ਪਰਗਟ ਸਿੰਘ ਬੱਗਾ
”ਕਤਲ-ਏ-ਹੁਸੈਨ ਦਰਅਸਲ ਮਰਗ਼-ਏ-ਯਜ਼ੀਦ ਥਾ,
ਇਸਲਾਮ ਜ਼ਿੰਦਾ ਹੋਤਾ ਹੈ ਹਰ ਕਰਬਲਾ ਕੇ ਬਾਅਦ।”
ਉਪ੍ਰੋਕਤ ਵਿਚਾਰਾਂ ਨੂੰ ਬਲ ਪ੍ਰਦਾਨ ਕਰਦੀ ਹੈ, ਛੋਟੇ ਸਾਹਿਬਜ਼ਾਦਿਆਂ ਦੀ ਮੁਕੱਦਸ ਸ਼ਹੀਦ-ਗ਼ਾਹ: ”ਨਿੱਕੀਆਂ ਜਿੰਦਾਂ ਵੱਡੇ ਸਾਕੇ”….ਸਿੱਖ-ਜਗਤ ਦੀ ઑਕਰਬਲ਼ਾ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਦੀ ਦਰਦ-ਏ-ਦਾਸਤਾਨ। ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਰਤ ਦੇਸ਼ ਦੀ ਆਜ਼ਾਦੀ ਦੇ ਹਵਨ-ਕੁੰਡ ਵਿਚ ਨਾ ਕੇਵਲ ਮਾਤਾ-ਪਿਤਾ ਦੀ ਹੀ ਆਹੂਤੀ ਪਾਈ ਸਗੋਂ ਆਪਣੇ ਪ੍ਰਾਣਾ ਤੋਂ ਵੀ ਪਿਆਰੇ ਚਾਰੇ ਲਖ਼ਤ-ਏ-ਜ਼ਿਗਰ ਖਿੜੇ-ਮੱਥੇ ਕੁਰਬਾਨ ਕਰ ਦਿੱਤੇ। ਸੰਨ 1700 ਤੋਂ 1703 ਦੌਰਾਨ ਪਹਾੜੀ ਰਾਜਿਆਂ ਨਾਲ ਅਨੰਦਪੁਰ ਸਾਹਿਬ ਵਿਖੇ ਕਲਗੀਧਰ ਪਾਤਸ਼ਾਹ ਨੇ ਚਾਰ ਘਮਸਾਨ ਯੁੱਧ ਲੜੇ। ਨਤੀਜਤਨ, ਹਰ ਵਾਰੀ ਪਹਾੜੀ ਰਾਜਿਆਂ ਨੂੰ ਲੱਕ-ਤੋੜਵੀਂ ਹਾਰ ਦਾ ਮੂੰਹ ਦੇਖਣਾ ਪਿਆ। ਅੰਤ ਪਹਾੜੀ ਰਾਜਿਆਂ ਦੀ ਸਹਾਇਤਾ ਲਈ ਔਰੰਗਜ਼ੇਬ ਨੇ ਦਿੱਲੀ ਤੋਂ ਸ਼ਾਹੀ ਫੌਜਾਂ ਭੇਜੀਆਂ। ਜਦਕਿ ਏਧਰੋਂ ਸਰਹਿੰਦ ਦਾ ਸੂਬੇਦਾਰ ਵਜ਼ੀਦ ਖ਼ਾਨ ਵੀ ਆਪਣੀ ਸੈਨਾ ਲੈ ਕੇ ਆਣ ਪਹੁੰਚਿਆ ਅਤੇ ਅਨੰਦਪੁਰ ਸਾਹਿਬ ਦੀ ਗੜ੍ਹੀ ਨੂੰ ਕਈ ਮਹੀਨਿਆਂ ਤਕ ਘੇਰਾ ਪਾਈ ਰੱਖਿਆ। ਭਾਂਵੇ ਕਿਲੇ ਅੰਦਰ ਖਾਣ-ਪੀਣ ਲਈ ਰਸਦ-ਪਾਣੀ ਖ਼ਤਮ ਹੋ ਚੁੱਕਾ ਸੀ ਪਰ ਫਿਰ ਭੀ ਗੁਰੂ ਕੇ ਸਿੰਘ ਵੈਰੀਆਂ ਨਾਲ ਸ਼ੇਰਾਂ ਵਾਂਗ ਜੂਝ ਰਹੇ ਸਨ। ਖ਼ੁਰਾਕ ਦੀ ਘਾਟ ਨੇ ਸਿੰਘਾਂ ਦੇ ਸ਼ਰੀਰ ਕਮਜ਼ੋਰ ਕਰ ਦਿੱਤੇ ਸਨ ਅਤੇ ਅਨੇਕਾਂ ਸਿੰਘ ਸ਼ਹੀਦ ਹੋ ਚੁੱਕੇ ਸਨ।
ਇਹ ਅਨੰਦਪੁਰ ਸਾਹਿਬ ਦੀ ਆਖ਼ਰੀ ਲੜਾਈ ਸੀ। ਮੁਗ਼ਲ ਫੌਜ ਗੁਰੂ ਗੋਬਿੰਦ ਸਿੰਘ ਜੀ ਨੂੰ ਹਰ ਹੀਲੇ ਪਕੜਨਾ ਚਾਹੁੰਦੀ ਸੀ। ਮੁਗ਼ਲਾਂ ਨੇ ਅਨੰਦਪੁਰ ਸਾਹਿਬ ਦੇ ਕਿਲੇ ਦੇ ਬਾਹਰ ਕੁਰਾਨ ਸ਼ਰੀਫ ਦੀ ਪੁਸਤਕ ਅਤੇ ਪਹਾੜੀ ਰਾਜਿਆਂ ਨੇ ਬੜੇ ਸ਼ਾਤਰ ਦਿਮਾਗ ਨਾਲ ਆਟੇ ਦੀ ਗਊ ਰੱਖ ਕੇ ਕਸਮਾਂ ਖਾਧੀਆਂ। ਅੰਤ ਸੰਨ 1704 ਈਸਵੀ ਨੂੰ 20-21 ਦਸੰਬਰ ਦੀ ਵਿਚਕਾਰਲੀ ਰਾਤ ਨੂੰ (ਪੋਹ ਮਹੀਨੇ ਦੀਆਂ ਠੰਡੀਆਂ ਰਾਤਾਂ ਵਿਚ) ਦੀਨ-ਦੁਨੀਆਂ ਦਾ ਵਾਲੀ, ਨੀਲੇ ਦਾ ਸ਼ਾਹ-ਅਸਵਾਰ, ਜੁੱਤੀਆਂ ਵਿਚ ਹੀਰੇ ਹੰਢਾਉਣ ਵਾਲਾ ਅਤੇ ਪੰਥ ਦਾ ਪਾਤਸ਼ਾਹ ਕੁੱਝ ਕੁ ਸਿੰਘਾਂ ਨੂੰ ਨਾਲ ਲੈ ਕੇ, ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡ ਕੇ ਕੁਰਬਾਨੀਆਂ ਦੇਣ ਲਈ ਨਿਕਲ ਤੁਰਿਆ। ਗੁਰੂ ਸਾਹਿਬ ਦਾ ਛੋਟਾ ਜਿਹਾ ਕਾਫ਼ਲਾ ਅਜੇ ਕੀਰਤਪੁਰ ਸਾਹਿਬ ਹੀ ਪੁਜਿਆ ਸੀ ਕਿ ਆਪਣੀਆਂ ਖਾਧੀਆਂ ਕਸਮਾਂ ਭੁੱਲ-ਭੁਲਾਕੇ ਦੁਸ਼ਮਨ-ਫੌਜਾਂ ਨੇ ਆਣ ਘੇਰਿਆ। ਸਿਤਮ ਜ਼ਰੀਫ਼ੀ ਇਹ ਕਿ ਸਰਸਾ-ਨਦੀ ਦਾ ਪਾਣੀ ਪੂਰੇ ਜੋਸ਼ ਨਾਲ ਠਾਠਾਂ ਮਾਰ ਰਿਹਾ ਸੀ। ਸਰਸਾ-ਨਦੀ ਪਾਰ ਕਰਦਿਆਂ ਕਲਗੀਧਰ ਪਾਤਸ਼ਾਹ ਦਾ ਸਾਰਾ ਪਰਿਵਾਰ ਖੇਰੂੰ-ਖੇਰੂੰ ਹੋ ਗਿਆ। ਦਸ਼ਮੇਸ਼ ਪਿਤਾ ਅਤੇ ਦੋਵੇਂ ਵੱਡੇ ਸਾਹਿਬਜ਼ਾਦੇ ਚਾਲੀ ਕੁ ਸਿੰਘਾਂ ਨਾਲ ਚਮਕੌਰ ਸਾਹਿਬ ਵਲ ਜਾ ਨਿਕਲੇ ਜਦਕਿ ਬਦਕਿਸਮਤੀ ਨਾਲ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ ਗੰਗੂ ਬ੍ਰਾਹਮਣ ਦੇ ਵੱਸ ਪੈ ਗਏ। ਇੱਥੇ ਜ਼ਿਕਰਯੋਗ ਹੈ ਕਿ ਪਾਪੀ ਗੰਗੂ ਬ੍ਰਾਹਮਣ 22 ਸਾਲਾਂ ਤੋਂ ਗੁਰੂ ਘਰ ਦਾ ਨੌਕਰ (ਲਾਂਗਰੀ) ਰਿਹਾ ਸੀ ਜੋ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਪਿੰਡ ਸਹੇੜੀ ਲੈ ਗਿਆ।
ਸਰਹਿੰਦ ਦੇ ਸੂਬੇਦਾਰ ਵਜ਼ੀਦ-ਖ਼ਾਨ ਨੇ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪਕੜ ਲਿਆਉਣ ਲਈ ਬੜੇ ਵੱਡੇ-ਵੱਡੇ ਇਨਾਮ ਰੱਖੇ ਹੋਏ ਸਨ। ਗੰਗੂ ਨਮਕ-ਹਰਾਮੀ ਨੇ ਲਾਲਚ-ਵੱਸ ਰਾਤ ਵੇਲੇ ਮਾਤਾ ਜੀ ਦਾ ਸਾਰਾ ਧੰਨ ਚੁਰਾ ਲਿਆ, ਜਿਸ ਵਿਚ ਬੇਅੰਤ ਹੀਰੇ-ਮੋਤੀ, ਸੋਨੇ ਦੀਆਂ ਮੋਹਰਾਂ ਅਤੇ ਕੀਮਤੀ-ਬਸਤਰ ਸ਼ਾਮਲ ਸਨ। ਸਵੇਰ ਵੇਲੇ ਮਾਤਾ ਜੀ ਦੇ ਪੁੱਛਣ ઑਤੇ ਖ਼ਲਨਾਇਕ ਗੰਗੂ ਮੋਰਿੰਡੇ ਜਾ ਕੇ ਕੋਤਵਾਲੀ ਦੇ ਉੱਚ-ਅਧਿਕਾਰੀ ਜੋ ਇਕ ਰੰਘੜ ਸੀ ਨੂੰ ਸੱਦ ਲਿਆਇਆ ਅਤੇ 23 ਦਸੰਬਰ 1704 ਨੂੰ ਮਾਤਾ ਗੁਜਰੀ ਜੀ ਅਤੇ ਨਿੱਕੇ-ਨਿੱਕੇ ਦੋਵੇਂ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਸੂਬੇਦਾਰ ਵਜ਼ੀਦ-ਖ਼ਾਨ ਦੇ ਹਵਾਲੇ ਕਰਨ ਦਾ ਕਲੰਕ ਖੱਟਿਆ। ਪੋਹ ਮਹੀਨੇ ਦੀ ਕੜਕ-ਸਰਦੀ ਵਿਚ ਵਜੀਦ-ਖ਼ਾਨ ਦੇ ਹੁਕਮਾਂ ਅਨੁਸਾਰ ਬਿਰਧ ਮਾਤਾ ਜੀ ਨੂੰ ਛੋਟੇ ਸਾਹਿਬਜ਼ਾਦਿਆਂ ਨਾਲ ਸਰਹਿੰਦ ਦੇ ਕਿਲ੍ਹੇ ਦੇ ਇਕ ઑਠੰਡੇ-ਬੁਰਜ਼ ਵਿਚ ਸਾਰੀ ਰਾਤ ਕੈਦ ਰੱਖਿਆ ਗਿਆ। ਪਰ ਨੰਨ੍ਹੇ-ਮੁੰਨ੍ਹੇ ਸਾਹਿਬਜ਼ਾਦੇ ਰਤਾ-ਭਰ ਵੀ ਘਬਰਾਏ ਨਹੀਂ ਬਲਕਿ ਮਾਤਾ ਗੁਜਰੀ ਜੀ ਉਨ੍ਹਾਂ ਨੂੰ ਸਾਰੀ ਰਾਤ ਜ਼ਾਲਮਾਂ ਨਾਲ ਦ੍ਰਿੜਤਾ ਨਾਲ ਟਾਕਰਾ ਕਰਨ ਲਈ ਸਿੱਖਿਆ ਦਿੰਦੇ ਰਹੇ।
