ਹਿਲੇਰੀ ਤੇ ਟਰੰਪ ਨੇ ਚੋਣ ਮੁਹਿੰਮ ਭਖਾਈ
ਵਾਸ਼ਿੰਗਟਨ/ਬਿਊਰੋ ਨਿਊਜ਼ :ਅਮਰੀਕਾ ਦੀ ਪਹਿਲੀ ਰਾਸ਼ਟਰਪਤੀ ਬਣਨ ਦੀ ਚਾਹਵਾਨ ਤੇ ਡੈਮੋਕਰੈਟਿਕ ਦੀ ਦੌੜ ਵਿੱਚ ਅੱਗੇ ਹਿਲੇਰੀ ਕਲਿੰਟਨ ਨੇ ਕਿਹਾ ਹੈ ਕਿ ਜੇ ਉਹ ਚੁਣੀ ਜਾਂਦੀ ਹੈ ਤਾਂ ਉਸ ਦੀ ਕੈਬਨਿਟ ਵਿਚ ਅੱਧੀਆਂ ਔਰਤਾਂ ਸ਼ਾਮਲ ਹੋਣਗੀਆਂ। ਉਸ ਨੇ ਕਿਹਾ,’ਮੇਰੀ ਕੈਬਨਿਟ ਅਮਰੀਕਾ ਵਰਗੀ ਹੋਵੇਗੀ ਤੇ ਅਮਰੀਕਾ ਵਿਚ ਪੰਜਾਹ ਫੀਸਦੀ ਔਰਤਾਂ ਹਨ।’ ਇਹ ਵਿਚਾਰ ਹਿਲੇਰੀ ਕਲਿੰਟਨ ਨੇ ਪੰਜ ਪੂਰਬੀ ਤੱਟਾਂ ਲਈ ਚਲਾਈ ਮੁਹਿੰਮ ਦੌਰਾਨ ਪ੍ਰਗਟ ਕੀਤੇ। ਇਹ ਟਿੱਪਣੀ ਉਸ ਦੇ ਚੋਣ ਮੁਹਿੰਮ ਮੈਨੇਜਰ ਜੌਹਨ ਪੋਡੇਸਟਾ ਵਲੋਂ ਇਹ ਕਹਿਣ ਤੋਂ ਬਾਅਦ ਆਈ ਹੈ ਕਿ ਉਹ ਜਲਦੀ ਹੀ ਹਿਲੇਰੀ ਦੀ ਕੈਬਨਿਟ ਵਿਚ ਭਾਰਤੀ-ਅਮਰੀਕੀ ਨੀਰਾ ਟੰਡਨ ਨੂੰ ਦੇਖਣਗੇ।
ਦੱਸਣਯੋਗ ਹੈ ਕਿ ਨੀਰਾ ਨੇ ਹਿਲੇਰੀ ਨਾਲ 14 ਸਾਲ ਕੰਮ ਕੀਤਾ ਹੈ ਤੇ ਹੁਣ ਉਹ ਸੈਂਟਰ ਆਫ ਅਮੈਰੀਕਨ ਪ੍ਰੋਗਰੈਸ ਦੀ ਮੁਖੀ ਵਜੋਂ ਸੇਵਾਵਾਂ ਨਿਭਾ ਰਹੀ ਹੈ।
ਹਿਲੇਰੀ ਦੀ ਜੁਲਾਈ ਵਿਚ ਇਸ ਵੱਡੀ ਪਾਰਟੀ ਵਲੋਂ ਰਾਸ਼ਟਰਪਤੀ ਦੀ ਉਮੀਦਵਾਰ ਨਾਮਜ਼ਦ ਹੋਣ ਦੀ ਸੰਭਾਵਨਾ ਹੈ। ਸਾਬਕਾ ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਔਰਤਾਂ ਦੇ ਹੱਕ ਹੀ ਮਨੁੱਖੀ ਹੱਕ ਹਨ ਤੇ ਔਰਤਾਂ ਦੀਆਂ ਨੀਤੀਆਂ ਉਸ ਦੀ ਮੁਹਿੰਮ ਦਾ ਹਿੱਸਾ ਹਨ। ਹਿਲੇਰੀ ਨੇ ਐਮਐਸਐਨਬੀਸੀ ਦੇ ਟਾਊਨਹਾਲ ਵਿਚ ਕਿਹਾ ਕਿ ਉਹ ਹਮੇਸ਼ਾ ਹੀ ਔਰਤਾਂ ਦੇ ਹੱਕਾਂ ਦੀ ਵਕਾਲਤ ਕਰਦੀ ਆਈ ਹੈ ਤੇ ਉਹ ਉਨ੍ਹਾਂ ਲੋਕਾਂ ਦੀ ਧਾਰਨਾ ਬਦਲਣਾ ਚਾਹੁੰਦੀ ਹੈ ਜਿਹੜੇ ਔਰਤਾਂ ਨੂੰ ਹਮੇਸ਼ਾ ਮਰਦਾਂ ਨਾਲੋਂ ਪਿੱਛੇ ਰੱਖਦੇ ਹਨ। ਉਹ ਚਾਹੁੰਦੀ ਹੈ ਕਿ ਔਰਤਾਂ ਲਈ ਬਰਾਬਰ ਤਨਖਾਹ ਹੋਣੀ ਚਾਹੀਦੀ ਹੈ।
ਹਿਲੇਰੀ ਨੇ ਰਿਪਬਲਿਕਨ ਪਾਰਟੀ ਦੀ ਦੌੜ ਵਿਚ ਅੱਗੇ ਚਲ ਰਹੇ ਡੋਨਾਲਡ ਟਰੰਪ ਦੇ ਰਹਿਣ ਸਹਿਣ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਜਹਾਜ਼ ਰਾਹੀਂ ਪ੍ਰਚਾਰ ਕਰ ਰਿਹਾ ਹੈ ਪਰ ਉਸ ਨੂੰ ਜ਼ਮੀਨ ਉਤੇ ਰਹਿ ਰਹੇ ਲੋਕਾਂ ਨਾਲ ਰਾਬਤਾ ਬਣਾਉਣਾ ਚਾਹੀਦਾ ਹੈ। ਉਸ ਨੇ ਇਹ ਵੀ ਕਿਹਾ ਕਿ ਟਰੰਪ ਨੂੰ ਅਸਮਾਨ ਵਿਚ ਉੱਡਣ ਦੀ ਬਜਾਇ ਹੇਠਾਂ ਆ ਕੇ ਅਮਰੀਕਾ ਵਾਸੀਆਂ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ। ਦੂਜੇ ਪਾਸੇ ਰੀਅਲ ਅਸਟੇਟ ਦੇ ਕਾਰੋਬਾਰ ਨਾਲ ਜੁੜਿਆ ਖਰਬਾਂਪਤੀ ਟਰੰਪ ਇਕੱਲਾ ਅਜਿਹਾ ਉਮੀਦਵਾਰ ਹੈ ਜਿਸ ਕੋਲ ਆਪਣਾ ਜੈੱਟ ਜਹਾਜ਼ ਹੈ।
ਟਰੰਪ ਤੇ ਹਿਲੇਰੀ ਜਿੱਤਣ ਲਈ ਆਸਵੰਦ
ਡੈਮੋਕਰੇਟ ਹਿਲੇਰੀ ਤੇ ਰਿਪਬਲਿਕਨ ਟਰੰਪ ਤਾਜ਼ਾ ਸਰਵੇਖਣਾਂ ਦੇ ਅਧਾਰ ਉਤੇ ਪੰਜ ਰਾਜਾਂ ਵਿੱਚ ਹੋ ਰਹੀ ਪ੍ਰਾਇਮਰੀ ਵਿੱਚ ਜਿੱਤ ਲਈ ਆਸਵੰਦ ਹਨ। ਇਸ ਜਿੱਤ ਨਾਲ ਨਿਊਯਾਰਕ ਵਿਚ ਰਹਿਣ ਵਾਲੇ ਟਰੰਪ ਤੇ ਹਿਲੇਰੀ ਨੂੰ ਪ੍ਰਾਇਮਰੀ ਦੌਰਾਨ ਆਪਣੇ ਪਾਰਟੀ ਦੇ ਉਮੀਦਵਾਰਾਂ ਤੋਂ ਸਪਸ਼ਟ ਲੀਡ ਮਿਲ ਜਾਵੇਗੀ ਤੇ ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਦੀਆਂ ਚੋਣਾਂ ਲਈ ਪਾਰਟੀ ਦੀ ਉਮੀਦਵਾਰੀ ਲਈ ਉਹ ਕਾਫੀ ਅੱਗੇ ਆ ਜਾਣਗੇ। ਟਰੰਪ ਨੂੰ ਲੋੜੀਂਦੇ 1237 ਡੈਲੀਗੇਟ ਦੇ ਸਮਰਥਨ ਦੇ ਅੰਕੜੇ ਦੀ ਥਾਂ ਹਾਲੇ ਤੱਕ ਸਿਰਫ 845 ਡੈਲੀਗੇਟਾਂ ਦਾ ਸਮਰਥਨ ਹਾਸਲ ਹੋਇਆ ਹੈ। ਉਸ ਤੋਂ ਬਾਅਦ ਟੈਕਸਾਸ ਦੇ ਸੈਨੇਟਰ ਟੈੱਡ ਕਰੂਜ਼ ਨੂੰ 559 ਡੈਲੀਗੇਟਾਂ ਦਾ ਸਮਰਥਨ ਹਾਸਲ ਹੈ ਜਦਕਿ ਹਿਲੇਰੀ ਨੇ ਪ੍ਰਾਇਮਰੀ ਚੋਣ ਵਿਚ ਹੁਣ ਤੱਕ 1428 ਡੈਲੀਗੇਟਾਂ ਦਾ ਸਮਰਥਨ ਹਾਸਲ ਕਰ ਲਿਆ ਹੈ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …