Breaking News
Home / ਪੰਜਾਬ / ਰਾਣਾ ਗੁਰਜੀਤ ਸਿੰਘ ਸੋਢੀ ਨੂੰ ਹਾਈਕੋਰਟ ਨੇ ਲਗਾਇਆ 25 ਹਜ਼ਾਰ ਰੁਪਏ ਦਾ ਜੁਰਮਾਨਾ

ਰਾਣਾ ਗੁਰਜੀਤ ਸਿੰਘ ਸੋਢੀ ਨੂੰ ਹਾਈਕੋਰਟ ਨੇ ਲਗਾਇਆ 25 ਹਜ਼ਾਰ ਰੁਪਏ ਦਾ ਜੁਰਮਾਨਾ

‘ਆਪ’ ਆਗੂ ਮੰਜੂ ਰਾਣਾ ਨੇ ਚੋਣਾਂ ਦੌਰਾਨ ਲਗਾਏ ਸਨ ਅਰੋਪ
ਚੰਡੀਗੜ੍ਹ/ਬਿਊਰੋ ਨਿਊਜ਼
ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਸੋਢੀ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅਦਾਲਤ ’ਚ ਪੇਸ਼ ਨਾ ਹੋਣ ’ਤੇ 25 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ। ਹਾਈਕੋਰਟ ਨੇ ਇਹ ਜੁਰਮਾਨਾ ਪੀਆਈਜੀ ਐੱਮਈਆਰ ਚੰਡੀਗੜ੍ਹ ’ਚ ਪੂਅਰ ਪੇਸ਼ੇਂਟਸ ਵੈੱਲਫੇਅਰ ਫੰਡ ’ਚ ਜਮ੍ਹਾਂ ਕਰਵਾਉਣ ਲਈ ਕਿਹਾ ਹੈ। ਇਸ ਸਾਰੇ ਮਾਮਲੇ ਦੀ ਅਗਲੀ ਸੁਣਵਾਈ 4 ਨਵੰਬਰ ਨੂੰ ਤੈਅ ਕੀਤੀ ਗਈ ਹੈ। ਧਿਆਨ ਰਹੇ ਕਿ ਪੰਜਾਬ ਭਰ ਵਿਚ ਬੇਸ਼ੱਕ ਆਮ ਆਦਮੀ ਪਾਰਟੀ 92 ਸੀਟਾਂ ਲੈ ਕੇ ਵੱਡੀ ਜਿੱਤ ਪ੍ਰਾਪਤ ਕਰਨ ਵਿਚ ਸਫਲ ਹੋਈ ਹੋਵੇ ਪਰ ਕਪੂਰਥਲਾ ਜ਼ਿਲ੍ਹੇ ਦੀਆਂ ਚਾਰੇ ਵਿਧਾਨ ਸਭਾ ਸੀਟਾਂ ’ਤੇ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਆਮ ਆਦਮੀ ਪਾਰਟੀ ਵੱਲੋਂ ਮੰਜੂ ਰਾਣਾ ਚੋਣ ਮੈਦਾਨ ਵਿਚ ਉੱਤਰੇ ਸੀ ਅਤੇ ਉਨ੍ਹਾਂ ਨੂੰ ਕਾਂਗਰਸੀ ਉਮੀਦਵਾਰ ਰਾਣਾ ਗੁਰਜੀਤ ਸੋਢੀ ਨੇ ਹਰਾ ਦਿੱਤਾ ਸੀ। ਇਸ ਤੋਂ ਬਾਅਦ ਮੰਜੂ ਰਾਣਾ ਵੱਲੋਂ 4 ਦਿਨਾਂ ਤਕ ਮਤਗਣਨਾ ਕੇਂਦਰ ਦੇ ਬਾਹਰ ਧਰਨਾ ਦਿੱਤਾ ਗਿਆ ਸੀ। ਮੰਜੂ ਰਾਣਾ ਦਾ ਆਰੋਪ ਸੀ ਕਿ ਚੋਣਾਂ ਦੌਰਾਨ ਜਿੰਨੀਆਂ ਵੋਟਾਂ ਮਸ਼ੀਨ ’ਚ ਪਈਆਂ ਸਨ, ਮਤਗਣਨਾ ਦੇ ਸਮੇਂ ਉਸ ਤੋਂ ਵੱਧ ਵੋਟਾਂ ਮਸ਼ੀਨਾਂ ’ਚੋਂ ਨਿਕਲੀਆਂ, ਜਿਸ ਨੂੰ ਲੈ ਕੇ ਮੰਜੂ ਰਾਣਾ ਨੇ ਹਾਈ ਕੋਰਟ ’ਚ ਜੂਨ ਮਹੀਨੇ ਦੌਰਾਨ ਚੋਣ ਪਟੀਸ਼ਨ ਦਾਇਰ ਕੀਤੀ ਸੀ। ਇਸ ਤੋਂ ਬਾਅਦ ਅਦਾਲਤ ਵੱਲੋਂ ਰਾਣਾ ਗੁਰਜੀਤ ਸਿੰਘ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਅਦਾਲਤ ਦੇ ਨੋਟਿਸ ਦੇ ਬਾਵਜੂਦ ਰਾਣਾ ਗੁਰਜੀਤ ਸਿੰਘ ਅਦਾਲਤ ਵਿਚ ਪੇਸ਼ ਨਹੀਂ ਹੋਏ। ਇਸ ਤੋਂ ਬਾਅਦ ਹੀ ਹਾਈਕੋਰਟ ਨੇ ਰਾਣਾ ਗੁਰਜੀਤ ਸਿੰਘ ਨੂੰ ਜੁਰਮਾਨਾ ਕੀਤਾ ਹੈ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …