13 C
Toronto
Thursday, October 16, 2025
spot_img
Homeਪੰਜਾਬਹਰਿਮੰਦਰ ਸਾਹਿਬ 'ਤੇ ਲੱਗੇ ਸੋਨੇ ਦੀ ਧੁਆਈ ਦੀ ਸੇਵਾ ਸ਼ੁਰੂ

ਹਰਿਮੰਦਰ ਸਾਹਿਬ ‘ਤੇ ਲੱਗੇ ਸੋਨੇ ਦੀ ਧੁਆਈ ਦੀ ਸੇਵਾ ਸ਼ੁਰੂ

ਬਰਮਿੰਘਮ ਦੀ ਸਿੱਖ ਜਥੇਬੰਦੀ ਨਿਸ਼ਕਾਮ ਸੇਵਕ ਜਥਾ ਵੱਲੋਂ ਕੀਤੀ ਜਾ ਰਹੀ ਹੈ ਸੇਵਾ
ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ‘ਤੇ ਲੱਗੇ ਸੋਨੇ ਦੀ ਚਮਕ ਨੂੰ ਬਰਕਰਾਰ ਰੱਖਣ ਲਈ ਬਰਮਿੰਘਮ ਦੀ ਸਿੱਖ ਜਥੇਬੰਦੀ ਨਿਸ਼ਕਾਮ ਸੇਵਕ ਜਥਾ ਵੱਲੋਂ ਇੱਥੇ ਸੋਨੇ ਦੀ ਸਫ਼ਾਈ ਤੇ ਧੁਆਈ ਦੀ ਸੇਵਾ ਸ਼ੁਰੂ ਕੀਤੀ ਗਈ ਹੈ, ਜੋ ਲਗਭਗ 10 ਦਿਨ ਚੱਲੇਗੀ। ਇਹ ਸੇਵਾ ਮੰਗਲਵਾਰ ਨੂੰ ਗੁਰਮਤਿ ਰਵਾਇਤਾਂ ਮੁਤਾਬਕ ਅਰਦਾਸ ਕਰਕੇ ਸ਼ੁਰੂ ਕੀਤੀ ਗਈ ਸੀ। ਸ਼ੁਰੂਆਤ ਮੌਕੇ ਸੇਵਕ ਜਥੇ ਦੇ ਮੈਂਬਰ, ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਤੇ ਹੋਰ ਪਤਵੰਤੇ ਹਾਜ਼ਰ ਸਨ। ਸੇਵਾ ਦੀ ਸ਼ੁਰੂਆਤ ਸ੍ਰੀ ਹਰਿਮੰਦਰ ਸਾਹਿਬ ਦੇ ਸੁਨਹਿਰੀ ਗੁੰਬਦ ਤੋਂ ਕੀਤੀ ਗਈ।
ਇਹ ਸੇਵਾ ਨਿਸ਼ਕਾਮ ਸੇਵਕ ਜਥੇ ਦੇ 35 ਮੈਂਬਰ ਕਰ ਰਹੇ ਹਨ। ਉਹ ਰੀਠੇ ਦੇ ਪਾਣੀ ਨਾਲ ਸੋਨੇ ਦੇ ਪੱਤਰਿਆਂ ਦੀ ਸਫਾਈ ਤੇ ਧੁਆਈ ਕਰਨਗੇ। ਇਸ ਦੌਰਾਨ ਕੋਈ ਵੀ ਰਸਾਇਣ ਨਹੀਂ ਵਰਤਿਆ ਜਾਵੇਗਾ। ਦੱਸਣਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ‘ਤੇ ਲੱਗੇ ਇਸ ਸੋਨੇ ਦੀ ਸੇਵਾ ਸਭ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਕੀਤੀ ਗਈ ਸੀ ਅਤੇ ਦੂਜੀ ਵਾਰ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਵੱਲੋਂ ਕੀਤੀ ਗਈ ਸੀ। ਇਹ ਸੇਵਾ 1999 ਵਿੱਚ ਖਾਲਸਾ ਪੰਥ ਦੇ 300 ਸਾਲਾ ਸਾਜਨਾ ਦਿਵਸ ਮੌਕੇ ਮੁਕੰਮਲ ਹੋਈ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਲੱਗੇ ਹੋਏ ਸੋਨੇ ਦੇ ਪੱਤਰੇ ਸੰਭਾਲ ਕੇ ਰੱਖੇ ਗਏ ਹਨ। ਦੂਜੀ ਵਾਰ ਸੋਨੇ ਦੇ ਪੱਤਰਿਆਂ ਦੀ ਹੋਈ ਸੇਵਾ ਤੋਂ ਕੁਝ ਵਰ੍ਹੇ ਮਗਰੋਂ ਹੀ ਇਹ ਪੱਤਰੇ ਲਾਲ ਭਾਅ ਮਾਰਨ ਲੱਗ ਪਏ ਸਨ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਦੀ ਚਮਕ ਬਰਕਰਾਰ ਰੱਖਣ ਲਈ ਨਿਰੰਤਰ ਯਤਨ ਸ਼ੁਰੂ ਕੀਤੇ ਗਏ ਸਨ। ਇਸ ਤਹਿਤ ਹੁਣ ਹਰ ਵਰ੍ਹੇ ਨਿਸ਼ਕਾਮ ਸੇਵਕ ਜਥੇ ਵੱਲੋਂ ਹੀ ਇਨ੍ਹਾਂ ਪੱਤਰਿਆਂ ਦੀ ਧੁਆਈ ਤੇ ਸਫਾਈ ਦੀ ਸੇਵਾ ਕੀਤੀ ਜਾਂਦੀ ਹੈ। ਇਹ ਖੇਤਰ ਪਹਿਲਾਂ ਵਾਤਾਵਰਣ ਪ੍ਰਦੂਸ਼ਣ ਨਾਲ ਵਧੇਰੇ ਪ੍ਰਭਾਵਿਤ ਰਿਹਾ ਹੈ, ਜਿਸ ਦਾ ਅਸਰ ਇੱਥੇ ਲੱਗੇ ਸੋਨੇ, ਸੰਗਮਰਮਰ ਦੇ ਪੱਥਰ ਅਤੇ ਕੰਧ ਕਲਾ ‘ਤੇ ਹੋਇਆ ਸੀ।
ਹੁਣ ਬਚਾਅ ਲਈ ਕਈ ਤਰ੍ਹਾਂ ਦੇ ਉਪਰਾਲੇ ਜਾਰੀ ਹਨ, ਜਿਸ ਤਹਿਤ ਪ੍ਰਦੂਸ਼ਣ ਰੋਕਥਾਮ ਦਾ ਯਤਨ ਵੀ ਜਾਰੀ ਹੈ। ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸੋਨੇ ਦੇ ਪੱਤਰਿਆਂ ਦੀ ਧੁਆਈ ਦੀ ਸੇਵਾ 10 ਦਿਨਾਂ ‘ਚ ਮੁਕੰਮਲ ਹੋ ਜਾਵੇਗੀ।

RELATED ARTICLES
POPULAR POSTS