ਸਾਈਬੇਰੀਆ, ਮੰਗੋਲੀਆ, ਕਜ਼ਾਕਿਸਤਾਨ, ਉਜ਼ਬੇਕਿਸਤਾਨ ਤੇ ਰੂਸ ਆਦਿ ਦੇਸ਼ਾਂ ਤੋਂ ਆਉਂਦੇ ਨੇ ਵੱਖ-ਵੱਖ ਪ੍ਰਜਾਤੀਆਂ ਦੇ ਪੰਛੀ
ਅੰਮ੍ਰਿਤਸਰ/ਬਿਊਰੋ ਨਿਊਜ਼ : ਮੱਧ ਏਸ਼ੀਆਈ ਖਿੱਤੇ ਵਿੱਚ ਪੈ ਰਹੀ ਕਹਿਰ ਦੀ ਠੰਢ ਕਾਰਨ ਉਥੋਂ ਦੀਆਂ ਕਈ ਪ੍ਰਜਾਤੀਆਂ ਦੇ ਪੰਛੀ ਹਰ ਸਾਲ ਸਥਾਨਕ ਹਰੀਕੇ ਜਲਗਾਹ ਪਹੁੰਚਦੇ ਹਨ। ਇਸ ਸਾਲ ਵੀ ਭਾਰਤ ਦੀ ਦੂਜੀ ਸਭ ਤੋਂ ਵੱਡੀ ਜਲਗਾਹ ‘ਤੇ ਵੱਡੀ ਗਿਣਤੀ ਵਿੱਚ ਪਰਵਾਸੀ ਪੰਛੀਆਂ ਦੀ ਆਮਦ ਹੋਈ ਹੈ। ਜਾਣਕਾਰੀ ਅਨੁਸਾਰ ਹਰ ਸਾਲ ਸਾਇਬੇਰੀਆ, ਮੰਗੋਲੀਆ, ਕਜ਼ਾਕਿਸਤਾਨ, ਉਜ਼ਬੇਕਿਸਤਾਨ, ਰੂਸ ਸਣੇ ਦੁਨੀਆਂ ਦੇ ਹੋਰ ਹਿੱਸਿਆਂ ਤੋਂ ਘੱਟੋ-ਘੱਟ 90 ਵੱਖ-ਵੱਖ ਪ੍ਰਜਾਤੀਆਂ ਦੇ ਲਗਪਗ ਇਕ ਲੱਖ ਪੰਛੀ ਹਰੀਕੇ ਜਲਗਾਹ ‘ਤੇ ਪਹੁੰਚਦੇ ਹਨ। ਇਨ੍ਹਾਂ ਦੇਸ਼ਾਂ ਵਿੱਚ ਸਰਦੀ ਕਾਰਨ ਝੀਲਾਂ ਆਦਿ ਦਾ ਪਾਣੀ ਜੰਮ ਜਾਂਦਾ ਹੈ ਤੇ ਇਹ ਪੰਛੀ ਭਾਰਤ ਵੱਲ ਪਰਵਾਸ ਕਰ ਜਾਂਦੇ ਹਨ। ਜੰਗਲਾਤ ਤੇ ਜੰਗਲੀ ਜੀਵ ਵਿਭਾਗ ਅਨੁਸਾਰ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਸੰਗਮ ‘ਤੇ ਸਥਿਤ ਹਰੀਕੇ ਜਲਗਾਹ ਵਿੱਚ ਇਸ ਮਹੀਨੇ ਪਹੁੰਚਣ ਵਾਲੇ ਇਹ ਪਰਵਾਸੀ ਮਹਿਮਾਨ ਹਰ ਸਾਲ ਮਾਰਚ ਮਹੀਨੇ ਤੱਕ ਇੱਥੇ ਰੁਕਦੇ ਹਨ। ਇਨ੍ਹਾਂ ਦੀ ਆਮਦ ਨਾਲ ਪੰਛੀ ਪ੍ਰੇਮੀਆਂ ਦੀ ਆਮਦ ਵੀ ਇਸ ਇਲਾਕੇ ਵਿੱਚ ਵੱਧ ਜਾਂਦੀ ਹੈ। ਜੰਗਲਾਤ ਅਧਿਕਾਰੀ ਕਮਲਜੀਤ ਸਿੰਘ ਅਨੁਸਾਰ ਇਥੇ ਪਹੁੰਚਣ ਵਾਲੇ ਪੰਛੀਆਂ ਵਿੱਚ ਕੌਮਨ ਟੀਲ, ਟਫਟਿੱਡ ਡੱਕ, ਰੂਡੀ ਸ਼ੈਲਡੱਕ, ਨਾਰਦਰਨ ਪਿੰਨਟੇਲ, ਕੌਮਨ ਪੋਚਰਡ, ਰੈੱਡ ਕਰੈੱਸਟਿੱਡ ਪੋਚਰਡ, ਗਰੇਅਲੈੱਗ ਗੂਜ਼, ਬਾਰ ਹੈਡਿੱਡ ਗੂਜ਼, ਬਰਾਊਨ ਹੈਡਿੱਡ ਗੱਲ, ਯੂਰੇਸ਼ੀਅਨ ਕੂਟ, ਮਾਰਸ਼ ਹੈਰੀਅਰ ਤੇ ਹੋਰ ਪ੍ਰਜਾਤੀਆਂ ਸ਼ਾਮਲ ਹਨ। ਵਿਭਾਗ ਨੇ ਸ਼ਿਕਾਰ ਨੂੰ ਰੋਕਣ ਲਈ ਇਥੇ ਗਸ਼ਤ ਅਤੇ ਨਿਗਰਾਨੀ ਵਾਸਤੇ ਪਹਿਲਾਂ ਹੀ ਚੈੱਕ ਪੋਸਟਾਂ ਸਥਾਪਤ ਕੀਤੀਆਂ ਹੋਈਆਂ ਹਨ। ਜ਼ਿਕਰਯੋਗ ਹੈ ਕਿ ਵਿਭਾਗ ਨੇ ਸੈਲਾਨੀਆਂ ਦੀ ਸਹੂਲਤ ਲਈ ਗਾਈਡ ਤਾਇਨਾਤ ਕਰਨ ਦੀ ਯੋਜਨਾ ਵੀ ਉਲੀਕੀ ਹੈ। ਸਤਲੁਜ ਤੇ ਬਿਆਸ ਦਰਿਆਵਾਂ ਦੇ ਸੰਗਮ ‘ਤੇ ਸਥਿਤ ਹਰੀਕੇ ਜਲਗਾਹ 4100 ਹੈਕਟੇਅਰ ਰਕਬੇ ਵਿੱਚ ਫੈਲੀ ਹੋਈ ਹੈ ਤੇ ਤਿੰਨ ਜ਼ਿਲ੍ਹਿਆਂ ਤਰਨਤਾਰਨ, ਫਿਰੋਜ਼ਪੁਰ ਤੇ ਕਪੂਰਥਲਾ ਨੂੰ ਲਗਦੀ ਹੈ। ਪਰਵਾਸੀ ਪੰਛੀਆਂ ਦੀ ਆਮਦ ਤੋ ਬਾਅਦ ਡਬਲਿਊਡਬਲਿਊਐੱਫ, ਜੰਗਲੀ ਜੀਵ ਵਿਭਾਗ, ਜੰਗਲਾਤ ਵਿਭਾਗ ਆਦਿ ਵੱਲੋਂ ਇਨ੍ਹਾਂ ਪੰਛੀਆਂ ਦੀ ਸੁਰੱਖਿਆ ਤੇ ਸੰਭਾਲ ਕੀਤੀ ਜਾਂਦੀ ਹੈ।
ਜਨਵਰੀ ਦੇ ਅੰਤ ਤੱਕ ਸ਼ੁਰੂ ਹੋ ਸਕੇਗੀ ਪੰਛੀਆਂ ਦੀ ਗਿਣਤੀ : ਖੋਜਕਰਤਾ
ਡਬਲਿਊ.ਡਬਲਿਊ.ਐਫ ਨਾਲ ਸਬੰਧਤ ਖੋਜਕਰਤਾ ਗਿਤਾਂਜਲੀ ਕੰਵਰ ਨੇ ਦੱਸਿਆ ਕਿ ਇਸ ਵੇਲੇ ਜਲਗਾਹ ‘ਤੇ ਵੱਡੀ ਗਿਣਤੀ ਪਰਵਾਸੀ ਪੰਛੀ ਪਹੁੰਚ ਚੁੱਕੇ ਹਨ ਤੇ ਇਨ੍ਹਾਂ ਦੀ ਆਮਦ ਨਿਰੰਤਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਹਾਲੇ ਇਲਾਕੇ ਵਿੱਚ ਕਾਫ਼ੀ ਧੁੰਦ ਛਾਈ ਰਹਿੰਦੀ ਹੈ, ਇਸ ਲਈ ਮਹੀਨੇ ਦੇ ਅੰਤ ਤੱਕ ਧੁੰਦਾਂ ਛਟਣ ਮਗਰੋਂ ਹੀ ਇਨ੍ਹਾਂ ਪਰਵਾਸੀ ਮਹਿਮਾਨਾਂ ਦੀ ਗਿਣਤੀ ਦਾ ਕੰਮ ਆਰੰਭਿਆ ਜਾ ਸਕੇਗਾ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …