ਵਿਸ਼ਵ ਪੱਧਰੀ ਯਾਦਗਾਰ ਵਜੋਂ ਕੀਤਾ ਜਾਵੇਗਾ ਸਥਾਪਿਤ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਾਕਿਸਤਾਨ ਦੇ ਫੈਸਲਾਬਾਦ ਜ਼ਿਲ੍ਹੇ ਦੇ ਪਿੰਡ ਬੰਗਾ ਵਿਚ ਸਥਿਤ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਸਥਾਨ ਵਾਲੇ ਘਰ ਨੂੰ ਵਿਸ਼ਵ ਪੱਧਰੀ ਯਾਦਗਾਰ ਵਿਚ ਤਬਦੀਲ ਕਰਨ ਵਾਸਤੇ ਭਗਤ ਸਿੰਘ ਯਾਦਗਾਰ ਫਾਊਂਡੇਸ਼ਨ (ਬੀਐਸਐਮਐਫ) ਦੇ ਚੇਅਰਮੈਨ ਜਨਾਬ ਇਮਤਿਆਜ਼ ਕੁਰੈਸ਼ੀ ਨੂੰ ਹਰ ਸਹਿਯੋਗ ਤੇ ਮਦਦ ਦੀ ਪੇਸ਼ਕਸ਼ ਕੀਤੀ ਹੈ। ਇਹ ਭਰੋਸਾ ਮੁੱਖ ਮੰਤਰੀ ਬਾਦਲ ਨੇ ਜਨਾਬ ਕੁਰੈਸ਼ੀ ਦੀ ਅਗਵਾਈ ਵਿਚ ਲਾਹੌਰ ਤੋਂ ਆਏ ਬੀਐਸਐਮਐਫ ਦੇ ਵਫ਼ਦ ਦੇ ਮੈਂਬਰਾਂ ਨੂੰ ਪੰਜਾਬ ਭਵਨ ਵਿਖੇ ਦਿਵਾਇਆ। ਮੁੱਖ ਮੰਤਰੀ ਨੇ ਜਨਾਬ ਕੁਰੈਸ਼ੀ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਬੰਗਾ ਵਿਖੇ ਸਥਿਤ ਸ਼ਹੀਦ ਭਗਤ ਸਿੰਘ ਦੇ ਜਨਮ ਸਥਾਨ ਵਾਲੇ ਘਰ ਨੂੰ ਖ਼ਰੀਦਣ ਵਾਸਤੇ ਸਮੁੱਚਾ ਖ਼ਰਚਾ ਸਹਿਣ ਕਰੇਗੀ ਤੇ ਸ਼ਹੀਦ ਭਗਤ ਸਿੰਘ ਦੀ ਵਿਰਾਸਤ ਨੂੰ ਦੁਨੀਆਂ ਭਰ ਵਿਚ ਪ੍ਰਚਾਰਿਤ ਕਰਨ ਲਈ ਇਸ ਘਰ ਨੂੰ ਯਾਦਗਾਰ ਵਿਚ ਬਦਲੇ ਜਾਣ ਲਈ ਹਰ ਮਦਦ ਦੇਵੇਗੀ ਅਤੇ ਇਹ ਸ਼ਹੀਦ ਨੂੰ ਇੱਕ ਨਿਮਾਣੀ ਜਿਹੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਯਾਦਗਾਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਬਾਰੇ ਜਾਣੂ ਕਰਵਾਉਣ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ। ਮੁੱਖ ਮੰਤਰੀ ਵੱਲੋਂ ਦਿੱਤੇ ਹਾਂ ਪੱਖੀ ਹੁੰਗਾਰੇ ਤੋਂ ਖ਼ੁਸ਼ ਹੋਏ ਜਨਾਬ ਕੁਰੈਸ਼ੀ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸ਼ਹੀਦ ਭਗਤ ਸਿੰਘ ਇਕ ਮਹਾਨ ਨਾਇਕ ਸੀ, ਜਿਨ੍ਹਾਂ ਨੂੰ ਸਾਰਿਆਂ ਵੱਲੋਂ ਹਮੇਸ਼ਾ ਹੀ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਭਗਤ ਸਿੰਘ ਦੀ ਵਿਰਾਸਤ ਕੇਵਲ ਭਾਰਤ ਤੇ ਪਾਕਿਸਤਾਨ ਤੱਕ ਹੀ ਸੀਮਤ ਨਹੀਂ ਹੈ, ਸਗੋਂ ਦੁਨੀਆਂ ਭਰ ਖ਼ਾਸ ਕਰਕੇ ਭਾਰਤੀ ਉਪ ਮਹਾਂਦੀਪ ਤੱਕ ਫੈਲੀ ਹੋਈ ਹੈ। ਜਨਾਬ ਕੁਰੈਸ਼ੀ ਨੇ ਉਮੀਦ ਪ੍ਰਗਟਾਈ ਕਿ ਇਹ ਵਿਲੱਖਣ ਪਹਿਲਕਦਮੀ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਆਪਸੀ ਪਿਆਰ, ਸਦਭਾਵਨਾ ਤੇ ਮਿੱਤਰਤਾ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰੇਗੀ। ਜਨਾਬ ਕੁਰੈਸ਼ੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਦੀ ਫਾਊਂਡੇਸ਼ਨ ਭਗਤ ਸਿੰਘ ਦੇ ਜੀਵਨ ਅਤੇ ਫਿਲਾਸਫੀ ਬਾਰੇ ਲੋਕਾਂ ਨੂੰ ਜਾਗਰੂਕ ਕਰਵਾਉਣ ਲਈ ਸਰਗਰਮ ਭੂਮਿਕਾ ਨਿਭਾਅ ਰਹੀ ਹੈ। ਇਸ ਸਬੰਧ ਵਿਚ ਫਾਊਂਡੇਸ਼ਨ ਵੱਲੋਂ ਵੱਖ-ਵੱਖ ਮੌਕਿਆਂ ‘ਤੇ ਲਗਾਤਾਰ ਸੈਮੀਨਾਰ ਤੇ ਵਿਚਾਰ ਚਰਚਾ ਆਦਿ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਲਾਹੌਰ ਵਿਚ ਸਦਮਨ ਚੌਂਕ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਚੌਂਕ ਰੱਖਿਆ ਗਿਆ ਹੈ ਜੋ ਕਿ ਫਾਊਂਡੇਸ਼ਨ ਦੀਆਂ ਕੋਸ਼ਿਸ਼ਾਂ ਦਾ ਹੀ ਨਤੀਜਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੇ ਮੁਕੱਦਮੇ ਸਬੰਧੀ ਕੇਸ ਨੂੰ ਮੁੜ ਖੋਲ੍ਹਣ ਲਈ ਫਾਊਂਡੇਸ਼ਨ ਨੇ ਲਾਹੌਰ ਹਾਈਕੋਰਟ ਵਿਚ ਰਿੱਟ ਪਟੀਸ਼ਨ ਦਾਇਰ ਕੀਤੀ ਹੈ ਤਾਂ ਜੋ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ 1931 ‘ਚ ਲਾਹੌਰ ਜੇਲ੍ਹ ‘ਚ ਦਿੱਤੀ ਗਈ ਫਾਂਸੀ ਨਾਲ ਸਬੰਧਤ ੇ ਤੱਥ ਸਾਹਮਣੇ ਆ ਸਕਣ।
ਭਗਤ ਸਿੰਘ ਨੂੰ ਅੱਤਵਾਦੀ ਦੱਸਣ ਦਾ ਮਾਮਲਾ ਸੰਸਦ ਵਿਚ ਗੂੰਜਿਆ
ਨਵੀਂ ਦਿੱਲੀ : ਦਿੱਲੀ ਯੂਨੀਵਰਸਿਟੀ ਦੀ ਇਕ ਕਿਤਾਬ ਵਿਚ ਭਗਤ ਸਿੰਘ ਨੂੰ ਕ੍ਰਾਂਤੀਕਾਰੀ ਅੱਤਵਾਦੀ ਕਹੇ ਜਾਣ ਦਾ ਮਾਮਲਾ ਲੋਕ ਸਭਾ ਵਿਚ ਗੂੰਜਿਆ। ਭਾਜਪਾ ਐਮ ਪੀ ਅਨੁਰਾਗ ਠਾਕੁਰ ਨੇ ਇਹ ਮਾਮਲਾ ਉਠਾਉਂਦਿਆਂ ਕਿਹਾ ਕਿ ਇਸ ਗੱਲ ‘ਤੇ ਚਰਚਾ ਹੋਣੀ ਚਾਹੀਦੀ ਹੈ ਕਿ ਦੇਸ਼ ਭਰ ਦੇ ਸਿੱਖਿਅਕ ਅਦਾਰਿਆਂ ਵਿਚ ਕੀ ਪੜ੍ਹਾਇਆ ਜਾ ਰਿਹਾ ਹੈ। ਠਾਕੁਰ ਨੇ ਕਿਹਾ ਕਿ ਮਸ਼ਹੂਰ ਇਤਿਹਾਸਕਾਰ ਵਿਪਨ ਚੰਦਰ ਤੇ ਮਰਦੂਲਾ ਮੁਖਰਜੀ ਵਲੋਂ ਲਿਖਤ ਕਿਤਾਬ ‘ਭਾਰਤ ਦਾ ਆਜ਼ਾਦੀ ਸੰਘਰਸ਼’ ਵਿਚ ਭਗਤ ਸਿੰਘ ਬਾਰੇ ਅਜਿਹੀ ਟਿੱਪਣੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਕਿਤਾਬ ‘ਚ ਕਾਂਗਰਸ ਦੇ ਇਕ ਨੇਤਾ ਨੂੰ ਕ੍ਰਿਸ਼ਮਈ ਨੇਤਾ ਕਰਾਰ ਦਿੱਤਾ ਗਿਆ ਹੈ। ਕਾਂਗਰਸ ਨੇਤਾ ਨੂੰ ਇਹ ਉਪਾਧੀ ਇਕ ਮਜ਼ਾਕ ਲੱਗਦਾ ਹੈ, ਕਿਉਂਕਿ ਅੱਜ ਪਾਰਟੀ ਲੋਕ ਸਭਾ ‘ਚ 44 ਸੀਟਾਂ ‘ਤੇ ਸਿਮਟ ਕੇ ਰਹਿ ਗਈ ਹੈ। ਭਾਜਪਾ ਸੰਸਦ ਮੈਂਬਰ ਦੀ ਇਸ ਟਿੱਪਣੀ ਦਾ ਕਾਂਗਰਸੀ ਖੇਮੇ ਨੇ ਤਿੱਖਾ ਵਿਰੋਧ ਕੀਤਾ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …