ਕਿਹਾ : ਸਾਰੇ ਸਾਈਨ ਬੋਰਡਾਂ ’ਤੇ ਲਿਖੀ ਜਾਵੇ ਪੰਜਾਬੀ, ਸਾਰੇ ਅਦਾਰੇ ਵੀ ਪੰਜਾਬੀ ਨੂੰ ਦੇਣ ਤਰਜੀਹ
ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਕਰਵਾਏ ਗਏ ਪ੍ਰੋਗਰਾਮ ’ਚ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮੰਤਰੀ ਨੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਪ੍ਰਮੋਟ ਕਰਨ ਲਈ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ 21 ਫਰਵਰੀ ਅੰਤਰਰਾਸ਼ਟਰੀ ਭਾਸ਼ਾ ਦਿਵਸ ਤੱਕ ਪੰਜਾਬ ਦੀ ਹਰ ਸਰਕਾਰੀ ਅਤੇ ਪ੍ਰਾਈਵੇਟ ਸਿੱਖਿਅਕ ਅਤੇ ਗੈਰ ਸਿੱਖਿਅਕ ਸੰਸਥਾਵਾਂ ਨੂੰ ਆਪਣਾ ਨਾਮ ਬੋਰਡਾਂ ’ਤੇ ਪੰਜਾਬੀ ਵਿਚ ਲਿਖਣ ਦੀ ਹਦਾਇਤ ਵੀ ਕੀਤੀ। ਸੂਬਾ ਪੱਧਰੀ ਇਸ ਸਮਾਗਮ ਵਿਚ ਹਿੱਸਾ ਲੈਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਵੀ ਪਹੰੁਚੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਪ੍ਰੋਗਰਾਮ ਨੂੰ ਸਭ ਤੋਂ ਪਹਿਲਾਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸੰਬੋਧਨ ਕੀਤਾ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸਮੂਹ ਪੰਜਾਬੀਆਂ ਨੂੰ ਪੰਜਾਬੀ ਭਾਸ਼ਾ ਨਾਲ ਜੁੜਨ ਦੀ ਅਪੀਲ ਕੀਤੀ ਅਤੇ ਉਨ੍ਹਾਂ ਕਿਹਾ ਕਿ ਪੰਜਾਬੀ ਨੂੰ ਪ੍ਰਮੋਟ ਕਰਨ ਵਾਲੇ ਵਿਅਕਤੀ ਨੂੰ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਆਪਣੀ ਮਾਂ ਬੋਲੀ ਨੂੰ ਪ੍ਰਮੋਟ ਕਰਦਾ ਹੈ। ਪ੍ਰੰਤੂ ਅਸੀਂ ਅੰਬਾਲਾ ਟੱਪਦੇ ਹੀ ਆਪਣੀ ਮਾਂ ਬੋਲੀ ਨੂੰ ਭੁੱਲ ਜਾਂਦੇ ਹਾਂ ਅਤੇ ਹਿੰਦੀ ਵਿਚ ਗੱਲਾਂ ਕਰਨ ਲਗਦੇ ਹਾਂ, ਜੋ ਕਿ ਠੀਕ ਨਹੀਂ। ਉਨ੍ਹਾਂ ਕਿਹਾ ਕਿ ਸਾਨੂੰ ਜਿਸ ਤਰ੍ਹਾਂ ਪੰਜਾਬੀ ਹੋਣ ’ਤੇ ਮਾਣ ਹੈ, ਉਸੇ ਤਰ੍ਹਾਂ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਨੂੰ ਬੋਲਣ ’ਤੇ ਵੀ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਅੰਗਰੇਜ਼ਾਂ ਦੀ ਮਾਂ ਬੋਲੀ ਅੰਗਰੇਜ਼ੀ ਹੈ ਅਤੇ ਸਾਡੀ ਮਾਂ ਬੋਲੀ ਪੰਜਾਬੀ ਅਤੇ ਜੇਕਰ ਦੋਵੇਂ ਆਪਣੀ ਮਾਂ ਬੋਲੀ ’ਚ ਗੱਲ ਕਰਦੇ ਹਨ ਤਾਂ ਕੋਈ ਛੋਟਾ ਜਾਂ ਵੱਡਾ ਨਹੀਂ ਹੋ ਜਾਵੇਗਾ। ਇਸ ਮੌਕੇ ਉਨ੍ਹਾਂ ਤਿੰਨ ਕਿਤਾਬਾਂ ਵੀ ਲੋਕ ਅਰਪਣ ਕੀਤੀਆਂ।