Home / ਦੁਨੀਆ / ਨਰਿੰਦਰ ਮੋਦੀ ਅਤੇ ਅਸ਼ਰਫ ਗਨੀ ਅੱਤਵਾਦ ਦੇ ਖਾਤਮੇ ਲਈ ਦ੍ਰਿੜ੍ਹ

ਨਰਿੰਦਰ ਮੋਦੀ ਅਤੇ ਅਸ਼ਰਫ ਗਨੀ ਅੱਤਵਾਦ ਦੇ ਖਾਤਮੇ ਲਈ ਦ੍ਰਿੜ੍ਹ

ਦੋਵਾਂ ਨੇ ਕਈ ਮਾਮਲਿਆਂ ‘ਤੇ ਕੀਤੀ ਚਰਚਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਇਥੇ ਆਲਮੀ, ਖੇਤਰੀ ਅਤੇ ਦੁਵੱਲੇ ਮਸਲਿਆਂ ਉਤੇ ਚਰਚਾ ਕੀਤੀ।ਉਨ੍ਹਾਂ ਨੇ ਅੱਤਵਾਦ ਦੇ ਖ਼ਤਰੇ ਨੂੰ ਖ਼ਤਮ ਕਰਨ ਲਈ ‘ਦ੍ਰਿੜ੍ਹ ਇਰਾਦੇ’ ਦਾ ਇਜ਼ਹਾਰ ਕੀਤਾ। ਦੋਵੇਂ ਆਗੂਆਂ ਨੇ ਅਫ਼ਗ਼ਾਨਿਸਤਾਨ ਵਿੱਚ ਸਥਿਰਤਾ ਅਤੇ ਸੁਰੱਖਿਆ ਦੇ ਸਾਂਝੇ ਟੀਚੇ ਦੀ ਪ੍ਰਾਪਤੀ ਲਈ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਵੀ ਚਰਚਾ ਕੀਤੀ। ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਟਵੀਟ ਕੀਤਾ, ‘ਇਕ ਰਣਨੀਤਕ ਭਾਈਵਾਲ ਨਾਲ ‘ਗੁਆਂਢੀ ਪਹਿਲਾਂ’ ਵਾਲੀ ਨੀਤੀ ਨੂੰ ਅੱਗੇ ਵਧਾਉਂਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਗਨੀ ਦਾ ਹੈਦਰਾਬਾਦ ਹਾਊਸ ਵਿੱਚ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਤੇ ਗਨੀ ਨੇ ਦੁਵੱਲੇ, ਖੇਤਰੀ ਅਤੇ ਆਲਮੀ ਮੁੱਦਿਆਂ ਉਤੇ ਚਰਚਾ ਕਰਦਿਆਂ ਅੱਤਵਾਦ ਦੇ ਖ਼ਤਰੇ ਨੂੰ ਖ਼ਤਮ ਕਰਨ ਲਈ ਦ੍ਰਿੜ੍ਹ ਇਰਾਦਾ ਪ੍ਰਗਟਾਇਆ ਹੈ।’ ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਗਨੀ ਨਾਲ ਬੈਠਕ ਕੀਤੀ, ਜੋ ਇਕ-ਰੋਜ਼ਾ ਕੰਮਕਾਜੀ ਫੇਰੀ ਉਤੇ ਭਾਰਤ ਆਏ ਸਨ। ਅਫ਼ਗ਼ਾਨ ਰਾਸ਼ਟਰਪਤੀ ਨੇ ਆਪਣੇ ਭਾਰਤੀ ਹਮਰੁਤਬਾ ਰਾਮ ਨਾਥ ਕੋਵਿੰਦ ਨਾਲ ਵੀ ਮੁਲਾਕਾਤ ਕੀਤੀ। 16 ਅਕਤੂਬਰ ਨੂੰ ਕਾਬੁਲ ਫੇਰੀ ‘ਤੇ ਗਏ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਗਨੀ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸੀ। ਰਾਸ਼ਟਰਪਤੀ ਗਨੀ ਦੀ ਫੇਰੀ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਦੋਵੇਂ ਧਿਰਾਂ ਕੋਲ ਦੁਵੱਲੀ ਰਣਨੀਤਕ ਭਾਈਵਾਲੀ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕਰਨ ਦਾ ਮੌਕਾ ਹੋਵੇਗਾ।

 

Check Also

ਚੀਨ ਤੋਂ ਚੱਲਦੀਆਂ 43 ਹੋਰ ਮੋਬਾਈਲ ਐਪਸ ਭਾਰਤ ਨੇ ਕੀਤੀਆਂ ਬੰਦ

ਨਵੀਂ ਦਿੱਲੀ : ਭਾਰਤ ਨੇ 43 ਹੋਰ ਮੋਬਾਈਲ ਐਪਸ ਬੰਦ ਕਰ ਦਿੱਤੀਆਂ ਹਨ। ਆਈਟੀ ਐਕਟ …