ਅਗਲੀ ਸਵੇਰ ਸਾਹਿਬਜ਼ਾਦਿਆਂ ਨੂੰ ਵਜ਼ੀਦ-ਖ਼ਾਨ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਕਚਹਿਰੀ ਵਿਚ ਦਾਖਲ ਹੁੰਦਿਆਂ ਹੀ ਦੋਵਾਂ ਸਾਹਿਬਜ਼ਾਦਿਆਂ ਨੇ ਗ਼ਰਜਵੀਂ ਆਵਾਜ਼ ਵਿਚ ઑਵਾਹਿਗੁਰੂ ਜੀ ਕੀ ਫਤਹਿ਼ ਦੇ ਜੈਕਾਰੇ ਬੁਲਾਏ ਅਤੇ ਨਿਡਰ, ਆਪਣੀਆਂ ਧੌਣਾਂ ਅਣਖ਼ ਨਾਲ ਅਕੜਾ ਕੇ ਬੇ-ਖ਼ੌਫ ਖ਼ੜ੍ਹੇ ਰਹੇ। ਸੂਬੇਦਾਰ ਦੇ ਇਕ ਬਹੁਤ ਹੀ ਸ਼ਾਤਰ ਵਜੀਰ ਸੁੱਚਾ ਨੰਦ ਨੇ ਬੜੀ ਚਲਾਕੀ ਨਾਲ ਵਾਰਤਾਲਾਪ ਰਾਹੀਂ ਵਜ਼ੀਦ-ਖ਼ਾਨ ਅੱਗੇ ਝੁਕਣ ਅਤੇ ਇਸਲਾਮ ਕਬੂਲ ਕਰਨ ਲਈ ਸਾਹਿਬਜ਼ਾਦਿਆਂ ਨੂੰ ਪ੍ਰੇਰਣ ਦੀ ਕੋਸ਼ਿਸ਼ ਕੀਤੀ ਪਰ ਸਾਹਿਬਜ਼ਾਦੇ ਆਪਣੇ ਇਰਾਦੇ ઑਤੇ ਅਟੱਲ ਰਹੇ ਅਤੇ ਉਸ ਦਾ ਕੋਈ ਵੀ ਪੈਂਤੜਾ ਸੂਤ ਨਹੀਂ ਬੈਠਾ। ਅੰਤ ਹਾਰ ਕੇ ਸੂਬੇਦਾਰ ਨੇ ਕਚਹਿਰੀ ਬਰਖ਼ਾਸਤ ਕਰਦਿਆਂ, ਅਗਲੀ ਸਵੇਰ ਨੂੰ ਫਿਰ ਸਾਬਿਜ਼ਾਦਿਆਂ ਨੂੰ ਕਚਹਿਰੀ ਵਿਚ ਪੇਸ਼ ਕਰਨ ਦਾ ਹੁਕਮ ਦੇ ਦਿੱਤਾ। ਬਲਕਿ ਨਾਲ ਹੀ ਸਿਪਾਹੀਆਂ ਨੂੰ ਜ਼ੋਰਦਾਰ ਸ਼ਬਦਾਂ ‘ઑਚ ਸਖ਼ਤ ਹਿਦਾਇਤ ਵੀ ਕਰ ਦਿੱਤੀ ਗਈ ਕਿ ਸਾਹਿਬਜ਼ਾਦਿਆਂ ‘ઑਤੇ ਪੂਰਾ ਦਬਾਅ ਪਾਇਆ ਜਾਵੇ ਅਤੇ ਡਰਾੳੇਣ, ਧਮਕਾਉਣ ਅਤੇ ਝੁਕਾਉਣ ਲਈ ਹਰ ਹਰਬਾ ਅਪਣਾਇਆ ਜਾਵੇ।
ਅਗਲੀ ਸਵੇਰ ਫਿਰ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿਚ ਸੂਬੇ ਦੇ ਸਾਹਮਣੇ ਪੇਸ਼ ਕੀਤਾ ਗਿਆ। ਪਰ ਉਹੀਓ ਚੜ੍ਹਦੀ-ਕਲਾ, ਸਿਦਕ ਅਤੇ ਦ੍ਰਿੜ ਇਰਾਦੇ ਵੇਖ ਕੇ ਵਜ਼ੀਦ-ਖ਼ਾਨ ਅੱਗ-ਬਬੂਲਾ ਹੋ ਗਿਆ। ਲੋਹਾ-ਲਾਖਾ ਹੋ ਕੇ ਸਾਹਿਬਜ਼ਾਦਿਆਂ ਨੂੰ ਲਲਕਾਰਦਿਆਂ ਬੋਲਿਆ ਕਿ ਤੁਹਾਡਾ ਪਿਤਾ ਅਤੇ ਦੋਵੇਂ ਵੱਡੇ ਭਰਾ ਕਤਲ ਕੀਤੇ ਜਾ ਚੁੱਕੇ ਹਨ ਅਤੇ ਤੁਸੀਂ ਬਿਲਕੁਲ ਇਕੱਲੇ ਹੋ। ਹੁਣ ਤੁਹਾਡਾ ਕੋਈ ਵੀ ਆਸਰਾ ਨਹੀਂ ਹੈ ਅਤੇ ਜੇਕਰ ਤੁਸੀਂ ਆਪਣੀ ਸਲਾਮਤੀ ਚਾਹੁੰਦੇ ਹੋ ਤਾਂ ਬਿਨਾਂ ਦੇਰੀ ਕੀਤਿਆਂ ਮੁਸਲਮਾਨ ਬਣ ਜਾਵੋ। ਜੇਕਰ ਨਹੀਂ ਤਾਂ ਤੁਹਾਨੂੰ ਵੀ ਕਤਲ ਕਰ ਦਿੱਤਾ ਜਾਵੇਗਾ। ਤੁਸੀਂ ਬੁਰੀ ਤਰ੍ਹਾਂ ਕੋਹੇ ਜਾਉਗੇ ਪਰ ਤੁਹਾਨੂੰ ਹੁਣ ਕੋਈ ਬਚਾ ਨਹੀਂ ਸਕੇਗਾ। ਅੱਗੋਂ ਸਾਹਿਬਜ਼ਾਦਿਆਂ ਨੇ ਬੜੀ ਦਲੇਰੀ ਨਾਲ ਨਿਡਰ ਹੋਕੇ ਜਵਾਬ ਦਿੱਤਾ ਕਿ ਅਸੀਂ ਸ਼ਹੀਦਾਂ ਦੇ ਸਿਰਤਾਜ਼ ਗੁਰੂ ਅਰਜਨ ਦੇਵ ਜੀ ਦੀ ਸੰਤਾਨ ਹਾਂ, ਮਹਾਂ-ਤਪੱਸਵੀ ਅਤੇ ਹਿੰਦ ਦੀ ਚਾਦਰ ਗੁਰੂ ਤੇਗ਼ ਬਹਾਦਰ ਸਾਹਿਬ ਦੇ ਪੋਤੇ ਹਾਂ ਅਤੇ ਦੁਸ਼ਟ-ਦਮਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ, ਜਿਹਨਾਂ ਨੇ ਸਾਨੂੰ ਹੱਕ-ਸੱਚ ਲਈ ਮਰ-ਮਿਟ ਜਾਣਾ ਸਿਖਾਇਆ ਹੈ। ਅਸੀਂ ਦੇਸ਼-ਧਰਮ ਲਈ ਸ਼ਹੀਦ ਹੋਣਾ ਜਾਣਦੇ ਹਾਂ। ਸਾਨੂੰ ਧਰਮ ਦੀ ਖ਼ਾਤਰ ਸੁੱਖ ਤਿਆਗ ਕੇ ਦੁੱਖ ਝੱਲਣ ਦੀ ਆਦਤ ਹੈ। ਤੁਹਾਡਾ ਜਿਵੇਂ ਜੀਅ ਕਰਦਾ ਹੈ, ਕਰ ਲਵੋ ਪਰ ਅਸੀਂ ਆਪਣਾ ਧਰਮ ਛੱਡ ਕੇ ਇਕ ਪਲ ਲਈ ਵੀ ਜੀਊਣ ਲਈ ਤਿਆਰ ਨਹੀਂ ਹਾਂ।
ਸੂਬੇਦਾਰ ਵਜ਼ੀਦ ਖਾਨ ਗੁੱਸੇ ਵਿਚ ਕਹਿਰ ਵਰਤਾ ਰਿਹਾ ਸੀ। ਉਸ ਨੇ ਸਾਹਿਬਜ਼ਾਦਿਆਂ ਵਿਰੁੱਧ ਕਾਜ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦਾ ਫੈਸਲਾ ਸੁਣਾਉਣ ਲਈ ਕਿਹਾ। ਪਰ ਕਾਜ਼ੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਇਸਲਾਮ ਕਦੇ ਵੀ ਮਾਸੂਮ ਬੱਚਿਆਂ ਨੂੰ ਉਨ੍ਹਾਂ ਦੇ ਬਾਪ ਦੇ ਕੀਤੇ ਅਪਰਾਧ ਦੀ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਦਿੰਦਾ। ਪਰ ਕੋਲ ਬੈਠੇ ਪੇਸ਼ਕਾਰ ਸੁੱਚਾ ਨੰਦ ਬ੍ਰਾਹਮਣ ਨੇ ਦਲੀਲ ਦਿੰਦਿਆਂ ਕਿਹਾ ਕਿ ਇਹ ਦੋਵੇਂ ਸੱਪ ਦੇ ਬੱਚੇ ਹਨ, ਜੋ ਰਹਿਮ ਕਰਨ ਦੇ ਲਾਇਕ ਨਹੀਂ ਹਨ।
ਇਨ੍ਹਾਂ ਦਾ ਹਰ ਹਾਲਤ ਵਿਚ ਕਤਲ ਹੋਣਾ ਚਾਹੀਦਾ ਹੈ ਕਿਉਂਕਿ ਇਹ ਬਾਗ਼ੀ ਹਨ। ਭਾਂਵੇ ਨਵਾਬ ਮਲੇਰ ਕੋਟਲਾ ਨੇ ਹਾਅ ਦਾ ਨਾਅਰਾ ਮਾਰਦਿਆਂ ਕਿਹਾ ਸੀ ਕਿ ਨਿਰਦੋਸ਼ ਬੱਚਿਆਂ ਦੇ ਕਾਤਿਲ ਬਣ ਕੇ ਵੈਰ ਨਹੀਂ ਕਮਾਉਣਾ ਚਾਹੀਦਾ। ਪਰ ਉਸ ਦੀ ਵੀ ਕਿਸੇ ਨਾ ਸੁਣੀ ਅਤੇ ਕਾਜ਼ੀ ਨੇ ਆਪਣੇ ਆਕਾ ਦੀ ਰਮਜ਼ ਪਹਿਚਾਣ ਕੇ ਆਖ਼ਰ ਮਾਸੂਮ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਕੰਧਾਂ ਵਿਚ ਚਿਣ ਕੇ ਸ਼ਹੀਦ ਕਰਨ ਦਾ ਮੰਦਭਾਗੀ ਫੈਸਲਾ ਸੁਣਾ ਦਿੱਤਾ।
ਅੰਤ ਉਹ ਮਨਹੂਸ ਘੜੀ ਆਣ ਪਹੁੰਚੀ ਜਦੋਂ ਦੋ ਬੜੀਆਂ ਕੀਮਤੀ ਜਿੰਦਾਂ ਨੂੰ ਦੀਵਾਰ ਵਿਚ ਚਿਣਵਾਇਆ ਜਾਣ ਲੱਗਾ ਪਰ ਸਾਹਿਬਜ਼ਦੇ ਹਮੇਸ਼ਾਂ ਦੀ ਤਰ੍ਹਾਂ ਬਿਲਕੁੱਲ ਦ੍ਰਿੜ ਅਤੇ ਅਡੋਲ ਖੜ੍ਹੇ ਸਨ। ਜਲਾਦਾਂ ਨੇ ਉਮਰ ਦੇ ਲਿਹਾਜ਼ ਨਾਲ ਵਾਰੋ-ਵਾਰੀ ਦੋਵਾਂ ਸਾਹਿਬਜ਼ਾਦਿਆਂ ਦੇ ਸੀਸ ਧੜ ਨਾਲੋਂ ਵੱਖ ਕਰ ਦਿੱਤੇ ਅਤੇ ਨਾਲ ਹੀ ਮੁਗਲ ਹਕੂਮਤ ਦੀ ਮੌਤ ਦੇ ਵਾਰੰਟਾਂ ઑਤੇ ਵੀ ਦਸਤਖ਼ਤ ਕਰ ਦਿੱਤੇ।
ਛੋਟੇ ਸਾਹਿਬਜ਼ਾਦਿਆਂ ਦੀ ਇਸ ਕੁਰਬਾਨੀ ਨੇ ਇਤਿਹਾਸ ਨੂੰ ਇਕ ਨਵਾਂ ਮੋੜ ਦਿੱਤਾ। ਇਹ ਕੁਰਬਾਨੀ ਇਕ ਐਸੀ ਲਾਸਾਨੀ ਕੁਰਬਾਨੀ ਸੀ, ਜਿਸ ਨਾਲ ਹਰ ਮਨੁੱਖੀ ਹਿਰਦਾ ਵਲੂੰਧਰਿਆ ਗਿਆ। ਸ਼ਹਾਦਤ ਦੀ ਇਸ ਵਿਲੱਖਣ ਘਟਨਾ ਨੇ ਇਹ ਪ੍ਰਤੱਖ ਸਿੱਧ ਕਰ ਦਿਖਲਾਇਆ ਕਿ ਮੁਗ਼ਲ ਹਕੂਮਤ ਨੂੰ ਇਹ ਸੌਦਾ ਕਿੰਨਾਂ ਮਹਿੰਗਾ ਪਿਆ ਹੈ। ਉੱਧਰ ਠੰਡੇ-ਬੁਰਜ ਵਿਚ ਮਾਤਾ ਗੁਜਰੀ ਜੀ ਵੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿਕੇ ਅਕਾਲਪੁਰਖ਼ ਦੇ ਚਰਨਾਂ ਵਿਚ ਜਾ ਬਿਰਾਜੇ।
ਇਸ ਦਰਦਨਾਕ ਘਟਨਾ ਦੇ ਤਿੱਖੇ ਪ੍ਰਤੀਕਰਮ ਵਜੋਂ ਸਿੰਘਾਂ ਦੇ ਸੰਘਰਸ਼ ਨੇ ਇਕ ਕ੍ਰਾਂਤੀਕਾਰੀ ਲਹਿਰ ਅਤੇ ਮੁਗ਼ਲ ਹਕੂਮਤ ਦੇ ਕਹਿਰ ਵਿਰੁੱਧ ਉੱਠੇ ઑਇਨਕਲਾਬ਼ ਦਾ ਭਿਆਨਕ ਰੂਪ ਧਾਰ ਲਿਆ। ਸਿੱਖ-ਜਗਤ ਦੇ ਕਾਲਜੇ ਸੱਲ੍ਹੇ ਗਏ। ਸਾਰਾ ਸੰਸਾਰ ਹੁਬਕੀਂ-ਹੁਬਕੀਂ ਰੋਇਆ, ਹਰ ਅੱਖ ਸਿੱਲ੍ਹੀ ਹੋਈ। ਸਿੱਖ-ਜਗਤ ਦੇ ਮਨਾਂ ਅੰਦਰ ਜ਼ਾਲਮ ਹਕੂਮਤ ਵਿਰੁੱਧ ਗੁੱਸੇ ਅਤੇ ਨਫਰਤ ਦੀ ਅੱਗ ਖ਼ਤਰਨਾਕ ਲਾਵਾ ਬਣ ਕੇ ਭੜਕ ਉੱਠੀ, ਜਿਸ ਵਿਚੋਂ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਜੁਝਾਰੂ ਜਰਨੈਲ ਪੈਦਾ ਹੋਏ। ਸਰਹਿੰਦ ਅਤੇ ਚਮਕੌਰ ਸਾਹਿਬ ਦੇ ਖ਼ੂੰਨੀ-ਸਾਕਿਆਂ ਦੇ ਜ਼ਹੀਨ ਸ਼ਾਇਰ ઑਅੱਲਾ ਯਾਰ ਖ਼ਾਂ ਜੋਗ਼ੀ ਨੇ ઑਬੰਦਾ ਸਿੰਘ ਬਹਾਦਰ਼ ਦੀ ਮੁਗ਼ਲਾਂ ਵਿਰੁੱਧ ਸਰਹਿੰਦ ਦੀ ਮਹੱਤਵ-ਪੂਰਨ ઑਫਤਹਿ਼ ਨੂੰ ਇਸ ਦੁਖਦਾਈ ਘਟਨਾ ਦੇ ਪ੍ਰਤੀਕਰਮ ਵਜੋਂ ਦਰਸਾਇਆ ਹੈ:
ਜੋਗੀ ਜੀ! ਇਸ ਕੇ ਬਾਅਦ ਹੂਈ ਥੋੜੀ ਦੇਰ ਥੀ,
ਬਸਤੀ ਸਰਹਿੰਦ ਸ਼ਹਿਰ ਕੀ ਈਟੋਂ ਕਾ ਢੇਰ ਥੀ।
ਅਤੇ ਇਸੇ ਹੀ ਸਿਦਕੀ-ਸ਼ਾਇਰ ਨੇ ઑਸਰਹਿੰਦ ਦੀ ਖ਼ੂੰਨੀ ਦੀਵਾਰ਼ ਨੂੰ ઑਸਿੱਖ ਸਲਤਨਤ਼ ਦਾ ਨੀਂਹ-ਪੱਥਰ ਕਰਾਰ ਦਿੰਦਿਆਂ ਲਿਖਿਆ ਹੈ:
ਗੁਰਿਆਈ ਕਾ ਹੈ ਕਿੱਸਾ ਜਹਾਂ ਮੇਂ ਬਣਾ ਚਲੇ,
ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ।
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਸਰਹਿੰਦ ਦੀਆਂ ਕੰਧਾਂ ਨੂੰ ઑਸਿੱਖ-ਰਾਜ਼ ਦਾ ਨੀਂਹ-ਪੱਥਰ ਸਿੱਧ ਕਰ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਨਿਰਦੋਸ਼ ਸਾਹਿਬਜ਼ਾਦਿਆਂ ਦੀ ਕੁਰਬਾਨੀ ਦਾ ਬਦਲਾ ਲੈਣ ਲਈ ਜਦੋਂ ਪੰਜਾਬ ઑਤੇ ਹਮਲਾ ਕੀਤਾ ਤਾਂ ਸਰਹਿੰਦ ਸ਼ਹਿਰ ਨੂੰ ਪੂਰੀ ਤਰ੍ਹਾਂ ਤਹਿਸ-ਨਹਿਸ ਕਰ ਦਿੱਤਾ ਸੀ। ਵਜ਼ੀਦ-ਖ਼ਾਨ ਤੋਂ ਗਿਣ-ਗਿਣ ਕੇ ਬਦਲੇ ਲਏ ਗਏ ਅਤੇ ਉਸ ਨੂੰ ਆਪਣੇ ਕੀਤੇ ਦੀ ਸਜ਼ਾ ਭੁਗਤਨੀ ਪਈ।
E-mail: [email protected]
Check Also
68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼
ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …