਖਤ ਨਹੀਂ ਹੋ ਸਕੀ।
ਜ਼ਿਲ੍ਹਾ ਪੁਲਿਸ ਮੁਖੀ ਸੁਖਮਿੰਦਰ ਸਿੰਘ ਮਾਨ ਨੇ ਕਿਹਾ ਕਿ ਬੇਦਅਬੀ ਕਾਂਡ ਦੀ ਜਾਂਚ ਸੀਬੀਆਈ ਕਰ ਰਹੀ ਹੈ ਅਤੇ ਜ਼ਿਲ੍ਹਾ ਪੁਲਿਸ ਹਰ ਤਰ੍ਹਾਂ ਨਾਲ ਸਹਿਯੋਗ ਦੇ ਰਹੀ ਹੈ। ਸੀਬੀਆਈ ਦੇ ਐੱਸ.ਪੀ. ਐੱਨ. ਕ੍ਰਿਸ਼ਨਾ ਮੂਰਤੀ ਨੇ ਕਿਹਾ ਕਿ ਬੇਅਦਬੀ ਕਾਂਡ ਸਬੰਧੀ ਸੀਬੀਆਈ ਨੇ ਵੱਡੀ ਪੱਧਰ ‘ਤੇ ਪੜਤਾਲ ਸ਼ੁਰੂ ਕੀਤੀ ਹੈ ਅਤੇ ਦੋਸ਼ੀਆਂ ਦੀ ਸ਼ਨਾਖਤ ਦੱਸਣ ਵਾਲੇ ਨੂੰ ਦਸ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …